ਉਦਘਾਟਨ ਨੂੰ ਉਡੀਕਦਾ ਕਮਿਊਨਿਟੀ ਸੈਂਟਰ ਬਣਿਆ ਖੰਡਰ
ਉਦਘਾਟਨ ਨੂੰ ਉਡੀਕਦਾ ਕਮਿਊਨਿਟੀ ਸੈਂਟਰ ਬਣਿਆ ਖੰਡਰ
Publish Date: Tue, 16 Jun 2026 04:31 PM (IST)
Updated Date: Tue, 16 Jun 2026 04:33 PM (IST)

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਕਸਬਾ ਬਹਾਦਰਗੜ੍ਹ ਵਿਖੇ ਅਨਾਜ ਮੰਡੀ ਨੇੜੇ ਸ਼ਮਸਪੁਰ ਰੋਡ ’ਤੇ ਬਣਾਇਆ ਕਮਿਊਨਿਟੀ ਸੈਂਟਰ ਪਿਛਲੇ ਲੰਬੇ ਅਰਸੇ ਤੋਂ ਉਦਘਾਟਨ ਨੂੰ ਉਡੀਕਦਿਆਂ ਖੰਡਰ ਬਣ ਗਿਆ ਹੈ। ਇਸ ਦੌਰਾਨ ਅਕਾਲੀ, ਕਾਂਗਰਸ ਅਤੇ ਹੁਣ ‘ਆਪ’ ਸਮੇਤ ਤਿੰਨ ਸਰਕਾਰਾਂ ਆਈਆਂ ਪਰ ਕਮਿਊਨਿਟੀ ਸੈਂਟਰ ਦੇ ਭਾਗ ਨਾ ਖੁੱਲ ਸਕੇ। ਹੁਣ ਇਹ ਕਮਿਊਨਿਟੀ ਸੈਂਟਰ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ ਅਤੇ ਨਸ਼ੇੜੀਆਂ ਦਾ ਹੀ ਇਥੇ ਰੈਣ ਬਸੇਰਾ ਹੈ। ਇਲਾਕਾ ਵਾਸੀ ਅਮਨਿੰਦਰਪਾਲ ਸਿੰਘ ਜਲਾਲਪੁਰ, ਰਾਜਵਿੰਦਰ ਸਿੰਘ ਖਹਿਰਾ, ਤਰਸੇਮ ਸਿੰਘ ਜਲਾਲਪੁਰ ਤੇ ਜਸਵੰਤ ਗੋਰਾ ਨੇ ‘ਪੰਜਾਬੀ ਜਾਗਰਣ’ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਪਿਛਲੇ ਸਮੇਂ ’ਚ ਇਥੇ ਇਹ ਕਮਿਊਨਿਟੀ ਸੈਂਟਰ ਬਣਾਇਆ ਗਿਆ ਸੀ ਤਾਂ ਕਿ ਆਮ ਲੋਕਾਂ ਨੂੰ ਆਪਣੇ ਖੁਸ਼ੀ ਗਮੀ ਦੇ ਸਮਾਗਮ ਕਰਨ ਲਈ ਮਹਿੰਗੇ ਪੈਲੇਸਾਂ ’ਚ ਨਾ ਜਾਣਾ ਪਵੇ। ਲੱਗਭਗ ਅੱਧਾ ਪੌਣਾ ਕਿੱਲੇ ’ਚ ਉਸਾਰੀ ਗਈ ਇਸ ਕਮਿਊਨਿਟੀ ਸੈਂਟਰ ਦੀ ਇਮਾਰਤ ’ਤੇ ਲੱਖਾਂ ਰੁਪਏ ਖਰਚ ਆਇਆ ਹੋਵੇਗਾ। ਪਰ ਅਫਸੌਸ ਕਿ ਜਦੋਂ ਦਾ ਇਹ ਕਮਿਊਨਿਟੀ ਸੈਂਟਰ ਬਣਿਆ ਹੈ, ਬੰਦ ਪਿਆ ਹੈ। ਕਮਿਊਨਿਟੀ ਸੈਂਟਰ ’ਚ ਉਗਿਆ ਗੋਡੇ ਗੋਡੇ ਘਾਹ ਫੂਸ, ਝਾੜੀਆਂ ਅਤੇ ਗੰਦਾ ਆਲਾ ਦੁਆਲਾ ਇਸ ਦੇ ਵੱਸਣ ਤੋਂ ਪਹਿਲਾਂ ਹੀ ਉਜੜੇ ਹੋਣ ਦੀ ਗਵਾਹੀ ਭਰਦੇ ਹਨ। ਕਮਿਉੂਨਟੀ ਸੈਂਟਰ ਦੇ ਬਾਸ਼ਰੂਮ ਦੀਆਂ ਟੁਟੀਆਂ ਨਸ਼ੇੜੀ ਚੋਰੀ ਕਰਕੇ ਲੈ ਗਏ ਹਨ, ਟਾਇਲਟ ਸ਼ੀਟ ਅਤੇ ਵਾਸ਼ ਵੇਸਨ ਚਕਨਾਚੂਰ ਹੋਏ ਪਏ ਹਨ ਅਤੇ ਅੰਦਰ ਗੰਦਗੀ ਦਾ ਆਲਮ ਹੈ। ਕਮਿਊਨਿਟੀ ਸੈਂਟਰ ਦੇ ਅੰਦਰ ਭੰਗ ਦੇ ਬੂਟੇ, ਸਰਿੰਜਾਂ ਅਤੇ ਪੰਨਾ ਪੇਪਰ ਦੇਖੇ ਗਏ ਜਿਨਾਂ ਤੋਂ ਪਤਾ ਚਲਦਾ ਹੈ ਕਿ ਹੁਣ ਇਹ ਕਮਿਊਨਿਟੀ ਸੈਂਟਰ ਨਸ਼ੇੜੀਆਂ ਦਾ ਅੱਡਾ ਬਣ ਗਿਆ ਹੈ। ਇਲਾਕਾ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਕਮਿਊਨਿਟੀ ਸੈਂਟਰ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਸਮੇਂ ਜਦੋਂ 2017 ’ਚ ਸਰਕਾਰ ਆਪਣੇ ਆਖਰੀ ਪੜਾਅ ’ਚ ਸੀ ਤਾਂ ਸਾਰੇ ਹਲਕਿਆਂ ਨੂੰ ਵਿਕਾਸ ਕਾਰਜਾਂ ਲਈ ਵੱਡੀਆਂ ਗਰਾਂਟਾਂ ਜਾਰੀ ਕੀਤੀ ਗਈਆਂ ਸਨ, ਉਸ ਸਮੇਂ ਹੀ ਇਸ ਕਮਿਊਨਿਟੀ ਸੈਂਟਰ ਦੀ ਤਜਵੀਜ ਪਾਸ ਕੀਤੀ ਗਈ ਸੀ। ਪਰ ਉਸ ਤੋਂ ਬਾਅਦ ਪੰਜਾਬ ’ਚ 5 ਸਾਲ ਕਾਂਗਰਸ ਦੀ ਸਰਕਾਰ ਰਹੀ ਤੇ ਹੁਣ ‘ਆਪ’ ਦੀ ਸਰਕਾਰ ਵੀ ਆਪਣੇ ਮੌਜੂਦਾ ਕਾਰਜਕਾਲ ਦੇ ਆਖਰੀ ਪੜਾਅ ’ਚ ਹੈ ਪਰ ਕਿਸੇ ਵੀ ਸਰਕਾਰ ਦੀ ਇਸ ਕਮਿਊਨਿਟੀ ਸੈਂਟਰ ’ਤੇ ਨਜ਼ਰ ਸਵੱਲੀ ਨਹੀਂ ਹੋ ਸਕੀ ਅਤੇ ਇਹ ਬੰਦ ਪਿਆ ਉਦਘਾਟਨ ਨੂੰ ਉਡੀਕਦਾ ਖੰਡਰ ਬਣ ਗਿਆ ਹੈ। ਇਹ ਕਮਿਊਨਿਟੀ ਸੈਂਟਰ ਲੋਕਾਂ ਦੇ ਤਾਂ ਕੰਮ ਨਹੀਂ ਆ ਸਕਿਆ ਹੈ ਪਰ ਨਸ਼ੇੜੀਆਂ ਦੇ ਕੰਮ ਜ਼ਰੂਰ ਆ ਗਿਆ ਹੈ। ਹੁਣ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਇਸ ਦੀ ਲੋੜ ਨਹੀਂ ਸੀ ਤਾਂ ਇਸ ’ਤੇ ਪੈਸਾ ਬਰਬਾਦ ਕਿਉਂ ਕੀਤਾ ਗਿਆ ਅਤੇ ਜੇਕਰ ਲੋੜ ਸੀ ਤਾਂ ਇਸ ਨੂੰ ਵਰਤੋਂ ’ਚ ਕਿਉਂ ਨਹੀਂ ਲਿਆਂਦਾ ਗਿਆ। ਇਸ ਤਰ੍ਹਾਂ ਸਾਡੇ ਸਿਸਟਮ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜੇ ਹੁੰਦੇ ਹਨ।