- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ’ਚ ਹੁਣ ਤੱਕ ਪਰਾਲੀ ਸਾੜਨ ਦੇ 59 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 35 ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ। ਇਸ ਦੇ ਬਾਵਜੂਦ ਅੰਮ੍ਰਿਤਸਰ ’ਚ ਪ੍ਰਸ਼ਾਸਨਿਕ ਕਾਰਵਾਈ ਮੁਕਾਬਲਤਨ ਸੁਸਤ ਨਜ਼ਰ ਆ ਰਹੀ ਹੈ। ਉਪਲਬਧ ਅੰਕੜਿਆਂ ਅਨੁਸਾਰ, ਅੰਮ੍ਰਿਤਸਰ ’ਚ ਹੁਣ ਤੱਕ ਸਿਰਫ਼ 10 ਹਜ਼ਾਰ ਰੁਪਏ ਦਾ ਜੁਰਮਾਨਾ ਹੀ ਲਗਾਇਆ ਗਿਆ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ’ਚ ਝੋਨੇ ਦੀ ਵਾਢੀ ਦੇ ਨਾਲ ਹੀ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸੂਬੇ ’ਚ ਹੁਣ ਤੱਕ ਪਰਾਲੀ ਸਾੜਨ ਦੇ 59 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 35 ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ। ਇਸ ਦੇ ਬਾਵਜੂਦ ਅੰਮ੍ਰਿਤਸਰ ’ਚ ਪ੍ਰਸ਼ਾਸਨਿਕ ਕਾਰਵਾਈ ਮੁਕਾਬਲਤਨ ਸੁਸਤ ਨਜ਼ਰ ਆ ਰਹੀ ਹੈ। ਉਪਲਬਧ ਅੰਕੜਿਆਂ ਅਨੁਸਾਰ, ਅੰਮ੍ਰਿਤਸਰ ’ਚ ਹੁਣ ਤੱਕ ਸਿਰਫ਼ 10 ਹਜ਼ਾਰ ਰੁਪਏ ਦਾ ਜੁਰਮਾਨਾ ਹੀ ਲਗਾਇਆ ਗਿਆ ਹੈ। ਦੂਜੇ ਪਾਸੇ, ਘੱਟ ਮਾਮਲੇ ਸਾਹਮਣੇ ਆਉਣ ਵਾਲੇ ਕੁਝ ਜ਼ਿਲ੍ਹਿਆਂ ’ਚ ਪ੍ਰਸ਼ਾਸਨ ਨੇ ਵੱਧ ਜੁਰਮਾਨਾ ਵਸੂਲਿਆ ਹੈ। ਇਸ ਤਹਿਤ ਫ਼ਿਰੋਜ਼ਪੁਰ ’ਚ ਪੰਜ ਤੇ ਤਰਨਤਾਰਨ ’ਚ ਨੌਂ ਮਾਮਲੇ ਸਾਹਮਣੇ ਆਏ ਹਨ, ਪਰ ਇਨ੍ਹਾਂ ਦੋਵਾਂ ਜ਼ਿਲ੍ਹਿਆਂ ’ਚ ਕੁੱਲ 20 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਅਜਿਹੇ ’ਚ ਅੰਮ੍ਰਿਤਸਰ ਵਿਚ ਸਭ ਤੋਂ ਵੱਧ ਮਾਮਲੇ ਹੋਣ ਦੇ ਬਾਵਜੂਦ ਕਾਰਵਾਈ ਤੇ ਜੁਰਮਾਨੇ ਦੀ ਰਕਮ ਘੱਟ ਰਹਿਣ ਕਾਰਨ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਸੂਬੇ ’ਚ ਸਾਹਮਣੇ ਆਏ 59 ਮਾਮਲਿਆਂ ਵਿਚ ਅੰਮ੍ਰਿਤਸਰ ਦੇ 35, ਫ਼ਰੀਦਕੋਟ ਦਾ ਇਕ, ਫ਼ਾਜ਼ਿਲਕਾ ਦਾ ਇਕ, ਫ਼ਿਰੋਜ਼ਪੁਰ ਦੇ ਪੰਜ, ਗੁਰਦਾਸਪੁਰ ਦੇ ਤਿੰਨ, ਹੁਸ਼ਿਆਰਪੁਰ ਦਾ ਇੱਕ, ਮੋਗਾ ਦੇ ਦੋ, ਨਵਾਂਸ਼ਹਿਰ ਦਾ ਇਕ, ਪਟਿਆਲਾ ਦਾ ਇਕ ਤੇ ਤਰਨਤਾਰਨ ਦੇ ਨੌਂ ਮਾਮਲੇ ਸ਼ਾਮਲ ਹਨ। ਪਰਾਲੀ ਸਾੜਨ ਦੇ ਮਾਮਲਿਆਂ ’ਚ ਹੁਣ ਤੱਕ ਪ੍ਰਸ਼ਾਸਨ ਵੱਲੋਂ ਕੁੱਲ 60 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ’ਚੋਂ 30 ਹਜ਼ਾਰ ਰੁਪਏ ਦੀ ਵਸੂਲੀ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਕਾਰਵਾਈ ਤਹਿਤ ਇਕ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ, ਜਦਕਿ ਨੌਂ ਰੈੱਡ ਐਂਟਰੀਆਂ ਵੀ ਦਰਜ ਕੀਤੀਆਂ ਗਈਆਂ ਹਨ।