ਧਾਰਮਿਕ ਸਥਾਨਾਂ ’ਤੇ ਸਤਲੁਜ ਫਿਲਮ ਦਿਖਾਉਣ ਦੀ ਮੁਹਿੰਮ ਵਿੱਢੀ ਧਾਰਮਿਕ ਸਥਾਨਾਂ ਤੇ 'ਸਤਲੁਜ' ਫਿਲਮ ਦਿਖਾਉਣ ਦੀ ਮੁਹਿੰਮ ਵਿੱਢੀ
Publish Date: Thu, 09 Jul 2026 05:39 PM (IST)
Updated Date: Fri, 10 Jul 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਲੇਰਕੋਟਲਾ : ਕੇਂਦਰ ਸਰਕਾਰ ਵੱਲੋਂ ਸਤਲੁਜ ਫਿਲਮ ਨੂੰ ਓਟੀਟੀ ਪਲੇਟਫਾਰਮ ਤੋਂ ਹਟਾਏ ਜਾਣ ਦੇ ਵਿਰੋਧ ਵਿੱਚ ਜਿੱਥੇ ਸਿੱਖ ਸੰਗਤਾਂ ਅਤੇ ਨੌਜਵਾਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਇਲਾਕੇ ਦੀ ਸਰਗਰਮ ਸੰਸਥਾ ਨਸ਼ਾ ਰੋਕੂ ਕਮੇਟੀ ਸ਼ੇਰਪੁਰ-ਖੇੜੀ ਕਲਾਂ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਫਿਲਮ ਦਿਖਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਮੇਟੀ ਦੇ ਮੈਂਬਰ ਰਾਤ ਸਮੇਂ ਵੱਖ-ਵੱਖ ਪਿੰਡਾਂ ਦੇ ਧਾਰਮਿਕ ਸਥਾਨਾਂ ਵਿੱਚ ਇਕੱਠ ਕਰਕੇ ਪਿੰਡ ਵਾਸੀਆਂ ਨੂੰ ਫਿਲਮ ਵਿਖਾ ਰਹੇ ਹਨ। ਇਸ ਫਿਲਮ ਨੂੰ ਲੈ ਕੇ ਖਾਸ ਕਰ ਨੌਜਵਾਨ ਪੀੜੀ ਵਿੱਚ ਭਾਰੀ ਜੋਸ਼ ਪਾਇਆ ਜਾ ਰਿਹਾ। ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਸਤਲੁਜ ਨੂੰ ਡਿਜ਼ੀਟਲ ਪਲੇਟਫਾਰਮ ਤੋਂ ਹਟਾਉਣਾ ਅਣਐਲਾਨੀ ਸੈਂਸਰਸ਼ਿਪ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੇ ਸਿੱਧਾ ਹਮਲਾ ਹੈ। ਉਨ੍ਹਾਂ ਦੱਸਿਆ ਕਿ ਇਹ ਫਿਲਮ ਪਹਿਲਾਂ ਪੰਜਾਬ 95 ਦੇ ਨਾਮ ਹੇਠ ਤਿਆਰ ਕੀਤੀ ਗਈ ਸੀ, ਜੋ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਨਾਮ ਬਦਲ ਕੇ ਸਤਲੁਜ ਰੱਖਣ ਅਤੇ ਓਟੀਟੀ ਪਲੇਟਫਾਰਮ ਤੇ ਜਾਰੀ ਹੋਣ ਤੋਂ ਕੁਝ ਹੀ ਸਮੇਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ, ਜਿਸ ਕਾਰਨ ਲੋਕਾਂ ਵਿੱਚ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਤਾਕਤਾਂ ਸਿੱਖ ਕੌਮ ਨਾਲ ਜੁੜੇ ਇਤਿਹਾਸਕ ਘਟਨਾਕ੍ਰਮ ਅਤੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਮਾਮਲਿਆਂ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਤਿਹਾਸ ਦੇ ਵੱਖ-ਵੱਖ ਪੱਖਾਂ ਨਾਲ ਜਾਣੂ ਕਰਵਾਉਣ ਲਈ ਕਮੇਟੀ ਵੱਲੋਂ ਇਹ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਰਹੇਗੀ। ਬਿੰਦਾ ਨੇ ਦੱਸਿਆ ਕਿ ਫਿਲਮ ਦਿਖਾਉਣ ਦੇ ਨਾਲ-ਨਾਲ ਉਹ ਲੋਕਾਂ ਨੂੰ ਨਸ਼ਿਆਂ ਸਬੰਧੀ ਵੀ ਜਾਗਰੂਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸ਼ੇਰਪੁਰ, ਦੀਦਾਰਗੜ੍ਹ, ਖੇੜੀ ਕਲਾਂ ਆਦਿ ਪਿੰਡਾਂ ਦੇ ਧਾਰਮਿਕ ਸਥਾਨਾਂ ਵਿੱਚ ਰਾਤ ਸਮੇਂ ਲੋਕਾਂ ਲਈ ਫਿਲਮ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। ਕਮੇਟੀ ਨੇ ਦੱਸਿਆ ਕਿ ਉਹਨਾਂ ਕੋਲ ਫਿਲਮ ਦਿਖਾਉਣ ਲਈ ਸ਼ੇਰਪੁਰ ਇਲਾਕੇ ਅੰਦਰ ਇੱਕ ਮਹੀਨੇ ਦੀ ਬੁਕਿੰਗ ਹੋ ਚੁੱਕੀ ਹੈ। ਨੌਜਵਾਨ ਪੀੜੀ ਵਿੱਚ ਇਸ ਫਿਲਮ ਨੂੰ ਦੇਖਣ ਦੇ ਉਤਸ਼ਾਹ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਹੋਰ ਪਿੰਡਾਂ ਤੱਕ ਵੀ ਇਸ ਮੁਹਿੰਮ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ ਹੈ।