- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਆਈਆਰ ਡਿਊਟੀ ਦੌਰਾਨ ਬੀਐਲਓ ਦੀ ਕੁੱਟਮਾਰ, ਅਧਿਆਪਕ ਭੜਕੇ

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਸਪੈਸ਼ਲ ਇਨਟੈਨਸਿਵ ਰਿਵਿਜਨ (ਐੱਸਆਈਆਰ) ਡਿਊਟੀ ਨਿਭਾਅ ਰਹੇ ਸਰਕਾਰੀ ਅਧਿਆਪਕ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਅਨੰਦ ਨਗਰ ਇਲਾਕੇ ’ਚ ਬੀਐੱਲਓ ਡਿਊਟੀ ਕਰ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਨਵਾ ਰੱਖੜਾ ਦੇ ਅਧਿਆਪਕ ਹਰਪ੍ਰੀਤ ਸਿੰਘ ਨੂੰ ਇਸੇ ਇਲਾਕੇ ਦੇ ਰਹਿਣ ਵਾਲੇ ਰਵੀ ਕੁਮਾਰ ਨਾਮਕ ਵਿਅਕਤੀ ਵੱਲੋਂ ਐਸਆਈਆਰ ਦਾ ਕੰਮ ਪੂਰਾ ਕਰਨ ਉਪਰੰਤ ਉਨ੍ਹਾਂ ਦੇ ਘਰ ਅੱਗੇ ਸਲਿਪ ਲਗਾਉਣ ਨੂੰ ਲੈ ਕੇ ਕਥਿਤ ਨੁਕਸ਼ਾਨ ਪਹੁੰਚਾਉਣ ਦੀ ਕੋਸ਼ਿਸ ਕੀਤੀ। ਇਸ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਅਧਿਆਪਕ ਵਰਗ ਵੱਲੋਂ ਮੰਗਲਵਾਰ ਨੂੰ ਤੁਰੰਤ ਕਾਰਵਾਈ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਮੁਜ਼ਾਹਰਾ ਕਰਕੇ ਐਲਾਨ ਕੀਤਾ ਹੈ ਕਿ ਜੇਕਰ ਮੁਲਜ਼ਮ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਵੱਡਾ ਸੰਘਰਸ ਵਿੱਢਿਆ ਜਾਵੇਗਾ। ਤ੍ਰਿਪੜੀ ਥਾਣਾ ਪੁਲਿਸ ਨੇ ਬੀਐੱਲਓ ਦੀ ਸ਼ਿਕਾਇਤ 'ਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਡਿਊਟੀ ਅਨੰਦ ਨਗਰ ਏਰੀਏ ’ਚ ਬਤੌਰ ਬੀਐਲਓ ਲੱਗੀ ਹੋਈ ਹੈ ਤੇ ਉਹ ਜਦੋਂ ਘਰ ਘਰ ਐਸਆਈਆਰ ਸਬੰਧੀ ਕੰਮ ਕਰ ਰਿਹਾ ਸੀ ਤਾਂ ਉਨ੍ਹਾਂ ਇਕ ਘਰ ਦੇ ਵਸੀੰਦਿਆਂ ਨੂੰ ਐਸਆਈਆਰ ਕਰਵਾਉਣ ਲਈ ਕਿਹਾ ਤਾਂ ਉਨ੍ਹਾਂ ਨਾਹ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਹ ਦੁਬਾਰਾ ਵੀ ਉਨ੍ਹਾਂ ਦੇ ਘਰ ਸਰਵੇ ਕਰਨ ਗਏ ਪਰ ਦੁਬਾਰਾ ਫਿਰ ਨਾਹ ਕਰਨ ’ਤੇ ਸਰਕਾਰੀ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਘਰ ਦੇ ਬਾਹਰ ਨੋਟਿਸ ਲਗਾ ਕੇ ਸਰਵੇ ਕਰਨ ਲਈ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਦੋਂ 5 ਜੁਲਾਈ ਨੂੰ ਉਹ ਬੀਐਲਓ ਵਜੋਂ ਬੂਥ ਨੰਬਰ 113, ਸੰਤ ਇੰਦਰ ਦਾਸ ਪਬਲਿਕ ਸਕੂਲ, ਗਲੀ ਨੰਬਰ 21, ਆਨੰਦ ਨਗਰ-ਬੀ, ਪਟਿਆਲਾ ਵਿਖੇ ਡਿਊਟੀ ਨਿਭਾ ਰਿਹਾ ਸੀ ਤਾਂ ਰਵੀ ਸ਼ਰਮਾਂ ਨਾਮ ਦੇ ਵਿਅਕਤੀ ਦਾ ਫੋਨ ਆਇਆ ਅਤੇ ਉਹ ਐੱਸਆਈਆਰ ਦੇ ਕੰਮ ਸਬੰਧੀ ਮੌਕੇ 'ਤੇ ਪਹੁੰਚਿਆ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਲੋੜੀਂਦੇ ਕਾਗਜ਼ਾਤ ਮੁਹੱਈਆ ਕਰਵਾਉਣ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਗਿਆ ਤਾ ਉਕਤ ਵਿਅਕਤੀ ਨੇ ਉਸ ਨਾਲ ਗਾਲੀ-ਗਲੌਚ ਸ਼ੁਰੂ ਕਰ ਦਿੱਤੀ ਤੇ ਵਿਰੋਧ ਕਰਨ 'ਤੇ ਕਥਿਤ ਤੌਰ 'ਤੇ ਹੱਥੋਪਾਈ ਕਰਦੇ ਹੋਏ ਉਸਦੀ ਕੁੱਟਮਾਰ ਕੀਤੀ, ਜਿਸ ਨਾਲ ਉਸਦੀ ਅੱਖ ਤੇ ਮੱਥੇ ’ਤੇ ਸੱਟ ਵੱਜੀ। ਉਨ੍ਹਾਂ ਦੱਸਿਆ ਕਿ ਕੁੱਟਮਾਰ ਦੀ ਵਜ੍ਹਾ ਇਹ ਸੀ ਕਿ ਉਸਨੂੰ ਰੰਜਿਸ ਸੀ ਕਿ ਉਨ੍ਹਾਂ ਦੇ ਘਰ ਅੱਗੇ ਨੋਟਿਸ ਕਿਉਂ ਲਗਾਇਆ ਗਿਆ ਹੈ ਤੇ ਬੂਥ ’ਤੇ ਆ ਕੇ ਐਸਆਈਆਰ ਕਰਵਾਉਣ ਨੂੰ ਆਪਣੀ ਤੋਹੀਣ ਸਮਝ ਰਿਹਾ ਸੀ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਰਵੀ ਸਰਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 115(2), 221, 132 ਅਤੇ 351(3) ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧ ’ਚ ਅਧਿਆਪਕ ਜਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਏਡੀਸੀ ਸ਼ਹਿਰੀ ਨਵਰੀਤ ਕੌਰ ਸੇਖੋ ਵੱਲੋਂ ਅਧਿਆਪਕਾਂ ਦੇ ਇਕੱਠ ਵਿੱਚ ਪਹੁੰਚ ਕੇ 'ਮੰਗ ਪੱਤਰ' ਪ੍ਰਾਪਤ ਕੀਤਾ ਅਤੇ ਸਬੰਧਿਤ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਤੋਂ ਇਲਾਵਾ ਐੱਸਆਈਆਰ ਦੀਆਂ ਬੀਐਲਓ ਡਿਊਟੀਆਂ ਨਿਭਾ ਰਹੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ। ਅਧਿਆਪਕਾਂ ਨੇ ਡਰੱਗ ਅਤੇ ਸਮਾਜਿਕ ਆਰਥਿਕ ਜਨਗਣਨਾ ਦੀਆਂ ਸਵੈ ਇੱਛੁਕ ਡਿਊਟੀਆਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਲਗਾਉਣ ਖਿਲਾਫ ਵੀ ਰੋਸ ਜਤਾਇਆ ਅਤੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਫਾਰਗ ਕਰਨ ਦੀ ਮੰਗ ਕੀਤੀ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਡੀਟੀਐੱਫ ਪਟਿਆਲਾ ਦੇ ਮੀਤ ਪ੍ਰਧਾਨ ਰਾਮ ਸ਼ਰਨ ਅਲੋਹਰਾਂ, ਗੁਰਜੀਤ ਘੱਗਾ, ਰਜਿੰਦਰ ਸਮਾਣਾ, ਪਰਮਵੀਰ ਪੰਮੀ ਅਤੇ ਗੌਰਮਿੰਟ ਟੀਚਰ ਯੂਨੀਅਨ ਦੇ ਆਗੂ ਦੀਦਾਰ ਸਿੰਘ ਤੇ ਪ.ਸ.ਸ.ਫ. ਦੇ ਜਿਲ੍ਹਾ ਆਗੂ ਜਸਵਿੰਦਰ ਸੋਜਾ ਨੇ ਕਿਹਾ ਕਿ ਐਸ.ਆਈ.ਆਰ ਦੀਆਂ ਡਿਊਟੀਆਂ ਨਿਭਾਅ ਰਹੇ ਬੀਐਲਓਜ ਪਹਿਲਾਂ ਹੀ ਕੰਮ ਦੇ ਭਾਰੀ ਦਬਾਅ ਹੇਠ ਹਨ। ਇਸ ਦੌਰਾਨ ਉਹਨਾਂ ਉੱਪਰ ਇਸ ਤਰ੍ਹਾਂ ਦੇ ਹਮਲੇ ਦੀ ਘਟਨਾ ਵਾਪਰਨ ਨੂੰ ਜਥੇਬੰਦੀ ਅਤਿ ਗੰਭੀਰ ਮਾਮਲਾ ਸਮਝਦੀ ਹੈ। ਸੋ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪੀੜਤ ਅਧਿਆਪਕ ਉਪਰ ਹਮਲੇ ਦੇ ਦੋਸ਼ੀ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਮਾਮਲੇ ਦੇ ਗੰਭੀਰਤਾ ਨੂੰ ਮੁੜ ਦੁਹਰਾਉਂਦੇ ਹੋਏ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਕਤ ਮਸਲਿਆਂ ਦਾ ਸਮਾਂ ਬੱਧ ਹੱਲ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਮਜਬੂਰ ਹੋਵੇਗੀ । ਇਸ ਸਮੇ ਵੱਡੀ ਗਿਣਤੀ ਬੀ.ਐਲ.ਓ ਅਧਿਆਪਕਾਂ/ਕਰਮਚਾਰੀਆਂ ਤੋਂ ਇਲਾਵਾ ਹਮਲੇ ਦਾ ਸ਼ਿਕਾਰ ਅਧਿਆਪਕ ਹਰਪ੍ਰੀਤ ਸਿੰਘ ਅਤੇ ਉਹਨਾਂ ਦਾ ਪਰਿਵਾਰ, ਸੁਖਪਾਲ ਰੋਮੀ, ਹਰਿੰਦਰ ਪਟਿਆਲਾ, ਗੁਰਵਿੰਦਰ ਖੱਟੜਾ, ਜਗਜੀਤ ਜਟਾਣਾ, ਕ੍ਰਿਸ਼ਨ ਚੌਹਾਣਕੇ ,ਜਗਦੀਪ ਜੱਗੀ ਪ੍ਰਿਤਪਾਲ ਚਾਹਲ, ਕੁਲਦੀਪ ਪਟਿਆਲਵੀ ਅਤੇ ਜੀਟੀਯੂ ਤੋਂ ਹਰਦੀਪ ਸਿੰਘ ਆਦਿ ਅਧਿਆਪਕ ਆਗੂ ਵੀ ਹਾਜ਼ਰ ਰਹੇ।
ਡੱਬੀ---ਪਰਚਾ ਦਰਜ, ਜਲਦ ਹੋਵੇਗੀ ਗ੍ਰਿਫਤਾਰੀ : ਐੱਸਐੱਚਓ
ਇਸ ਸਬੰਧੀ ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮ ਨੇ ਸਿਕਾਇਤਕਰਤਾ ਨਾਲ ਰਾਜੀਨਾਮਾ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਪਰਚਾ ਦਰਜ ਹੋਣ ਤੋਂ ਬਾਅਦ ਮੁਲਜਮ ਫਰਾਰ ਹੈ। ਉਨ੍ਹਾਂ ਦੱਸਿਆ ਕਿ ਸਬੰਧਿਤ ਸਿਕਾਇਤ ’ਤੇ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।