- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਕੁੱਲ 2233 ਵੋਟਰਾਂ ਵਿੱਚੋਂ 1941 ਵਕੀਲਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟਿੰਗ ਨੂੰ ਲੈ ਕੇ ਵਕੀਲਾਂ ਵਿੱਚ ਸਵੇਰ ਤੋਂ ਹੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮਿੱਥੇ ਸਮੇਂ ਸਵੇਰੇ ਨੌਂ ਵਜੇ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਵਕੀਲ ਆਪੋ-ਆਪਣੇ ਉਮੀਦਵਾਰਾਂ ਦੇ ਸਮਰਥਨ ਵਿੱਚ ਬਾਰ ਕੰਪਲੈਕਸ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦੀਆਂ ਚੋਣਾਂ ਸ਼ੁੱਕਰਵਾਰ ਨੂੰ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ। ਦੇਰ ਰਾਤ ਤੱਕ ਆਏ ਨਤੀਜਿਆਂ ਅਨੁਸਾਰ ਟੀਮ ਬਿਲਿੰਗ ਦੀ ਝੰਡੀ ਰਹੀ ਹੈ। ਅਵਨੀਤ ਸਿੰਘ ਬਿਲਿੰਗ ਨੇ ਵਿਰੋਧੀ ਉਮੀਦਵਾਰ ਤੋਂ ਵੱਡੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ। ਗਗਨ ਚੱਠਾ ਨੇ ਵੀ ਮੀਤ ਪ੍ਰਧਾਨ ਦੇ ਅਹੁਦੇ ਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਕੁੱਲ 2233 ਵੋਟਰਾਂ ਵਿੱਚੋਂ 1941 ਵਕੀਲਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟਿੰਗ ਨੂੰ ਲੈ ਕੇ ਵਕੀਲਾਂ ਵਿੱਚ ਸਵੇਰ ਤੋਂ ਹੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮਿੱਥੇ ਸਮੇਂ ਸਵੇਰੇ ਨੌਂ ਵਜੇ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਵਕੀਲ ਆਪੋ-ਆਪਣੇ ਉਮੀਦਵਾਰਾਂ ਦੇ ਸਮਰਥਨ ਵਿੱਚ ਬਾਰ ਕੰਪਲੈਕਸ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ।
ਵੋਟਿੰਗ ਸਵੇਰੇ ਨੌਂ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਚੱਲੀ। ਵੋਟਾਂ ਪੈਣ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਲਗਭਗ ਇੱਕ ਘੰਟੇ ਦਾ ਵਕਫ਼ਾ ਰੱਖਿਆ ਗਿਆ, ਜਿਸ ਤੋਂ ਬਾਅਦ ਸ਼ਾਮ ਛੇ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਚੋਣ ਅਮਲ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹੀਆਂ ਅਤੇ ਗਿਣਤੀ ਵਾਲੀ ਥਾਂ ’ਤੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਨਤੀਜਿਆਂ ਨੂੰ ਲੈ ਕੇ ਉਤਸੁਕਤਾ ਬਣੀ ਰਹੀ। ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚੋਣਾਂ ਵਿੱਚ ਇਸ ਵਾਰ ਮੁਕਾਬਲਾ ਕਾਫ਼ੀ ਦਿਲਚਸਪ ਰਿਹਾ। ਪ੍ਰਧਾਨਗੀ ਦੇ ਅਹੁਦੇ ਲਈ ਅਵਨੀਤ ਬਿਲਿੰਗ ਅਤੇ ਵਿਕਰਮਜੀਤ ਭੁੱਲਰ ਆਹਮੋ-ਸਾਹਮਣੇ ਸਨ, ਜਦਕਿ ਆਜ਼ਾਦ ਉਮੀਦਵਾਰ ਅਰਵਿੰਦਪਾਲ ਨੇ ਵੀ ਪ੍ਰਧਾਨ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਤਾਲ ਠੋਕੀ।
ਬਾਰ ਰੂਮ ਦੇ ਬਾਹਰ ਦਿਖਿਆ ਚੋਣ ਮਾਹੌਲ
ਵੋਟਾਂ ਵਾਲੇ ਦਿਨ ਬਾਰ ਰੂਮ ਦੇ ਬਾਹਰ ਚੋਣ ਮਾਹੌਲ ਸਾਫ਼ ਨਜ਼ਰ ਆਇਆ। ਦੋਵਾਂ ਪ੍ਰਮੁੱਖ ਧੜਿਆਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਉੱਥੇ ਮੌਜੂਦ ਰਹੇ। ਵੋਟ ਪਾਉਣ ਪਹੁੰਚ ਰਹੇ ਵਕੀਲਾਂ ਨੂੰ ਸਮਰਥਕ ਆਪੋ-ਆਪਣੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦੇ ਦਿਖਾਈ ਦਿੱਤੇ। ਨਾਲ ਹੀ ਉਨ੍ਹਾਂ ਨੂੰ ਸਬੰਧਤ ਉਮੀਦਵਾਰ ਅਤੇ ਉਸ ਦੇ ਚੋਣ ਨਿਸ਼ਾਨ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਸੀ।ਸਵੇਰੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਰ ਕੰਪਲੈਕਸ ਵਿੱਚ ਵਕੀਲਾਂ ਦੀ ਆਵਾਜਾਈ ਤੇਜ਼ ਹੋ ਗਈ ਸੀ। ਜਿਉਂ-ਜਿਉਂ ਵੋਟਾਂ ਦਾ ਸਮਾਂ ਅੱਗੇ ਵਧਿਆ, ਚੋਣ ਸਰਗਰਮੀਆਂ ਵੀ ਤੇਜ਼ ਹੁੰਦੀਆਂ ਗਈਆਂ। ਹਾਲਾਂਕਿ ਸਮਰਥਕਾਂ ਵਿੱਚ ਉਤਸ਼ਾਹ ਨਜ਼ਰ ਆਇਆ, ਪਰ ਪੂਰੀ ਚੋਣ ਪ੍ਰਕਿਰਿਆ ਦੌਰਾਨ ਮਾਹੌਲ ਕਾਬੂ ਹੇਠ ਰਿਹਾ ਅਤੇ ਵੋਟਿੰਗ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀ। ਜਿਸਦੀ ਗਿਣਤੀ ਦੇਰ ਰਾਤ ਤੱਕ ਜਾਰੀ ਰਹੀ ਹੈ।
ਚਾਰ ਆਬਜ਼ਰਵਰਾਂ ਦੀ ਨਿਗਰਾਨੀ ਹੇਠ ਹੋਈਆਂ ਚੋਣਾਂ
ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਇੰਦਰਜੀਤ ਸਿੰਘ ਮਾਨ, ਤਰਨਬੀਰ ਸਿੰਘ ਦੁੱਲੋ, ਮਨਵੀਰ ਸਿੰਘ ਟਿਵਾਣਾ ਅਤੇ ਹਰਿੰਦਰ ਸਿੰਘ ਖਰੌੜ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਗਿਆ ਸੀ। ਆਬਜ਼ਰਵਰਾਂ ਦੀ ਦੇਖ-ਰੇਖ ਹੇਠ ਵੋਟਿੰਗ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਦਾ ਅਮਲ ਮੁਕੰਮਲ ਕਰਵਾਇਆ ਗਿਆ। ਚੋਣਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਬਾਰ ਕੰਪਲੈਕਸ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਰਹੀ। ਹਾਲਾਂਕਿ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਚੋਣ ਅਮਲ ਵਿੱਚ ਕੋਈ ਰੁਕਾਵਟ ਨਹੀਂ ਆਈ ਅਤੇ ਵੋਟਿੰਗ ਅਮਨ-ਅਮਾਨ ਨਾਲ ਸੰਪੰਨ ਹੋਈ।