ਪੰਜਾਬ ਸਿਆਸਤ 'ਚ ਵੱਡਾ ਧਮਾਕਾ: 2027 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਇਕੱਲੀ ਲੜੇਗੀ, ਸੈਣੀ ਨੇ ਅਕਾਲੀ ਦਲ ਨਾਲ ਗੱਠਜੋੜ ਦੀਆਂ ਚਰਚਾਵਾਂ 'ਤੇ ਲਾਇਆ ਵਿਰਾਮ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾ ’ਚ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਆਪਣੇ ਦਮ ’ਤੇ ਇਕੱਲਿਆ ਹੀ ਚੋਣ ਲੜੇਗੀ ਤੇ ਬਹੁਮਤ ਨਾਲ ਸਰਕਾਰ ਬਣਾਵੇਗੀ। ਨਾਇਬ ਸਿੰਘ ਸੈਣੀ ਸ਼ੁੱਕਰਵਾਰ ਨੂੰ ਇੱਥੇ ਨੇੜਲੇ ਪਿੰਡ ਨਲਾਸ ’ਚ ਸੈਣੀ ਸਮਾਜ ਵੱਲੋਂ ਰੱਖੇ ਗਏ ਸੈਣੀ ਸੰਮੇਲਨ ਦੌਰਾਨ ਰੱਖੇ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਵਾਲੀ ਚਰਚਾ ’ਤੇ ਵਿਰਾਮ ਲਗਾਉਂਦਿਆ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਸੂਬੇ ਦੀਆਂ 117 ਵਿਧਾਨ ਸਭਾ ’ਤੇ ਇਕੱਲਿਆਂ ਚੋਣ ਲੜਨ ਦੇ ਸਮਰੱਥ ਹੈ ਅਤੇ ਪੰਜਾਬ
Publish Date: Sat, 13 Jun 2026 10:28 AM (IST)
Updated Date: Sat, 13 Jun 2026 10:29 AM (IST)

ਐੱਚ.ਐੱਸ. ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾ ’ਚ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਆਪਣੇ ਦਮ ’ਤੇ ਇਕੱਲਿਆ ਹੀ ਚੋਣ ਲੜੇਗੀ ਤੇ ਬਹੁਮਤ ਨਾਲ ਸਰਕਾਰ ਬਣਾਵੇਗੀ। ਨਾਇਬ ਸਿੰਘ ਸੈਣੀ ਸ਼ੁੱਕਰਵਾਰ ਨੂੰ ਇੱਥੇ ਨੇੜਲੇ ਪਿੰਡ ਨਲਾਸ ’ਚ ਸੈਣੀ ਸਮਾਜ ਵੱਲੋਂ ਰੱਖੇ ਗਏ ਸੈਣੀ ਸੰਮੇਲਨ ਦੌਰਾਨ ਰੱਖੇ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਵਾਲੀ ਚਰਚਾ ’ਤੇ ਵਿਰਾਮ ਲਗਾਉਂਦਿਆ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਸੂਬੇ ਦੀਆਂ 117 ਵਿਧਾਨ ਸਭਾ ’ਤੇ ਇਕੱਲਿਆਂ ਚੋਣ ਲੜਨ ਦੇ ਸਮਰੱਥ ਹੈ ਅਤੇ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ।
ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ’ਤੇ ਪਹਿਰਾ ਦਿੰਦਿਆਂ ਪੰਜਾਬ ਸੂਬੇ ਨੂੰ ਤਰੱਕੀ ਦੇ ਰਾਹ ’ਤੇ ਲਿਆਉਣ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਸੂਬੇ ’ਚ ਵੀ ਡਬਲ ਇੰਜਨ ਵਾਲੀ ਭਾਜਪਾ ਸਰਕਾਰ ਲਿਆਉਣੀ ਸਮੇਂ ਦੀ ਮੰਗ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣ ’ਤੇ ਸਭ ਤੋਂ ਪਹਿਲਾਂ ਗੈਂਗਸਟਰਵਾਦ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਵੀ ਉਪਰਾਲੇ ਕੀਤੇ ਜਾਣਗੇ, ਕਿਉਂਕਿ ਅੱਜ ਪੰਜਾਬ ਦਾ ਬੱਚਾ-ਬੱਚਾ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਵੱਲੋਂ ਓਬੀਸੀ ਸਮਾਜ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੰਜਾਬ ਦੀ ਤਰੱਕੀ ਲਈ ਭਾਜਪਾ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਮੁੜ ਤੋਂ ਨੰਬਰ ਇਕ ਸੂਬੇ ਵਜੋਂ ਖੜ੍ਹਾ ਕੀਤਾ ਜਾ ਸਕੇ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ’ਤੇ ਤੰਜ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਰੰਗਲਾ ਪੰਜਾਬ ਮੁਹਿੰਮ ਤਹਿਤ ਰੋਜਾਨਾ ਸੜਕਾਂ ’ਤੇ ਇਸ਼ਤਿਆਰਬਾਜ਼ੀ ਕਰਦੇ ਹਨ ਕਿ ਨੌਜਵਾਨਾਂ ਨੂੰ ਨੌਕਰੀਆਂ ਦੇ ਦਿੱਤੀਆਂ ਗਈਆਂ ਹਨ ਪਰ ਪੰਜਾਬ ਅੰਦਰ ਬੇਰੁਜ਼ਗਾਰ ਨੌਜਵਾਨ ਜਿਹੜੇ ਨੌਕਰੀ ਪ੍ਰਾਪਤ ਕਰਨ ਲਈ ਸੜਕਾਂ ’ਤੇ ਮੁਜ਼ਾਹਰੇ ਕਰ ਰਹੇ ਹਨ, ਨੂੰ ਨੌਕਰੀਆਂ ਦੀ ਥਾਂ ਪੁਲਿਸ ਤੇ ਡੰਡਿਆਂ ਦੀ ਮਾਰ ਸਹਿਣੀ ਪੈ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਪਟਿਆਲਾ ਵਿਖੇ ਬਿਜਲੀ ਵਿਭਾਗ ’ਚ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਢਾਏ ਗਏ ਕਹਿਰ ਤੋਂ ਮਿਲਦੀ ਹੈ।
ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਡੇਢ ਸਾਲਾਂ ਦੇ ਕਾਰਜਕਾਲ ਦੌਰਾਨ 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਨੇ ਬਜ਼ੁਰਗਾਂ ਨੂੰ 2500 ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ ਪਰ 1500 ਰੁਪਏ ਕਿਸ ਤਰ੍ਹਾਂ ਦਿੱਤੇ ਜਾ ਰਹੇ ਹਨ ਉਹ ਆਪ ਸਭ ਨੂੰ ਪਤਾ ਹੈ, ਜਦਕਿ ਹਰਿਆਣਾ ’ਚ ਹਰ ਬਜ਼ੁਰਗ ਨੂੰ 3200 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਮੌਕੇ ਸੈਣੀ ਸਮਾਜ ਦੇ ਆਗੂ ਰਿਟਾਇਰ ਇੰਸਪੈਕਟਰ ਮਹਿੰਦਰ ਸਿੰਘ, ਭਾਜਪਾ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ, ਚਰਨਜੀਤ ਸਿੰਘ ਬਰਾੜ, ਰੁਪਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਜੱਸੀ, ਅਲਕਾ ਸੈਣੀ ਸਮੇਤ ਹੋਰ ਹਾਜ਼ਰ ਸਨ।