ਪੰਜਾਬੀ ਯੂਨੀਵਰਸਿਟੀ ’ਚ ਵੱਡਾ ਪ੍ਰੀਖਿਆ ਘੁਟਾਲਾ: ਰੀ-ਇਵੈਲਿਊਏਸ਼ਨ ਦੌਰਾਨ ਬਦਲੀਆਂ ਜਾ ਰਹੀਆਂ ਸਨ ਉੱਤਰ-ਪੱਤਰੀਆਂ, ਵੱਡੇ ਰੈਕਟ ਦਾ ਖ਼ਦਸ਼ਾ
ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵਿੱਚ ਇੱਕ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੁੜ-ਮੁਲਾਂਕਣ (ਰੀ-ਇਵੈਲਿਊਏਸ਼ਨ) ਲਈ ਅਪਲਾਈ ਕਰਨ ਵਾਲੇ ਕੁਝ ਵਿਦਿਆਰਥੀਆਂ ਦੀਆਂ ਉੱਤਰ-ਕਾਪੀਆਂ ਦੇ ਅੰਦਰਲੇ ਪੰਨੇ ਹੀ ਬਦਲ ਦਿੱਤੇ ਗਏ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ 'ਵਰਸਿਟੀ ਅਥਾਰਟੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹੜਕੰਪ ਮਚ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲਾ ਗੰਭੀਰ ਹੈ, ਇਸ ਦੀ ਹੋਰ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ।
Publish Date: Tue, 23 Jun 2026 09:35 AM (IST)
Updated Date: Tue, 23 Jun 2026 09:36 AM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵਿੱਚ ਇੱਕ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੁੜ-ਮੁਲਾਂਕਣ (ਰੀ-ਇਵੈਲਿਊਏਸ਼ਨ) ਲਈ ਅਪਲਾਈ ਕਰਨ ਵਾਲੇ ਕੁਝ ਵਿਦਿਆਰਥੀਆਂ ਦੀਆਂ ਉੱਤਰ-ਕਾਪੀਆਂ ਦੇ ਅੰਦਰਲੇ ਪੰਨੇ ਹੀ ਬਦਲ ਦਿੱਤੇ ਗਏ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ 'ਵਰਸਿਟੀ ਅਥਾਰਟੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹੜਕੰਪ ਮਚ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲਾ ਗੰਭੀਰ ਹੈ, ਇਸ ਦੀ ਹੋਰ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਦਿਆਰਥੀ ਵੱਲੋਂ ਮੁੜ ਮੁਲਾਂਕਣ ਸਬੰਧੀ ਦਰਖਾਸਤ ਦਿੱਤੀ ਗਈ ਸੀ ਜਿਸ ਦਾ ਪੇਪਰ ਸਬੰਧਤ ਵਿਭਾਗ ਕੋਲ ਭੇਜਿਆ ਗਿਆ। ਇਸ ਦੌਰਾਨ ਵਿਭਾਗ ਦੇ ਕੁਝ ਵਿਦਿਆਰਥੀਆਂ ਦੀਆਂ ਉੱਤਰ-ਕਾਪੀਆਂ ਵਿੱਚ ਪਹਿਲੇ ਪੰਨੇ ਅਤੇ ਬਾਕੀ ਪੰਨਿਆਂ ਦੀ ਲਿਖਤ ਵਿੱਚ ਵੱਡਾ ਫ਼ਰਕ ਨਜ਼ਰ ਆਇਆ। ਮਾਮਲਾ ਸ਼ੱਕੀ ਹੋਣ ’ਤੇ ਵਿਭਾਗ ਦੇ ਮੁਖੀ ਵੱਲੋਂ ਪ੍ਰੀਖਿਆ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਕਿ ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਕੰਟਰੋਲਰ ਪ੍ਰੀਖਿਆਵਾਂ ਵੱਲੋਂ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰਾਂ ਦੀ ਹਾਜ਼ਰੀ ਵਿੱਚ ਸਬੰਧਤ ਕੁਝ ਵਿਦਿਆਰਥੀਆਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ। ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੇ ਮੰਨਿਆ ਕਿ ਉੱਤਰ-ਕਾਪੀਆਂ ਦੇ ਪਹਿਲੇ ਪੰਨੇ 'ਤੇ ਤਾਂ ਉਨ੍ਹਾਂ ਦੀ ਲਿਖਤ ਹੈ, ਪਰ ਅੰਦਰਲੇ ਪੰਨਿਆਂ 'ਤੇ ਲਿਖਤ ਉਨ੍ਹਾਂ ਦੀ ਨਹੀਂ ਹੈ।ਡੱਬੀ
ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਪੇਪਰਾਂ ਵਿੱਚ ਵਿਦਿਆਰਥੀਆਂ ਨੇ ਰੀ-ਇਵੈਲੂਏਸ਼ਨ ਲਈ ਅਪਲਾਈ ਕੀਤਾ ਸੀ। ਜਦੋਂ ਅਸਲ ਉੱਤਰ-ਕਾਪੀਆਂ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਵਿਦਿਆਰਥੀਆਂ ਦੀਆਂ ਅਸਲ ਕਾਪੀਆਂ ਦੇ ਅੰਦਰਲੇ ਪੰਨੇ ਕਿਸੇ ਹੋਰ ਉੱਤਰ-ਕਾਪੀ ਜਿਸ ਦਾ ਰੋਲ ਨੰਬਰ,ਕਾਪੀ ਨੰਬਰ ਵੱਖਰਾ ਸੀ, ਨਾਲ ਅਦਲਾ-ਬਦਲੀ ਕੀਤੇ ਗਏ ਸਨ। ਇੱਕ ਮਾਮਲੇ ਵਿੱਚ ਵਿਦਿਆਰਥੀ ਨੂੰ ਪਹਿਲੇ ਪੇਜ 'ਤੇ ਪੀਖਿਅਕ ਵੱਲੋਂ ਸਿਰਫ਼ 10 ਨੰਬਰ ਦਿੱਤੇ ਗਏ ਸਨ, ਜਦਕਿ ਜਦੋਂ ਅੰਦਰਲੇ ਪੰਨਿਆਂ ਦਾ ਜੋੜ ਚੈੱਕ ਕੀਤਾ ਗਿਆ ਤਾਂ ਉਹ 50 ਫੀਸਦ ਤੋਂ ਵੱਧ ਬਣਦੇ ਸੀ। ਇਸੇ ਤਰ੍ਹਾਂ ਦੂਜੇ ਪੇਪਰਾਂ ਵਿੱਚ ਵੀ ਅੰਦਰਲੇ ਪੰਨਿਆਂ 'ਤੇ 80 ਫੀਸਦ ਤੋਂ ਵੱਧ ਨੰਬਰ ਬਣਦੇ ਸਨ, ਜਦਕਿ ਬਾਹਰਲੇ ਪੇਜ 'ਤੇ ਸਿਰਫ਼ 02 ਤੋਂ 04 ਨੰਬਰ ਹੀ ਦਰਸਾਏ ਗਏ ਸਨ। ਇਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਹੋਰਨਾਂ ਹੁਸ਼ਿਆਰ ਬੱਚਿਆਂ ਦੀਆਂ ਕਾਪੀਆਂ ਦੇ ਪੰਨੇ ਪਾੜ ਕੇ ਇਨ੍ਹਾਂ ਵਿਦਿਆਰਥੀਆਂ ਦੀਆਂ ਕਾਪੀਆਂ ਵਿੱਚ ਲਗਾਏ ਗਏ ਤਾਂ ਜੋ ਰੀ-ਇਵੈਲੂਏਸ਼ਨ ਦੌਰਾਨ ਇਨ੍ਹਾਂ ਦੇ ਨੰਬਰ ਆਸਾਨੀ ਨਾਲ ਵਧਾਏ ਜਾ ਸਕਣ।
ਉੱਤਰ ਕਾਪੀਆਂ ਦੁਬਾਰਾ ਸਟੈਪਲਰ ਕਰਨ ਦੇ ਸਬੂਤ
ਉੱਤਰ-ਕਾਪੀਆਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਕਾਪੀਆਂ ਦੀ ਸਿਲਾਈ ਦੁਬਾਰਾ ਕੀਤੀ ਗਈ ਸੀ ਅਤੇ ਇਸ ਵਿੱਚ ਵਰਤਿਆ ਧਾਗਾ ਅਸਲ ਉੱਤਰ-ਕਾਪੀਆਂ ਦੇ ਧਾਗੇ ਨਾਲੋਂ ਬਿਲਕੁਲ ਵੱਖਰਾ ਸੀ। ਇਸ ਤੋਂ ਇਲਾਵਾ ਸਟੈਪਲਰ ਪਿੰਨਾਂ ਨੂੰ ਵੀ ਦੁਬਾਰਾ ਖੋਲ੍ਹ ਕੇ ਲਗਾਇਆ ਗਿਆ ਸੀ, ਜੋ ਸਾਫ਼-ਸਾਫ਼ ਛੇੜਛਾੜ ਵੱਲ ਇਸ਼ਾਰਾ ਕਰਦਾ ਹੈ। ਜਾਂਚ ਵਿੱਚ 'ਇੰਡਸਟਰੀਅਲ ਫਾਰਮੇਸੀ' ਦੀ ਇੱਕ ਪੂਰੀ ਉੱਤਰ ਕਾਪੀ ਪੈਕਟ ਵਿੱਚੋਂ ਗਾਇਬ ਵੀ ਪਾਈ ਗਈ।
ਹੋਵੇਗੀ ਨਿਆਂਇਕ ਜਾਂਚ : ਵੀਸੀ
ਪੰਜਾਬੀ ਯੂਨੀਵਰਸਿਟੀ ਵਾਇਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਸੰਵੇਦਨਸ਼ੀਲ ਹੈ, ਇਸ ਬਾਰੇ ਅੰਦਰੂਨੀ ਜਾਂਚ ਦੇ ਨਾਲ ਬਾਹਰੀ ਜਾਂਚ ਵੀ ਕਰਵਾਈ ਜਾਵੇਗੀ। ਵੀਸੀ ਨੇ ਕਿਹਾ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇਗੀ। ਜਿਸ ਲਈ ਸੇਵਾ ਮੁਕਤ ਜੱਜ ਦੀ ਅਗਵਾਈ ਹੇਠਲੀ ਟੀਮ ਮਾਮਲੇ ਦੀ ਤੈਅ ਤੱਕ ਜਾਵੇਗੀ। ਵੀਸੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਵਿਭਾਗੀ ਤੇ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇਗੀ।