- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਗਲੈਂਡ ਸਥਿਤ ਮਹਾਰਾਜਾ ਦਲੀਪ ਸਿੰਘ ਦੀ ਕਬਰ ’ਤੇ ਪਹੁੰਚੇ ਭਾਈ ਮਾਝੀ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਪੰਥ ਪ੍ਰਸਿੱਧ ਕਥਾਵਾਚਕ ਤੇ ਦਰਬਾਰ-ਏ-ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਨੇ ਇੰਗਲੈਂਡ ਦੇ ਥੇਟਫੋਰਡ ਸ਼ਹਿਰ ਵਿਖੇ ਸਥਿਤ ਮਹਾਰਾਜਾ ਦਲੀਪ ਸਿੰਘ ਦੀ ਕਬਰ ਦਾ ਦੌਰਾ ਕਰਦਿਆਂ ਸਿੱਖ ਇਤਿਹਾਸ, ਪੰਜਾਬੀ ਵਿਰਸੇ ਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੀ ਕਬਰ ਸਿੱਖ ਇਤਿਹਾਸ ਦੇ ਇਕ ਦਰਦਨਾਕ ਸੱਚ ਦੀ ਗਵਾਹੀ ਦਿੰਦੀ ਹੈ। ਭਾਈ ਮਾਝੀ ਨੇ ਕਿਹਾ ਕਿ ਭਾਵੇਂ ਇੱਕ ਸਮੇਂ ਅੰਗਰੇਜ਼ਾਂ ਦੇ ਪ੍ਰਭਾਵ ਹੇਠ ਆ ਕੇ ਮਹਾਰਾਜਾ ਦਲੀਪ ਸਿੰਘ ਨੇ ਇਸਾਈ ਧਰਮ ਅਪਣਾ ਲਿਆ ਸੀ, ਪਰ ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਨਾਲ ਮਿਲਾਪ ਤੋਂ ਬਾਅਦ ਉਹ ਮੁੜ ਸਿੱਖ ਧਰਮ ਤੇ ਆਪਣੇ ਵਿਰਸੇ ਨਾਲ ਜੁੜ ਗਏ ਸਨ। ਉਨ੍ਹਾਂ ਕਿਹਾ ਕਿ ਇਕ ਸਿੱਖ ਸ਼ਹਿਜਾਦੇ ਹੋਣ ਦੇ ਬਾਵਜੂਦ ਵੀ ਮਹਾਰਾਜਾ ਦਲੀਪ ਸਿੰਘ ਦਾ ਅੰਤਿਮ ਸੰਸਕਾਰ ਸਿੱਖ ਰਹਿਤ-ਰਿਵਾਜਾਂ ਅਨੁਸਾਰ ਨਾ ਹੋ ਸਕਣਾ ਇਤਿਹਾਸ ਦੀ ਵੱਡੀ ਤ੍ਰਾਸਦੀ ਹੈ।
ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਆਪਣੀ ਸਾਰੀ ਉਮਰ ਪੰਜਾਬ ਤੇ ਆਪਣੀ ਜਨਮਭੂਮੀ ਨੂੰ ਯਾਦ ਕਰਦੇ ਰਹੇ, ਪਰ ਵਿਡੰਬਨਾ ਇਹ ਰਹੀ ਕਿ ਉਨ੍ਹਾਂ ਦੀ ਦੇਹ ਨੂੰ ਵੀ ਪੰਜਾਬ ਦੀ ਮਿੱਟੀ ਨਸੀਬ ਨਾ ਹੋ ਸਕੀ। ਇਹ ਦਰਦ ਅੱਜ ਵੀ ਹਰ ਪੰਜਾਬੀ ਦੇ ਦਿਲ ਨੂੰ ਝੰਜੋੜਦਾ ਹੈ।
ਭਾਈ ਮਾਝੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਕਰਦਿਆਂ ਕਿਹਾ ਕਿ ਖਾਲਸਾ ਰਾਜ ਇਨਸਾਫ਼, ਧਾਰਮਿਕ ਸਹਿਣਸ਼ੀਲਤਾ ਅਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ ’ਤੇ ਆਧਾਰਿਤ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਨਾ ਕੋਈ ਧਾਰਮਿਕ ਦੰਗਾ ਹੋਇਆ, ਨਾ ਕਦੇ ਕਾਲ ਪਿਆ ਅਤੇ ਨਾ ਹੀ ਕਿਸੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਹ ਪੰਜਾਬ ਦੇ ਇਤਿਹਾਸ ਦਾ ਇੱਕ ਸੁਨਹਿਰੀ ਦੌਰ ਸੀ, ਜਿਸ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸ਼ੋਭਾ ਵਿਸ਼ਵ ਪੱਧਰ ਤੱਕ ਫੈਲੀ ਹੋਈ ਸੀ, ਜਿਸ ਕਾਰਨ ਇਟਲੀ ਤੋਂ ਜਨਰਲ ਵੈਨਤੂਰਾ ਅਤੇ ਫਰਾਂਸ ਤੋਂ ਜਨਰਲ ਇਲਾਰਡ ਸਮੇਤ ਕਈ ਵਿਦੇਸ਼ੀ ਅਧਿਕਾਰੀ ਅਤੇ ਕਰਿੰਦੇ ਖਾਲਸਾ ਰਾਜ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੰਜਾਬ ਦੇ ਇਤਿਹਾਸਕ ਗੁਰਧਾਮਾਂ ਤੇ ਵਿਰਾਸਤੀ ਅਸਥਾਨਾਂ ਦੇ ਦਰਸ਼ਨ ਜ਼ਰੂਰ ਕਰਵਾਏ ਜਾਣ, ਤਾਂ ਜੋ ਉਹ ਆਪਣੀਆਂ ਜੜ੍ਹਾਂ ਤੇ ਪਛਾਣ ਨਾਲ ਜੁੜੇ ਰਹਿ ਸਕਣ।