- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਨੂੰ ਅਨੁਸਾਰ ਉਸ ਦੇ ਪਿਤਾ ਧਰਮ ਸਿੰਘ ਦੀ ਡਰਾਈਵਰੀ ਕਰਨ ਵਾਲੇ ਕਾਕਾ ਸਿੰਘ ਨਾਲ ਜਾਣ-ਪਛਾਣ ਸੀ। ਅਕਸਰ ਹੀ ਦੋਵੇਂ ਇਕੱਠੇ ਸ਼ਰਾਬ ਪੀ ਲੈਂਦੇ ਸਨ। ਛੇ ਸਤੰਬਰ ਦੀ ਸ਼ਾਮ ਕਾਕਾ ਸਿੰਘ ਸ਼ਰਾਬ ਪੀਣ ਦੇ ਬਹਾਨੇ ਧਰਮ ਸਿੰਘ ਨੂੰ ਘਰੋਂ ਸੱਦ ਕੇ ਨਾਲ ਲੈ ਗਿਆ।

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪਿੰਡ ਸਮਸਪੁਰ ਦੇ ਰਹਿਣ ਵਾਲੇ ਧਰਮ ਸਿੰਘ (47) ਨੂੰ ਸ਼ਰਾਬ ਪੀਣ ਦੇ ਬਹਾਨੇ ਆਪਣੇ ਨਾਲ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਲਾਸ਼ ਉਸ ਦੇ ਘਰ ਤੋਂ ਇੱਕ ਕਿਲੋਮੀਟਰ ਦੂਰ ਮੁਲਜ਼ਮ ਦੇ ਪਿੰਡ ਦੇ ਸ਼ਮਸ਼ਾਨਘਾਟ ਵਿੱਚੋਂ ਮਿਲੀ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰ ਨੂੰ ਸੌਂਪ ਦਿੱਤੀ ਅਤੇ ਮ੍ਰਿਤਕ ਦੇ ਪੁੱਤਰ ਸੋਨੂੰ ਦੇ ਬਿਆਨਾਂ ’ਤੇ ਕਾਕਾ ਸਿੰਘ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਪਰ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਸੋਨੂੰ ਅਨੁਸਾਰ ਉਸ ਦੇ ਪਿਤਾ ਧਰਮ ਸਿੰਘ ਦੀ ਡਰਾਈਵਰੀ ਕਰਨ ਵਾਲੇ ਕਾਕਾ ਸਿੰਘ ਨਾਲ ਜਾਣ-ਪਛਾਣ ਸੀ। ਅਕਸਰ ਹੀ ਦੋਵੇਂ ਇਕੱਠੇ ਸ਼ਰਾਬ ਪੀ ਲੈਂਦੇ ਸਨ। ਛੇ ਸਤੰਬਰ ਦੀ ਸ਼ਾਮ ਕਾਕਾ ਸਿੰਘ ਸ਼ਰਾਬ ਪੀਣ ਦੇ ਬਹਾਨੇ ਧਰਮ ਸਿੰਘ ਨੂੰ ਘਰੋਂ ਸੱਦ ਕੇ ਨਾਲ ਲੈ ਗਿਆ। ਧਰਮ ਸਿੰਘ ਸਾਰੀ ਰਾਤ ਘਰ ਵਾਪਸ ਨਹੀਂ ਪਰਤੇ ਅਤੇ ਕਾਕਾ ਸਿੰਘ ਦਾ ਫ਼ੋਨ ਵੀ ਬੰਦ ਆ ਰਿਹਾ ਸੀ। ਪਿਤਾ ਦੀ ਭਾਲ ਵਿੱਚ ਸੋਨੂੰ ਜਦੋਂ ਪਿੰਡ ਊਂਟਸਰ ਪਹੁੰਚਿਆ ਤਾਂ ਉੱਥੇ ਸ਼ਮਸ਼ਾਨਘਾਟ ਦੇ ਸ਼ੈੱਡ ਹੇਠਾਂ ਉਸ ਦੇ ਪਿਤਾ ਦੀ ਲਾਸ਼ ਪਈ ਸੀ। ਪਿਤਾ ਦੀ ਅੱਖ ਕੋਲ ਅਤੇ ਸਿਰ ’ਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਸਨ ਅਤੇ ਗਲੇ ’ਤੇ ਰੱਸੀ ਨਾਲ ਘੁੱਟਣ ਵਰਗਾ ਨਿਸ਼ਾਨ ਬਣਿਆ ਹੋਇਆ ਸੀ। ਘਟਨਾ ਵਾਲੀ ਥਾਂ ’ਤੇ ਜ਼ਮੀਨ ਖ਼ੂਨ ਨਾਲ ਲੱਥਪੱਥ ਸੀ ਅਤੇ ਨੇੜੇ ਹੀ ਸ਼ਰਾਬ ਦੀ ਬੋਤਲ ਪਈ ਸੀ, ਜਿਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਸ਼ਰਾਬ ਪਿਲਾਉਣ ਤੋਂ ਬਾਅਦ ਮੁਲਜ਼ਮ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਥਾਣਾ ਘਨੌਰ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਕਤਲ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ, ਅਜੇ ਪਰਿਵਾਰ ਨੂੰ ਵੀ ਇਸ ਦਾ ਕਾਰਨ ਨਹੀਂ ਪਤਾ। ਦੋਵਾਂ ਪਰਿਵਾਰਾਂ ਵਿੱਚ ਚੰਗੀ ਜਾਣ-ਪਛਾਣ ਸੀ, ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਕਤਲ ਦਾ ਕਾਰਨ ਸਪੱਸ਼ਟ ਹੋ ਸਕੇਗਾ।