- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਰਾਸਤੀ ਮੌਸਮ ਦੌਰਾਨ ਪੰਜਾਬ ਭਰ ’ਚ 881 ਰੈਪਿਡ ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕਿਸੇ ਵੀ ਖੇਤਰ ’ਚ ਬਿਮਾਰੀ ਦੇ ਕੇਸ ਸਾਹਮਣੇ ਆਉਣ 'ਤੇ ਤੁਰੰਤ ਡੋਰ-ਟੂ-ਡੋਰ ਸਰਵੇ ਕਰ ਕੇ ਕਾਰਨਾਂ ਦੀ ਜਾਂਚ ਕਰਨਗੀਆਂ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪ੍ਰਧਾਨ ਮੰਤਰੀ ਪੰਜਾਬ ਫੇਰੀ ਤੋਂ ਪਹਿਲਾਂ ਪਿਛਲੇ ਵਰ੍ਹੇ ਆਏ ਹੜ੍ਹ ਪੀੜਤਾਂ ਲਈ ਐਲਾਨੀ ਰਾਸ਼ੀ, ਪੰਜਾਬ ਦੇ ਰੁਕੇ ਦਿਹਾਤੀ ਵਿਕਾਸ ਫੰਡਾਂ ਸਮੇਤ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਰੋਕੇ ਫੰਡ ਤੁਰੰਤ ਜਾਰੀ ਕਰਨ। ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਵਿਤਕਰਾ ਬੰਦ ਕਰਨਾ ਚਾਹੀਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੌਨਸੂਨ ਸੀਜ਼ਨ 'ਚ ਲੋਕ ਹੜ੍ਹ ਆਉਣ ਦੀ ਕੋਈ ਚਿੰਤਾ ਨਾ ਕਰਨ, ਕਿਉਂਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਤੇ ਵਿਭਾਗੀ ਤਾਲਮੇਲ ਨਾਲ ਪ੍ਰਸ਼ਾਸਕੀ ਮਸ਼ੀਨਰੀ ਨੇ ਸਾਰੇ ਲੋੜੀਂਦੇ ਹੜ੍ਹ ਰੋਕੂ ਪ੍ਰਬੰਧ ਅਗੇਤੇ ਹੀ ਮੁਕੰਮਲ ਕਰ ਲਏ ਹਨ। ਡੇਂਗੂ, ਮਲੇਰੀਆ, ਚਿਕਨਗੁਨੀਆ, ਡਾਇਰੀਆ ਤੇ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਇਸ ਮੁਹਿੰਮ ’ਚ ਸਥਾਨਕ ਸਰਕਾਰਾਂ, ਨਗਰ ਨਿਗਮਾਂ, ਪੰਚਾਇਤਾਂ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਸਿੱਖਿਆ ਵਿਭਾਗ, ਪੇਂਡੂ ਵਿਕਾਸ ਵਿਭਾਗ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਕੈਮਿਸਟ ਐਸੋਸੀਏਸ਼ਨ, ਐੱਨਜੀਓਜ਼ ਤੇ ਹੋਰ ਸਮਾਜਿਕ ਸੰਸਥਾਵਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਰਾਸਤੀ ਮੌਸਮ ਦੌਰਾਨ ਪੰਜਾਬ ਭਰ ’ਚ 881 ਰੈਪਿਡ ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕਿਸੇ ਵੀ ਖੇਤਰ ’ਚ ਬਿਮਾਰੀ ਦੇ ਕੇਸ ਸਾਹਮਣੇ ਆਉਣ 'ਤੇ ਤੁਰੰਤ ਡੋਰ-ਟੂ-ਡੋਰ ਸਰਵੇ ਕਰ ਕੇ ਕਾਰਨਾਂ ਦੀ ਜਾਂਚ ਕਰਨਗੀਆਂ। ਉਨ੍ਹਾਂ ਕਿਹਾ ਕਿ ਜਿੱਥੇ ਵੀ ਡੇਂਗੂ ਜਾਂ ਡਾਇਰੀਆ ਦੇ ਕੇਸ ਮਿਲਦੇ ਹਨ, ਉੱਥੇ ਤੁਰੰਤ ਫੌਗਿੰਗ, ਪਾਣੀ ਦੀ ਜਾਂਚ ਤੇ ਸਫਾਈ ਦੇ ਪ੍ਰਬੰਧ ਕੀਤੇ ਜਾਂਦੇ ਹਨ। ਬਰਸਾਤੀ ਮੌਸਮ ਲਈ 85 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ, ਪਾਣੀ ਜਾਂਚ ਕਿੱਟਾਂ ਤੇ ਹੋਰ ਮੈਡੀਕਲ ਸਮੱਗਰੀ ਪਹਿਲਾਂ ਹੀ ਸਾਰੇ ਜ਼ਿਲ੍ਹਿਆਂ ’ਚ ਭੇਜੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਸੂਬਾਈ ਪੱਧਰ 'ਤੇ 104 ਹੈਲਪਲਾਈਨ 24 ਘੰਟੇ ਚੱਲ ਰਹੀ ਹੈ। ਜੇਕਰ ਕਿਸੇ ਖੇਤਰ ’ਚ ਗੰਦਾ ਪਾਣੀ, ਮੱਛਰਾਂ ਦੀ ਭਰਮਾਰ ਜਾਂ ਕਿਸੇ ਬਿਮਾਰੀ ਦਾ ਖ਼ਤਰਾ ਹੋਵੇ ਤਾਂ ਲੋਕ 104 'ਤੇ ਜਾਣਕਾਰੀ ਦੇ ਸਕਦੇ ਹਨ, ਜਿਸ ਤੋਂ ਬਾਅਦ ਸਬੰਧਤ ਵਿਭਾਗ ਤੁਰੰਤ ਕਾਰਵਾਈ ਕਰੇਗਾ।
ਹੁਣ ਤੱਕ 5,242 ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਹੋਈ
ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਤੱਕ 5,242 ਸ਼ੱਕੀ ਡੇਂਗੂ ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਆਮ ਆਦਮੀ ਕਲੀਨਿਕਾਂ ’ਚ ਡੇਂਗੂ ਟੈਸਟ ਦੀ ਸਹੂਲਤ ਉਪਲਬਧ ਹੋਣ ਕਾਰਨ ਬਿਮਾਰੀ ਦੀ ਸ਼ੁਰੂਆਤੀ ਪੜਾਅ ’ਚ ਹੀ ਪਛਾਣ ਕੀਤੀ ਜਾ ਰਹੀ ਹੈ। ਹਰ ਸ਼ੁੱਕਰਵਾਰ "ਡੇਂਗੂ 'ਤੇ ਵਾਰ" ਮੁਹਿੰਮ ਤਹਿਤ ਘਰਾਂ ਤੇ ਜਨਤਕ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 2,300 ਸਾਂਝੀਆਂ ਫੀਲਡ ਟੀਮਾਂ ਬਣਾਈਆਂ ਗਈਆਂ ਹਨ, ਜਦਕਿ 38,122 ਨਰਸਿੰਗ ਵਿਦਿਆਰਥੀਆਂ, 2,00,515 ਆਸ਼ਾ ਵਰਕਰਾਂ ਤੇ 18,515 ਸਕੂਲ ਅਧਿਆਪਕਾਂ ਨੂੰ ਡੇਂਗੂ ਰੋਕਥਾਮ ਲਈ ਸਿਖਲਾਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਸਪਤਾਲਾਂ ’ਚ 1,200 ਬੈੱਡ ਤੇ ਲੋੜੀਂਦੇ ਪਲੇਟਲੈਟ ਅਤੇ ਇਲਾਜ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਡੇਂਗੂ ਦੇ ਇਲਾਜ ਲਈ 1200 ਬੈੱਡ ਰਾਖਵੇਂ
ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਭਰ 'ਚ ਡੇਂਗੂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ 'ਚ 1200 ਬੈੱਡ ਰਾਖਵੇਂ ਰੱਖੇ ਹਨ, ਡੇਂਗੂ ਟੈਸਟਿੰਗ 'ਚ 10 ਗੁਣਾ ਵਾਧਾ ਕੀਤਾ ਗਿਆ ਹੈ ਤੇ ਇਕੱਲੇ ਆਮ ਆਦਮੀ ਕਲੀਨਿਕਾਂ 'ਚ ਹੀ 30,000 ਟੈਸਟ ਹੋਏ ਹਨ ਅਤੇ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਡੇਂਗੂ ਦੇ ਮੁਫ਼ਤ ਇਲਾਜ ਸਮੇਤ 12000 ਰੁਪਏ ਦੀ ਸਿੰਗਲ ਡੋਜ਼ ਪਲੇਟਲੈਟ ਕਿੱਟ ਵੀ ਮੁਫ਼ਤ ਮੁਹੱਈਆ ਕਰਵਾਈ ਗਈ ਹੈ।