- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੱਖੜ ਨੇ ਘਨੌਰ ਵਿੱਚ ਮਚਾਈ ਤਬਾਹੀ, ਬਿਜਲੀ-ਇੰਟਰਨੈਟ ਸੇਵਾਵਾਂ ਠੱਪ

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਝੱਖੜ ਤੇ ਮੀਂਹ ਨੇ ਹਲਕਾ ਘਨੌਰ ਦੇ ਪਿੰਡ ਸਰਾਲਾ ਖੁਰਦ, ਘਨੌਰ, ਮਰਦਾਂਪੁਰ, ਲੋਹਸਿੰਬਲੀ ਤੇ ਦਰਜਨਾਂ ਹੋਰ ਪਿੰਡਾਂ ਵਿਚ ਭਾਰੀ ਤਬਾਹੀ ਮਚਾ ਦਿੱਤੀ। ਤੇਜ਼ ਹਵਾਵਾਂ ਕਾਰਨ ਬਿਜਲੀ ਦੇ ਦਰਜਨਾਂ ਖੰਭੇ ਡਿੱਗ ਗਏ, ਜਦਕਿ ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਇਸ ਕਾਰਨ ਪੂਰੇ ਇਲਾਕੇ ਵਿਚ ਬਿਜਲੀ ਸਪਲਾਈ ਤੇ ਇੰਟਰਨੈੱਟ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਹਨ। ਝੱਖੜ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਘਨੌਰ ਕਾਮੀ ਸੜਕ ’ਤੇ ਲੱਗਿਆ ਵੱਡਾ ਦਿਸ਼ਾ-ਸੂਚਕ (ਸਾਈਨ) ਬੋਰਡ ਵੀ ਆਪਣੀ ਜਗ੍ਹਾ ਤੋਂ ਉਖੜ ਕੇ ਇਕ ਪਾਸੇ ਝੁਕ ਗਿਆ। ਇਹ ਬੋਰਡ ਆਵਾਜਾਈ ਲਈ ਮਹੱਤਵਪੂਰਨ ਨਿਸ਼ਾਨੀ ਮੰਨਿਆ ਜਾਂਦਾ ਹੈ। ਇਸ ਦੇ ਨੁਕਸਾਨ ਹੋਣ ਨਾਲ ਸੜਕ ਸੁਰੱਖਿਆ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਦਰੱਖਤ ਅਤੇ ਹੋਰ ਢਾਂਚੇ ਵੀ ਨੁਕਸਾਨੇ ਗਏ ਹਨ। ਬਿਜਲੀ ਦੇ ਖੰਭੇ ਡਿੱਗਣ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਨਾਲ ਮੋਬਾਈਲ ਟਾਵਰਾਂ ਤੇ ਬ੍ਰਾਡਬੈਂਡ ਸੇਵਾਵਾਂ ’ਤੇ ਵੀ ਅਸਰ ਪਿਆ। ਇੰਟਰਨੈਟ ਬੰਦ ਹੋਣ ਕਾਰਨ ਬੈਂਕਾਂ, ਸੇਵਾ ਕੇਂਦਰਾਂ, ਸਰਕਾਰੀ ਦਫ਼ਤਰਾਂ ਅਤੇ ਹੋਰ ਵਪਾਰਕ ਅਦਾਰਿਆਂ ਦਾ ਕੰਮ ਪ੍ਰਭਾਵਿਤ ਹੋ ਗਿਆ ਹੈ। ਆਨਲਾਈਨ ਲੈਣ-ਦੇਣ, ਬੈਂਕਿੰਗ ਸੇਵਾਵਾਂ ਅਤੇ ਸਰਕਾਰੀ ਕੰਮਕਾਜ ਵਿੱਚ ਰੁਕਾਵਟ ਆਉਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਦੇ ਇਸ ਮੌਸਮ ਵਿਚ ਬਿਜਲੀ ਨਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ ਕਿਉਂਕਿ ਵਾਟਰ ਵਰਕਸ ਅਤੇ ਮੋਟਰਾਂ ਬਿਜਲੀ ’ਤੇ ਨਿਰਭਰ ਹਨ। ਕਈ ਘਰਾਂ ਵਿਚ ਇਨਵਰਟਰ ਵੀ ਜਵਾਬ ਦੇ ਗਏ ਹਨ, ਜਿਸ ਕਾਰਨ ਲੋਕਾਂ ਨੂੰ ਹਨੇਰੇ ਅਤੇ ਗਰਮੀ ਵਿੱਚ ਸਮਾਂ ਬਿਤਾਉਣਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਡਿੱਗੇ ਹੋਏ ਖੰਭਿਆਂ, ਟੁੱਟੀਆਂ ਤਾਰਾਂ ਅਤੇ ਨੁਕਸਾਨੇ ਗਏ ਸਾਈਨ ਬੋਰਡਾਂ ਦੀ ਮੁਰੰਮਤ ਜੰਗੀ ਪੱਧਰ ’ਤੇ ਕਰਵਾਈ ਜਾਵੇ ਤਾਂ ਜੋ ਆਮ ਜਨਜੀਵਨ ਮੁੜ ਪਟੜੀ ’ਤੇ ਆ ਸਕੇ। ਇਸ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਬਿਜਲੀ ਕਾਮੇ ਸਵੇਰ ਤੋਂ ਹੀ ਜੰਗੀ ਪੱਧਰ ’ਤੇ ਬਿਜਲੀ ਸਪਲਾਈ ਬਹਾਲ ਕਰਨ ਦੇ ਕੰਮ ਵਿਚ ਜੁਟੇ ਨਜ਼ਰ ਆਏ। ਕੜੱਕਦੀ ਧੁੱਪ ਤੇ ਗਰਮੀ ਦੇ ਬਾਵਜੂਦ ਕਾਮੇ ਡਿੱਗੇ ਹੋਏ ਖੰਭਿਆਂ ਨੂੰ ਖੜ੍ਹਾ ਕਰਨ, ਟੁੱਟੀਆਂ ਤਾਰਾਂ ਨੂੰ ਜੋੜਨ ਅਤੇ ਨੁਕਸਾਨੇ ਗਏ ਉਪਕਰਨਾਂ ਦੀ ਮੁਰੰਮਤ ਕਰਨ ਵਿਚ ਲੱਗੇ ਰਹੇ। ਸਥਾਨਕ ਲੋਕਾਂ ਨੇ ਵੀ ਬਿਜਲੀ ਮੁਲਾਜ਼ਮਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰਮਚਾਰੀ ਲਗਾਤਾਰ ਸੇਵਾਵਾਂ ਬਹਾਲ ਕਰਨ ਲਈ ਯਤਨਸ਼ੀਲ ਹਨ।