ਬਨੂੜ ਬੈਰਿਆਂ ਚੌਂਕ ਤੇ ਚੱਲੀਆਂ ਤਾਬੜ ਤੋੜ ਗੋਲੀਆਂ, ਨੌਜਵਾਨ ਗੰਭੀਰ ਜ਼ਖ਼ਮੀ ਬਨੂੜ ਬੈਰਿਆਂ ਚੌਂਕ ਤੇ ਚੱਲੀਆਂ ਤਾਬੜ ਤੋੜ ਗੋਲੀਆਂ, ਨੌਜਵਾਨ ਗੰਭੀਰ ਜ਼ਖ਼ਮੀ
Publish Date: Sat, 04 Jul 2026 04:57 PM (IST)
Updated Date: Sat, 04 Jul 2026 04:59 PM (IST)
ਫੋਟੋ 4ਪੀਟੀਐਲ: 16: ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਸ਼ਹਿਰ ਦੇ ਬੈਰੀਅਰ ਚੌਕ ਨੇੜੇ 3-4 ਜੁਲਾਈ ਦੀ ਦਰਮਿਆਨੀ ਰਾਤ 1 ਵਜੇ ਦੇ ਕਰੀਬ ਸਕਾਰਪੀਓ ਸਵਾਰਾਂ ਤੇ ਦੁਕਾਨ ਤੇ ਖੜ੍ਹੇ ਨੌਜਵਾਨਾਂ ਵਿਚਾਲੇ ਹੋਈ ਬਹਿਸ ਖੂਨੀ ਰੂਪ ਧਾਰਨ ਕਰ ਗਈ। ਸਕਾਰਪੀਓ ਸਵਾਰਾਂ ਨੇ ਨੌਜਵਾਨ ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ, ਜੋ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਥਾਣਾ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਰਾਤ 1 ਵਜੇ ਦੇ ਕਰੀਬ ਸ਼ਹਿਰ ਦੇ ਵਾਰਡ ਨੰਬਰ 3 ਦਾ ਵਸਨੀਕ ਜਸਪ੍ਰੀਤ ਸਿੰਘ ਕਾਲੀ ਆਪਣੇ 2 ਸਾਥੀਆਂ ਨਾਲ ਜ਼ੀਰਕਪੁਰ ਕੰਮ ਤੋਂ ਵਾਪਸ ਘਰ ਆ ਰਿਹਾ ਸੀ। ਬੈਰੀਅਰ ਚੌਕ ਤੇ ਉਹ ਖਾਣ ਪੀਣ ਦਾ ਸਾਮਾਨ ਲੈਣ ਲਈ ਰੁਕੇ। ਇੰਨੇ ਨੂੰ ਉਥੇ ਦੋ ਸਕਾਰਪਿਓ ਸਵਾਰ ਨੌਜਵਾਨ ਆ ਕੇ ਰੁੱਕੇ ਉਨਾਂ ਦੀ ਇਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਸਕਾਰਪੀਓ ਸਵਾਰਾਂ ਨੇ ਜਸਪ੍ਰੀਤ ਕਾਲੀ ਤੇ ਅੱਧੀ ਦਰਜਨ ਦੇ ਕਰੀਬ ਗੋਲੀਆਂ ਦਾਗ ਦਿੱਤੀਆਂ। ਗੋਲੀਆਂ ਚਲਦੀਆਂ ਵੇਖ ਮੌਕੇ ਤੇ ਮੌਜੂਦ ਦੁਕਾਨਦਾਰ ਤੇ ਉਥੇ ਖੜ੍ਹੇ ਗਾਹਕ ਭੱਜ ਨਿਕਲੇ। ਗੋਲੀਆਂ ਦੀ ਅਵਾਜ਼ ਸੁਣਕੇ ਨੇੜੇ ਘਰਾਂ ਦੇ ਲੋਕ ਬਾਹਰ ਨਿਕਲ ਆਏ ਜਿਨ੍ਹਾਂ ਨੂੰ ਵੇਖ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਫਾਇਰ ਲੱਗਣ ਨਾਲ ਜਸਪ੍ਰੀਤ ਕਾਲੀ ਬੁਰੀ ਤਰ੍ਹਾਂ ਖੂਨ ਨਾਲ ਲਥਪਥ ਹੋ ਗਿਆ ਜਿਸ ਨੂੰ ਰਾਹਗੀਰਾਂ ਤੇ ਉਸ ਦੇ ਸਾਥੀਆਂ ਦੀ ਮਦਦ ਨਾਲ ਚੰਡੀਗੜ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ। ਜਿਥੇ ਉਹ ਜਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਲਈ ਗਈ ਹੈ, ਜਿਸ ਦੇ ਰਾਹੀ ਗੋਲੀਆਂ ਚਲਾਉਣ ਵਾਲੇ ਅਰੋਪੀਆਂ ਦੀ ਪਛਾਣ ਕਰ ਲਈ ਗਈ ਹੈ। ਸ਼੍ਰੀ ਸ਼ਰਮਾ ਨੇ ਕਿਹਾਕਿ ਹਮਲਾਵਰਾਂ ਦੀ ਪਛਾਣ ਗੋਲਡੀ ਸ਼ੇਰਗਿੱਲ ਵਾਸੀ ਰਾਜਪੁਰਾ ਤੇ ਸ਼ਿਵਾ ਵਾਸੀ ਬਨੂੜ ਵਜੋਂ ਹੋਈ ਹੈ। ਜਿਨ੍ਹਾਂ ਵਿਰੁੱਧ ਕਤਲ ਤੇ ਆਰਮ ਐਕਟ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨਾਂ ਕਿਹਾਕਿ ਅਰੋਪੀਆਂ ਦੀ ਭਾਲ ਲਈ ਪੁਲਿਸ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਥਾਣਾ ਮੁਖੀ ਅਰਸ਼ਦੀਪ ਸ਼ਰਮਾ ਨੇ ਕਿਹਾ ਕਿ ਪੁਰਾਣੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਜਸਪ੍ਰੀਤ ਕਾਲੀ ਉੱਤੇ ਪਹਿਲਾਂ ਵੀ 2 ਤੋਂ 3 ਮਾਮਲੇ ਦਰਜ ਹਨ। ਇਸੇ ਤਰ੍ਹਾਂ ਗੋਲਡੀ ਸ਼ੇਰਗਿੱਲ ਤੇ ਸ਼ਿਵਾ ਤੇ ਵੀ ਮੁਕੱਦਮੇ ਦਰਜ ਹਨ। ਇਹ ਮੁਕੱਦਮੇ ਕਿਥੇ ਕਿਥੇ ਅਤੇ ਕਿਹੜੇ ਮਾਮਲਿਆਂ ’ਚ ਦਰਜ ਹਨ ਇਹ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਪਤਾ ਲੱਗੇਗਾ। ਥਾਣਾ ਮੁਖੀ ਅਰਸ਼ਦੀਪ ਸ਼ਰਮਾ ਨੇ ਕਿਹਾਕਿ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ।