- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਪਾਲ ਸਿੰਘ ਸ਼ੈਦਾ ਦੇ ਗ਼ਜ਼ਲ ਸੰਗ੍ਰਹਿ ‘ਲਹੂ ਲੁਹਾਣ’ ’ਤੇ ਹੋਈ ਭਰਪੂਰ ਵਿਚਾਰ ਚਰਚਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਾਂਝਾ ਸਾਹਿਤਕ ਮੰਚ, ਪਟਿਆਲਾ ਵੱਲੋਂ ਅਮਰਜੀਤ ਲਾਇਬ੍ਰੇਰੀ, ਭਾਦਸੋਂ ਰੋਡ ਵਿਖੇ ਇਕ ਸਾਹਿਤਕ ਮਿਲਣੀ ਦਾ ਕਰਵਾਈ ਗਈ, ਜਿਸ ਵਿੱਚ ਉੱਘੇ ਗ਼ਜ਼ਲਗੋ ਅੰਮ੍ਰਿਤਪਾਲ ਸਿੰਘ ਸ਼ੈਦਾ ਦੇ ਗ਼ਜ਼ਲ ਸੰਗ੍ਰਹਿ ‘ਲਹੂ ਲੁਹਾਣ’ ’ਤੇ ਵਿਚਾਰ-ਚਰਚਾ ਕੀਤੀ ਗਈ। ਇਹ ਸਮਾਗਮ ਸੁਖਵਿੰਦਰ ਚਹਿਲ, ਸਤਨਾਮ ਚੌਹਾਨ, ਨਵਦੀਪ ਸਿੰਘ ਮੁੰਡੀ, ਅਮਰਜੀਤ ਖਰੌੜ ਅਤੇ ਪਾਲ ਖਰੌੜ ਦੇ ਸਾਂਝੇ ਉਪਰਾਲੇ ਤਹਿਤ ਕਰਵਾਇਆ ਗਿਆ। ਮੰਚ ਸੰਚਾਲਨ ਹਰਦੀਪ ਸੱਭਰਵਾਲ ਨੇ ਕੀਤਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਸ਼ਾਇਰ ਅੰਮ੍ਰਿਤਪਾਲ ਸਿੰਘ ਸ਼ੈਦਾ ਵੱਲੋਂ ਆਪਣੀ ਪੁਸਤਕ ’ਚੋਂ ਚੋਣਵੀਆਂ ਗ਼ਜ਼ਲਾਂ ਪੇਸ਼ ਕਰਕੇ ਕੀਤੀ। ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ‘ਲਹੂ ਲੁਹਾਣ’ ਦੀ ਸ਼ਾਇਰੀ ਇੱਕ ਪਾਸੇ ਸਮਾਜ ਦੇ ਸ਼ੋਸ਼ਿਤ ਵਰਗ ਦੀ ਆਵਾਜ਼ ਬਣਦੀ ਹੈ, ਜਦਕਿ ਦੂਜੇ ਪਾਸੇ ਇਹ ਗ਼ਜ਼ਲ ਦੇ ਸਾਰੇ ਸਾਹਿਤਕ ਮਾਪਦੰਡਾਂ ’ਤੇ ਪੂਰੀ ਤਰ੍ਹਾਂ ਖਰੀ ਉਤਰਦੀ ਹੈ। ਸਤਪਾਲ ਭੀਖੀ ਨੇ ਆਪਣੇ ਵਿਚਾਰਾਂ ’ਚ ਕਿਹਾ ਕਿ ਅੰਮ੍ਰਿਤਪਾਲ ਸਿੰਘ ਸ਼ੈਦਾ ਨੂੰ ਪੰਜਾਬੀ ਸਾਹਿਤ ’ਚ ਅਜੇ ਵੀ ਉਹ ਮਾਣ-ਸਨਮਾਨ ਨਹੀਂ ਮਿਲਿਆ, ਜਿਸ ਦੇ ਉਹ ਅਸਲ ਹੱਕਦਾਰ ਹਨ। ਨੌਜਵਾਨ ਸ਼ਾਇਰ ਹਰਮਨ ਨੇ ਪੁਸਤਕ ’ਚੋਂ ਚੋਣਵੇਂ ਸ਼ੇਅਰ ਸੁਣਾਉਂਦਿਆਂ ਇਸ ਦੀਆਂ ਖੂਬੀਆਂ ਅਤੇ ਕੁਝ ਪੱਖਾਂ ’ਤੇ ਆਪਣੀ ਰਾਏ ਸਾਂਝੀ ਕੀਤੀ। ਨਵਦੀਪ ਸਿੰਘ ਮੁੰਡੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਸ਼ੈਦਾ ਲੰਬੀ ਬਹਿਰ ਦੀ ਗ਼ਜ਼ਲ ਲਿਖਣ ’ਚ ਵਿਲੱਖਣ ਮੁਹਾਰਤ ਰੱਖਦੇ ਹਨ, ਜੋ ਉਨ੍ਹਾਂ ਨੂੰ ਸਮਕਾਲੀ ਗ਼ਜ਼ਲਗੋਆਂ ਤੋਂ ਵੱਖਰਾ ਬਣਾਉਂਦੀ ਹੈ। ਵਿਚਾਰ-ਚਰਚਾ ’ਚ ਨਰਿੰਦਰਪਾਲ ਕੌਰ, ਡਾ. ਹਰਪ੍ਰੀਤ ਸਿੰਘ ਰਾਣਾ, ਬਲਵਿੰਦਰ ਸਿੰਘ ਭੱਟੀ, ਸੁਖਵਿੰਦਰ ਕਾਫ਼ਰ, ਅਮਨ ਧੂਰੀ ਸਰਾਂ ਤੇ ਸਤਨਾਮ ਚੌਹਾਨ ਸਮੇਤ ਕਈ ਸਾਹਿਤਕਾਰਾਂ ਨੇ ਪੁਸਤਕ ਦੇ ਵੱਖ-ਵੱਖ ਪੱਖਾਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ।