- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਨੀਵੀਰ ਭਰਤੀ ਰੈਲੀ 30 ਜੁਲਾਈ ਤੋਂ 10 ਅਗਸਤ ਤੱਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਏਡੀਸੀ ਅਨੁਪ੍ਰਿਤਾ ਜੌਹਲ ਨੇ ਡਾਇਰੈਕਟਰ ਭਰਤੀ, ਆਰਮੀ ਭਰਤੀ ਦਫ਼ਤਰ, ਪਟਿਆਲਾ ਨਾਲ ਮਿਲ ਕੇ 30 ਜੁਲਾਈ ਤੋਂ 10 ਅਗਸਤ ਤੱਕ ਹੋਣ ਵਾਲੀ ਆਗਾਮੀ ਏਆਰਓ ਪਟਿਆਲਾ ਅਗਨੀਵੀਰ ਭਰਤੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਫੌਜੀ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਜਾਲੰਧਰ ਸਥਿਤ ਜ਼ੋਨਲ ਭਰਤੀ ਦਫ਼ਤਰ ਦੇ ਅਧੀਨ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ 30 ਜੁਲਾਈ ਤੋਂ 10 ਅਗਸਤ ਤੱਕ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਵਿਖੇ ਭਾਰਤੀ ਫੌਜ ’ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ ਅਗਨੀਵੀਰ ਭਰਤੀ ਰੈਲੀ ਕਰਵਾਈ ਜਾਵੇਗੀ। ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ, ਮਾਲੇਰਕੋਟਲਾ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਉਹ ਯੋਗ ਨੌਜਵਾਨ, ਜਿਨ੍ਹਾਂ ਨੇ ਸੀਈਈ ਪ੍ਰੀਖਿਆ ਪਾਸ ਕੀਤੀ ਹੈ (ਜਿਸ ਦਾ ਨਤੀਜਾ ਬਹੁਤ ਜਲਦੀ ਐਲਾਨਿਆ ਜਾਵੇਗਾ), ਇਸ ਰੈਲੀ ਵਿਚ ਹਿੱਸਾ ਲੈ ਸਕਣਗੇ। ਇਸ ਸਬੰਧੀ ਡਾਇਰੈਕਟਰ ਭਰਤੀ, ਆਰਮੀ ਭਰਤੀ ਦਫ਼ਤਰ, ਪਟਿਆਲਾ ਨੇ ਕਿਹਾ ਕਿ ਪੰਜਾਬ ਦੀ ਪਹਿਲੀ ਤੇ ਸਭ ਤੋਂ ਵੱਡੀ ਭਰਤੀ ਰੈਲੀ ਹੋਣ ਦੇ ਕਾਰਨ ਭਰਤੀ ਪ੍ਰਕਿਰਿਆ ਨੂੰ ਸਭ ਤੋਂ ਵੱਧ ਪਾਰਦਰਸ਼ੀ, ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ 12,000 ਤੋਂ ਵੱਧ ਉਮੀਦਵਾਰਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਉਪਲਬਧ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ।