ਬਨੂੜ ਖੇਤਰ ਦੇ ਸੱਤ ਪਿੰਡਾਂ ਦੀ 2500 ਏਕੜ ਦੇ ਕਰੀਬ ਜ਼ਮੀਨ ਹੋਵੇਗੀ ਐਕੁਆਇਰ
ਇਨ੍ਹਾਂ ਖੇਤਰਾਂ ਵਿਚ ਗਮਾਡਾ ਵੱਲੋਂ ਵਪਾਰਿਕ ਅਤੇ ਸੰਸਥਾਗਿਤ ਜ਼ੋਨਾਂ ਦੇ ਨਾਲ-ਨਾਲ 100 ਤੋਂ 2000 ਵਰਗ ਗਜ਼ ਤੱਕ ਅੱਠ ਹਜ਼ਾਰ ਤੋਂ ਵੱਧ ਰਿਹਾਇਸ਼ੀ ਪਲਾਟ ਸ਼ਾਮਲ ਕਰਨ ਦੀ ਯੋਜਨਾ ਹੈ।
Publish Date: Wed, 25 Feb 2026 11:29 AM (IST)
Updated Date: Wed, 25 Feb 2026 12:47 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਗਮਾਡਾ ਵੱਲੋਂ ਬਨੂੜ ਖੇਤਰ ਦੇ ਸੱਤ ਪਿੰਡਾਂ ’ਚ ਏਅਰੋਟ੍ਰੋਪੋਲਿਸ ਖੇਤਰ ਦੇ ਵਿਸਥਾਰ ਦੀ ਯੋਜਨਾ ਬਣਾਈ ਗਈ ਹੈ। ਗਮਾਡਾ ਵੱਲੋਂ ਇਸ ਮਕਸਦ ਲਈ ਮਾਸਟਰ ਪਲਾਨ ਬਨੂੜ ’ਚ ਸ਼ਾਮਲ ਸੱਤ ਪਿੰਡਾਂ ਦੀ 2500 ਏਕੜ ਦੇ ਕਰੀਬ ਜ਼ਮੀਨ ਐਕੁਆਇਰ ਕਰਨ ਦੀ ਸਨਾਖ਼ਤ ਕੀਤੀ ਗਈ ਹੈ। ਇਸ ਲਈ ਅਗਲੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਬਨੂੜ ਮਾਸਟਰ ਪਲਾਨ ਅਧੀਨ ਆਉਂਦੇ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਹਾਸਲ ਕਰਨ ਲਈ ਸਨਾਖ਼ਤ ਕੀਤੀ ਗਈ ਹੈ, ਉਨ੍ਹਾਂ ’ਚ ਸੇਖਨਮਾਜਰਾ, ਕੁਰੜਾ, ਤੰਗੌਰੀ, ਮਾਣਕਪੁਰ ਕੱਲਰ, ਅਜ਼ੀਜ਼ਪੁਰ, ਕਰਾਲਾ ਤੇ ਬਸੀ ਈਸੇ ਖਾਂ ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿਚ ਗਮਾਡਾ ਵੱਲੋਂ ਵਪਾਰਿਕ ਅਤੇ ਸੰਸਥਾਗਿਤ ਜ਼ੋਨਾਂ ਦੇ ਨਾਲ-ਨਾਲ 100 ਤੋਂ 2000 ਵਰਗ ਗਜ਼ ਤੱਕ ਅੱਠ ਹਜ਼ਾਰ ਤੋਂ ਵੱਧ ਰਿਹਾਇਸ਼ੀ ਪਲਾਟ ਸ਼ਾਮਲ ਕਰਨ ਦੀ ਯੋਜਨਾ ਹੈ।
ਇਹ ਟਾਊਨਸ਼ਿਪ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਦੇ ਆਲੇ-ਦੁਆਲੇ ਤੇ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਦੇ ਨੇੜਲੇ ਪਿੰਡਾਂ ਵਿਚ ਵਸਾਈ ਜਾ ਰਹੀ ਹੈ। ਗਮਾਡਾ ਦੇ ਇਕ ਅਧਿਕਾਰੀ ਅਨੁਸਾਰ ਬਲਾਕ ਈ ਤੋਂ ਜੇ ਲਈ ਮਾਸਟਰ ਪਲਾਨ ਪਹਿਲਾਂ ਹੀ ਮਨਜ਼ੂਰ ਹੋ ਚੁੱਕੇ ਹਨ। ਗਮਾਡਾ ਵੱਲੋਂ ਨਵੇਂ ਵਿਕਸਿਤ ਕੀਤੇ ਜਾਣ ਵਾਲੇ ਖੇਤਰਾਂ ਦੇ ਬੁਨਿਆਦੀ ਢਾਂਚੇ ਲਈ ਵੱਡੀ ਰਾਸ਼ੀ ਵੀ ਖਰਚ ਕੀਤੀ ਜਾ ਰਹੀ ਹੈ।