ਪੰਜਾਬ ਦੇ ਸੀਐੱਮ ਦਾ ਅਕਸ ਖ਼ਰਾਬ ਕਰਨ ਦੇ ਵਿਰੋਧ ’ਚ ਆਪ ਨੇ ਕੱਢਿਆ ਮਾਰਚ
ਸੰਗਰੂਰ 'ਚ 'ਆਪ' ਦਾ ਮਹਾਂ-ਰੋਸ ਪ੍ਰਦਰਸ਼ਨ, ਰੋਸ ਮਾਰਚ ਕੀਤਾ
Publish Date: Sat, 20 Jun 2026 05:16 PM (IST)
Updated Date: Sun, 21 Jun 2026 04:04 AM (IST)

ਚੇਅਰਮੈਨ ਡਾ. ਮਿੰਕੂ ਜਵੰਧਾ ਨੇ ਵਿਗਿਆਨਕ ਤੱਥਾਂ ਨਾਲ ਬੇਨਕਾਬ ਕੀਤੀ ਵੀਡੀਓ ਦੀ ਸਾਜ਼ਿਸ਼ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਕਸ ਨੂੰ ਸਿਆਸੀ ਤੌਰ ’ਤੇ ਡੂੰਘੀ ਸੱਟ ਮਾਰਨ ਦੀ ਨੀਅਤ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਇੱਕ ਕਥਿਤ ਫ਼ਰਜ਼ੀ ਵੀਡੀਓ ਦੇ ਵਿਰੁੱਧ ’ਚ ਸ਼ਨਿੱਚਰਵਾਰ ਆਮ ਆਦਮੀ ਪਾਰਟੀ (ਆਪ) ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮਹਾਂ-ਰੋਸ ਪ੍ਰਦਰਸ਼ਨ ਵਿੱਚ ਆਗੂਆਂ ਤੇ ਵਰਕਰਾਂ ਨੇ ਇੱਕਸੁਰ ਹੋ ਕੇ ਵਿਰੋਧੀ ਪਾਰਟੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਉੱਚ-ਪੱਧਰੀ ਵਿਗਿਆਨਕ ਤੇ ਫੋਰੈਂਸਿਕ ਤੱਥ ਸਾਂਝੇ ਕਰਦਿਆਂ ਵਿਰੋਧੀਆਂ ਦੀ ਇਸ ਡੂੰਘੀ ਸਿਆਸੀ ਸਾਜ਼ਿਸ਼ ਦੇ ਪਰਖੱਚੇ ਉਡਾ ਦਿੱਤੇ। ਉਨ੍ਹਾਂ ਕਿਹਾ ਤਕਨੀਕ ਝੂਠ ਬੋਲ ਸਕਦੀ ਹੈ, ਪਰ ਵਿਗਿਆਨਕ ਅੰਕੜੇ ਨਹੀਂ। ਕਰੀਬ 1,191 ਵਿਗਿਆਨਕ ਜਾਂਚ ਮਾਪਦੰਡਾਂ ਤੇ ਦੇਸ਼ ਦੀਆਂ 2 ਉੱਚ-ਪੱਧਰੀ ਸੁਤੰਤਰ ਫੋਰੈਂਸਿਕ ਲੈਬਾਰੇਟਰੀਆਂ ਦੀਆਂ ਅਧਿਕਾਰਤ ਰਿਪੋਰਟਾਂ ਨੇ ਹੁਣ ਇਹ ਪੂਰੀ ਤਰ੍ਹਾਂ ਤੇ ਕਾਨੂੰਨੀ ਤੌਰ ’ਤੇ ਸਾਫ਼ ਕਰ ਦਿੱਤਾ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਹੈ ਹੀ ਨਹੀਂ। ਫੋਰੈਂਸਿਕ ਮਾਹਰਾਂ ਅਨੁਸਾਰ, ਵੀਡੀਓ ਵਿਚਲੇ ਸ਼ਖ਼ਸ ਦੀ ਸਰੀਰਕ ਬਣਤਰ, ਹਾਵ-ਭਾਵ ਤੇ ਬਾਇਓਮੀਟ੍ਰਿਕਸ ਮੁੱਖ ਮੰਤਰੀ ਨਾਲ ਰੱਤੀ ਭਰ ਵੀ ਮੇਲ ਨਹੀਂ ਖਾਂਦੇ। ਇਸ ਵਿਗਿਆਨਕ ਸੱਚ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਹ ਵੀਡੀਓ ਮਹਿਜ਼ ਇੱਕ ਸੋਚੀ-ਸਮਝੀ ਡੂੰਘੀ ਸਿਆਸੀ ਸਾਜ਼ਿਸ਼ ਦੇ ਤਹਿਤ ਤਿਆਰ ਕੀਤਾ ਗਿਆ ਡਿਜੀਟਲ ਫ਼ਰਜ਼ੀਵਾੜਾ ਹੈ, ਜਿਸ ਦਾ ਇਕੋ-ਇਕ ਮਕਸਦ ਸੀਐੱਮ ਦੀ ਸਾਖ਼ ਨੂੰ ਖ਼ਰਾਬ ਕਰਨਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦਿਨੋਂ-ਦਿਨ ਵਧ ਰਹੀ ਬੇਮਿਸਾਲ ਲੋਕਪ੍ਰਿਯਤਾ, ਪੰਜਾਬ ਪੱਖੀ ਇਤਿਹਾਸਕ ਫੈਸਲਿਆਂ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮੁੜ ਮਿਲਣ ਵਾਲੀ ਇਤਿਹਾਸਕ ਸਫ਼ਲਤਾ ਨੂੰ ਦੇਖ ਕੇ ਵਿਰੋਧੀ ਖੇਮੇ ’ਚ ਭਾਰੀ ਬੌਖਲਾਹਟ ਤੇ ਨਿਰਾਸ਼ਾ ਦਾ ਮਾਹੌਲ ਹੈ। ਚੋਣਾਂ ਤੋਂ ਪਹਿਲਾਂ ਹੀ ਆਪਣੀ ਕਰਾਰੀ ਹਾਰ ਸਵੀਕਾਰ ਕਰ ਚੁੱਕੇ ਵਿਰੋਧੀ ਨੇਤਾ ਹੁਣ ਵਿਕਾਸ, ਲੋਕ-ਭਲਾਈ ਅਤੇ ਮੁੱਦਿਆਂ ਦੀ ਸਿਆਸਤ ਕਰਨ ਦੀ ਬਜਾਏ ਅਜਿਹੇ ਘਟੀਆ ਤੇ ਨੀਵੇਂ ਪੱਧਰ ਦੇ ਹੱਥਕੰਡਿਆਂ ’ਤੇ ਉਤਰ ਆਏ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀ ਸਮਾਜਿਕ ਸਾਂਝ ਤੇ ਸ਼ਾਂਤੀ ਨੂੰ ਭੰਗ ਕਰਨ ਦੀ ਨੀਅਤ ਨਾਲ ਰਚੇ ਗਏ ਇਸ ਡਿਜੀਟਲ ਫ਼ਰਜ਼ੀਵਾੜੇ ਦੇ ਅਸਲ ਮਾਸਟਰਮਾਈਂਡ ਤੇ ਇਸ ਝੂਠ ਨੂੰ ਹਵਾ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋ, ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ ਮੌਜੂਦ ਸਨ।