ਕਾਲਾਝਾੜ ਨੇੜੇ ਸੂਏ 'ਚ ਪਿਆ ਪਾੜ, ਕਈ ਏਕੜ ਝੋਨੇ ਦੀ ਫਸਲ ਡੁੱਬੀ
ਕਾਲਾਝਾੜ ਨੇੜੇ ਸੂਏ 'ਚ ਪਿਆ ਪਾੜ, ਕਈ ਏਕੜ ਝੋਨੇ ਦੀ ਫਸਲ ਡੁੱਬੀ
Publish Date: Mon, 15 Jun 2026 07:59 PM (IST)
Updated Date: Tue, 16 Jun 2026 04:09 AM (IST)

ਗੁੱਸੇ ਚ ਆਏ ਕਿਸਾਨਾਂ ਨੇ ਕੀਤੀ ਵਿਧਾਇਕ ਅਤੇ ਵਿਭਾਗ ਦੇ ਖਿਲਾਫ ਨਾਅਰੇਬਾਜੀ ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਵਾਨੀਗੜ੍ਹ ਪਿੰਡ ਚੰਨੋ ਦੇ ਨਜ਼ਦੀਕ ਕਾਲਾਝਾੜ ਵਿਖੇ ਇੱਕ ਸੂਏ ਵਿੱਚ ਪਾੜ ਪੈ ਜਾਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਪਾੜ ਪੈਣ ਨਾਲ ਕਰੀਬ 5 ਤੋਂ 7 ਏਕੜ ਝੋਨੇ ਦੀ ਲੱਗੀ ਫਸਲ ਖਰਾਬ ਹੋ ਗਈ, ਜਦਕਿ ਲਗਭਗ 20 ਏਕੜ ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਕਿਸਾਨਾਂ ਨੂੰ ਬੀਜਾਈ ਅਤੇ ਫਸਲ ਸੰਭਾਲਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਕੇ ’ਤੇ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾ ਝਾੜ ਨੇ ਦੱਸਿਆ ਕਿ ਪਿੰਡ ਕਾਲਾ ਝਾੜ ਵਿੱਚ ਅਵਤਾਰ ਸਿੰਘ ਦੀ ਕਰੀਬ ਚਾਰ ਵਿਘੇ ਜ਼ਮੀਨ ਸਾਲਾਂ ਤੋਂ ਨਹਿਰੀ ਮਹਿਕਮੇ ਦੇ ਕਬਜ਼ੇ ਹੇਠ ਹੈ, ਜਿਸ ਦਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਜ਼ਮੀਨ ਕੱਚੀ ਰਹਿ ਜਾਣ ਅਤੇ ਸੂਏ ਵਿੱਚ ਪਾਣੀ ਦੇ ਤੇਜ਼ ਭਾਵ ਕਾਰਨ ਇਹ ਪਾੜ ਪਿਆ, ਜਿਸ ਦਾ ਪਤਾ ਕਿਸਾਨਾਂ ਨੂੰ ਅੱਜ ਸਵੇਰੇ ਲੱਗਾ ਜਦੋਂ ਪਾਣੀ ਖੇਤਾਂ ਵਿੱਚ ਵੜਨਾ ਸ਼ੁਰੂ ਹੋ ਗਿਆ। ਕਿਸਾਨਾਂ ਮੁਤਾਬਕ ਦੁਪਹਿਰ ਤੱਕ ਪਾਣੀ ਦਾ ਵਹਾਅ ਕਾਫੀ ਤੇਜ਼ ਰਿਹਾ, ਜਿਸ ਕਾਰਨ ਖੇਤਾਂ ਵਿੱਚ ਪਾਣੀ ਲਗਾਤਾਰ ਫੈਲਦਾ ਗਿਆ। ਪਿੰਡ ਚੰਨੋ ਦੇ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪੰਜ ਏਕੜ ਵਿੱਚ ਝੋਨਾ ਲਗਾਇਆ ਸੀ, ਪਰ ਜ਼ਮੀਨ ਨੀਵੀਂ ਹੋਣ ਕਾਰਨ ਫਸਲ ਪਾਣੀ ਵਿੱਚ ਡੁੱਬ ਗਈ ਅਤੇ ਉਸ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਇਸ ਮੌਕੇ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਕਰੀਬ 70 ਸਾਲਾਂ ਤੋਂ ਉਸ ਦੀ ਜ਼ਮੀਨ ਨਹਿਰੀ ਮਹਿਕਮੇ ਵੱਲੋਂ ਦੱਬੀ ਹੋਈ ਹੈ। ਉਨ੍ਹਾਂ ਕਿਹਾ ਕਿ ਡੀਸੀ, ਐਸਡੀਐਮ, ਨਹਿਰੀ ਮਹਿਕਮੇ ਦੇ ਅਧਿਕਾਰੀਆਂ ਅਤੇ ਹਲਕਾ ਵਿਧਾਇਕ ਤੱਕ ਕਈ ਵਾਰ ਮਾਮਲਾ ਉਠਾਇਆ ਗਿਆ, ਪਰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ। ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨੇ ਦੇਖਿਆ ਕਿ ਸੂਏ ਵਿੱਚ ਕਾਫੀ ਗੰਦਗੀ ਜਮ੍ਹਾ ਹੋਈ ਪਈ ਸੀ, ਜਿਸ ਕਾਰਨ ਪਾਣੀ ਦਾ ਦਬਾਅ ਵੱਧਣ ਨਾਲ ਪਾੜ ਪੈਣ ਦੀ ਸੰਭਾਵਨਾ ਬਣੀ ਹੋ ਸਕਦੀ ਹੈ। ਗੁੱਸੇ ਵਿੱਚ ਆਏ ਕਿਸਾਨਾਂ ਨੇ ਹਲਕਾ ਵਿਧਾਇਕ ਅਤੇ ਨਹਿਰੀ ਮਹਿਕਮੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤੁਰੰਤ ਕਾਰਵਾਈ ਅਤੇ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਪਾਣੀ ਦਾ ਵਹਾਅ ਘਟਾ ਦਿੱਤਾ : ਜੇ.ਈ ਉੱਥੇ ਹੀ ਨਹਿਰੀ ਮਹਿਕਮੇ ਦੇ ਜੇਈ ਰਜਿੰਦਰ ਸਿੰਘ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪਾਣੀ ਦਾ ਵਹਾਅ ਘਟਾ ਦਿੱਤਾ ਗਿਆ ਹੈ ਅਤੇ ਜਲਦ ਹੀ ਪਾੜ ਨੂੰ ਪੂਰੀ ਤਰ੍ਹਾਂ ਭਰ ਕੇ ਸਥਿਤੀ ਕਾਬੂ ਵਿੱਚ ਕਰ ਲਈ ਜਾਵੇਗੀ।