70 ਫੀਸਦੀ ਝੋਨੇ ਦੀ ਲਵਾਈ ਦਾ ਕੰਮ ਮੁਕੰਮਲ, ਮੱਕੀ ਦੀ ਕਟਾਈ ਦੀ ਉਡੀਕ
70 ਫੀਸਦੀ ਝੋਨੇ ਦੀ ਲਵਾਈ ਦਾ ਕੰਮ ਮੁਕੰਮਲ, ਮੱਕੀ ਦੀ ਕਟਾਈ ਦੀ ਉਡੀਕ
Publish Date: Thu, 25 Jun 2026 04:34 PM (IST)
Updated Date: Fri, 26 Jun 2026 04:04 AM (IST)

ਸੰਗਰੂਰ ਤੇ ਮਾਲੇਰਕੋਟਲਾ ਜ਼ਿਲ੍ਹਿਆਂ ’ਚ ਕੁੱਲ 2 ਲੱਖ 93 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਹੋਵੇਗੀ ਲੁਆਈ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹੇ ’ਚ ਝੋਨੇ ਦੇ ਸੀਜ਼ਨ ਦੇ 16ਵੇਂ ਦਿਨ ਤੱਕ ਕਰੀਬ 70 ਫੀਸਦੀ ਲਵਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਸਿਰਫ਼ ਮੱਕੀ ਵਾਲੇ ਖੇਤ ਹੀ ਬਾਕੀ ਰਹਿ ਗਏ ਹਨ, ਜਿਨ੍ਹਾਂ ਦੀ ਕਟਾਈ ਤੋਂ ਬਾਅਦ ਕਿਸਾਨ ਉੱਥੇ ਝੋਨੇ ਦੀਆਂ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਖਰੀ ਜ਼ੋਨ ਵਿੱਚ ਸ਼ਾਮਲ ਸੰਗਰੂਰ, ਮਾਲੇਰਕੋਟਲਾ, ਬਰਨਾਲਾ, ਮਾਨਸਾ, ਲੁਧਿਆਣਾ, ਪਟਿਆਲਾ, ਮੋਗਾ, ਕਪੂਰਥਲਾ, ਜਲੰਧਰ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਦਾ ਕੰਮ 9 ਜੂਨ ਤੋਂ ਸ਼ੁਰੂ ਹੋਇਆ ਸੀ। ਸ਼ੁਰੂਆਤ ਵਿੱਚ ਵੱਧ ਗਰਮੀ ਤੇ ਮਜ਼ਦੂਰਾਂ ਦੀ ਘਾਟ ਕਾਰਨ ਬਹੁਤੇ ਕਿਸਾਨਾਂ ਨੇ ਲਵਾਈ ਦਾ ਕੰਮ ਰੋਕ ਰੱਖਿਆ ਸੀ, ਪਰ ਪਿਛਲੇ ਦਿਨਾਂ ਹੋਈ ਹਲਕੀ ਬਾਰਿਸ਼ ਤੋਂ ਬਾਅਦ ਲੁਆਈ ਨੇ ਰਫ਼ਤਾਰ ਫੜ ਲਈ। ਕੰਮ ਲਗਭਗ ਮੁਕੰਮਲ ਹੋਣ ਕਾਰਨ ਹੁਣ ਖੇਤਾਂ ’ਚ ਮਜ਼ਦੂਰਾਂ ਦੀ ਭਰਮਾਰ ਹੈ। ਰੇਲਵੇ ਸਟੇਸ਼ਨ ’ਤੇ ਕਿਸਾਨ ਟਰੈਕਟਰ-ਟਰਾਲੀਆਂ ਰਾਹੀਂ ਮਜ਼ਦੂਰਾਂ ਨੂੰ ਵਾਪਸ ਛੱਡਣ ਲਈ ਪਹੁੰਚ ਰਹੇ ਹਨ। ਇਸ ਵਾਰ ਸੰਗਰੂਰ ਤੇ ਮਾਲੇਰਕੋਟਲਾ ਜ਼ਿਲ੍ਹਿਆਂ ’ਚ ਕੁੱਲ 2 ਲੱਖ 93 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲੁਆਈ ਹੋਣੀ ਹੈ। ਪਿੰਡ ਬਡਰੂਖਾਂ ਅਤੇ ਉਭਾਵਾਲ ਦੇ ਕਿਸਾਨ ਸੁਖਵਿੰਦਰ ਸਿੰਘ, ਗੁਰਨਾਮ ਸਿੰਘ ਅਤੇ ਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਉੱਤਰ ਪ੍ਰਦੇਸ਼ ਬਿਹਾਰ ਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਆਏ ਹਨ। ਪਿਛਲੇ ਸਾਲ ਦੇ ਮੁਕਾਬਲੇ ਝੋਨਾ ਲੁਆਈ ਦਾ ਰੇਟ 5 ਤੋਂ 10 ਫੀਸਦੀ ਵੱਧ ਗਿਆ ਹੈ। ਜਿੱਥੇ ਪਿਛਲੇ ਸਾਲ ਪ੍ਰਤੀ ਏਕੜ 4000 ਤੋਂ 4500 ਰੁਪਏ ਤੱਕ ਲਏ ਜਾਂਦੇ ਸਨ, ਉੱਥੇ ਇਸ ਵਾਰ 4500 ਤੋਂ 5000 ਰੁਪਏ ਪ੍ਰਤੀ ਏਕੜ ਤੱਕ ਲਵਾਈ ਦਾ ਖਰਚ ਆ ਰਿਹਾ ਹੈ। ਇਸ ਤੋਂ ਇਲਾਵਾ ਸਥਾਨਕ ਪੇਂਡੂ ਮਜ਼ਦੂਰ ਪ੍ਰਵਾਸੀ ਮਜ਼ਦੂਰਾਂ ਨਾਲੋਂ ਵੀ ਮਹਿੰਗੇ ਪੈ ਰਹੇ ਹਨ। ਨਹਿਰੀ ਪਾਣੀ ਨਾਲ ਮਿਲੀ ਵੱਡੀ ਰਾਹਤ ਸੰਗਰੂਰ ਦੇ ਕਿਸਾਨ ਨਾਇਬ ਸਿੰਘ, ਧੰਨਾ ਸਿੰਘ, ਮੇਜਰ ਸਿੰਘ ਅਤੇ ਮੁਕੰਦ ਸਿੰਘ ਨੇ ਦੱਸਿਆ ਕਿ ਖੇਤਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਨਹਿਰੀ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਝੋਨੇ ਦੀ ਲਵਾਈ ਵਿੱਚ ਕਾਫ਼ੀ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਝੋਨਾ ਲੁਆਈ ਦਾ ਕੰਮ ਜਲਦੀ ਮੁਕੰਮਲ ਹੋਇਆ ਹੈ। ਖੇਤਾਂ ਵਿੱਚ ਪਾਣੀ ਦੀ ਕੋਈ ਘਾਟ ਨਹੀਂ ਹੈ ਅਤੇ ਕਿਸਾਨ ਪਹਿਲਾਂ ਲਾਏ ਝੋਨੇ ਵਿੱਚ ਯੂਰੀਆ ਅਤੇ ਹੋਰ ਦਵਾਈਆਂ ਪਾਉਣ ਦਾ ਕੰਮ ਸ਼ੁਰੂ ਕਰ ਚੁੱਕੇ ਹਨ। ਮੱਕੀ ਦੀ ਕਟਾਈ ਦੀ ਹਾਲੇ ਉਡੀਕ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੇ ਪੀਆਰ.-126, ਪੀਆਰ.-130, ਪੀਆਰ.-131, ਪੀਆਰ.-132 ਦੇ ਨਾਲ-ਨਾਲ ਬਾਸਮਤੀ 1509 ਅਤੇ 1121 ਦੀ ਬਿਜਾਈ ਕੀਤੀ ਹੈ। ਇਹ ਕਿਸਮਾਂ ਘੱਟ ਸਮੇਂ ਵਿੱਚ ਪੱਕ ਜਾਂਦੀਆਂ ਹਨ ਅਤੇ ਪਾਣੀ ਦੀ ਖਪਤ ਵੀ ਘੱਟ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਸਿਰਫ਼ ਮੱਕੀ ਵਾਲੇ ਖੇਤ ਬਾਕੀ ਹਨ। ਮੱਕੀ ਦੀ ਕਟਾਈ ਅਗਲੇ 10 ਤੋਂ 15 ਦਿਨਾਂ ਵਿੱਚ ਹੋ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਖੇਤਾਂ ਵਿੱਚ ਵੀ ਝੋਨੇ ਦੀ ਲੁਆਈ ਕੀਤੀ ਜਾਵੇਗੀ। ਕਿਸਾਨਾਂ ਨੂੰ ਨਿਰਵਿਘਨ ਮਿਲ ਰਹੀ ਬਿਜਲੀ : ਪਾਵਰਕਾਮ ਪਾਵਰਕਾਮ ਦੇ ਐਕਸੀਅਨ ਐਨਕੇ ਜਿੰਦਲ ਨੇ ਕਿਹਾ ਕਿ ਖੇਤਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹੇ ਦੇ ਟਿਊਬਵੈੱਲਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕੋਈ ਬਿਜਲੀ ਫਾਲਟ ਆਉਂਦਾ ਹੈ, ਉਸ ਨੂੰ ਤੁਰੰਤ ਠੀਕ ਕੀਤਾ ਜਾਂਦਾ ਹੈ। ਪਾਵਰਕਾਮ ਦੀ ਕੋਸ਼ਿਸ਼ ਹੈ ਕਿ ਪੂਰੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।