ਵੱਡੀ ਸਫ਼ਲਤਾ: ਗੋਲਡੀ ਢਿੱਲੋਂ ਗੈਂਗ ਦੇ 5 ਗੁਰਗੇ 10 ਪਿਸਤੌਲਾਂ ਸਮੇਤ ਗ੍ਰਿਫ਼ਤਾਰ, ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫ਼ਿਰਾਕ ’ਚ ਸਨ ਮੁਲਜ਼ਮ
ਗੈਂਗਸਟਰ ਗੋਲਡੀ ਢਿਲੋਂ ਗੈਂਗ ਨਾਲ ਜੁੜੇ 5 ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 10 ਪਿਸਤੌਲ ਬਰਾਮਦ ਕੀਤੇ ਗਏ ਹਨ। ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਬਿੰਦਰ (ਉਮਰ 22 ਸਾਲ), ਵਾਸੀ ਪਿੰਡ ਰਸੂਲਪੁਰ ਸੈਦਾਂ, ਜਤਿੰਦਰ ਗੁਪਤਾ (ਉਮਰ 27 ਸਾਲ), ਵਾਸੀ ਗੋਪਾਲ ਕਲੋਨੀ, ਪਟਿਆਲਾ, ਜਸਵੰਤ ਉਰਫ਼ ਯੋਧਾ (ਉਮਰ 24 ਸਾਲ) ਵਾਸੀ ਸੰਗਰੂਰ ਰੋਡ, ਪਟਿਆਲਾ, ਅਭਿਸ਼ੇਕ (ਉਮਰ 22 ਸਾਲ), ਵਾਸੀ ਪਿੰਡ ਸਿਘਸਰ ਹਰਿਆਣਾ ਤੇ ਅਖਿਲ ਅਹਿਮਦ (ਉਮਰ 20 ਸਾਲ), ਵਾਸੀ ਰਿਸ਼ੀ ਕਲੋਨੀ, ਪਟਿਆਲਾ ਵਜੋਂ ਹੋਈ ਹੈ।
Publish Date: Mon, 15 Jun 2026 02:35 PM (IST)
Updated Date: Mon, 15 Jun 2026 02:38 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਗੈਂਗਸਟਰ ਗੋਲਡੀ ਢਿਲੋਂ ਗੈਂਗ ਨਾਲ ਜੁੜੇ 5 ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 10 ਪਿਸਤੌਲ ਬਰਾਮਦ ਕੀਤੇ ਗਏ ਹਨ। ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਬਿੰਦਰ (ਉਮਰ 22 ਸਾਲ), ਵਾਸੀ ਪਿੰਡ ਰਸੂਲਪੁਰ ਸੈਦਾਂ, ਜਤਿੰਦਰ ਗੁਪਤਾ (ਉਮਰ 27 ਸਾਲ), ਵਾਸੀ ਗੋਪਾਲ ਕਲੋਨੀ, ਪਟਿਆਲਾ, ਜਸਵੰਤ ਉਰਫ਼ ਯੋਧਾ (ਉਮਰ 24 ਸਾਲ) ਵਾਸੀ ਸੰਗਰੂਰ ਰੋਡ, ਪਟਿਆਲਾ, ਅਭਿਸ਼ੇਕ (ਉਮਰ 22 ਸਾਲ), ਵਾਸੀ ਪਿੰਡ ਸਿਘਸਰ ਹਰਿਆਣਾ ਤੇ ਅਖਿਲ ਅਹਿਮਦ (ਉਮਰ 20 ਸਾਲ), ਵਾਸੀ ਰਿਸ਼ੀ ਕਲੋਨੀ, ਪਟਿਆਲਾ ਵਜੋਂ ਹੋਈ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਸੀ.ਆਈ.ਏ. ਮੁਖੀ ਪਰਦੀਪ ਸਿੰਘ ਬਾਜਵਾ ਦੀ ਅਗਵਾਈ ਵਿਚ ਪੁਲਿਸ ਟੀਮ ਥਾਣਾ ਅਰਬਨ ਐਸਟੇਟ ਦੇ ਏਰੀਏ ’ਚ ਪੈਟਰੋਲਿੰਗ ਕਰ ਰਹੀ ਸੀ। ਇਸ ਦੌਰਾਨ ਸਾਧੂ ਬੇਲਾ ਰੋਡ ’ਤੇ ਉਕਤ ਪੰਜਾਂ ਮੁਲਜ਼ਮਾਂ ਨੂੰ ਉਸ ਵੇਲੇ ਦਬੋਚ ਲਿਆ, ਜਦੋਂ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।
ਮੁਲਜ਼ਮਾਂ ਖ਼ਿਲਾਫ਼ ਥਾਣਾ ਅਰਬਨ ਐਸਟੇਟ ਵਿਖੇ ਅਸਲਾ ਐਕਟ ਅਤੇ ਬੀ.ਐੱਨ.ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਫੜੇ ਗਏ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਪਿਛੋਕੜ ਹੈ ਅਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਤਲ, ਇਰਾਦਾ ਕਤਲ ਅਤੇ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ।
ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜੇਲ੍ਹ ’ਚ ਬੰਦ ਰਹਿਣ ਦੌਰਾਨ ਇਨ੍ਹਾਂ ਦਾ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਬਦਨਾਮ ਨਸ਼ਾ ਅਤੇ ਹਥਿਆਰ ਤਸਕਰਾਂ ਨਾਲ ਹੋਇਆ ਸੀ।
ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਮੁਲਜ਼ਮ ਜਸਵੰਤ ਉਰਫ਼ ਯੋਧਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਤਰਨਤਾਰਨ ਦੇ ਸਾਥੀ ਨਾਲ ਸੰਪਰਕ ਕਰਕੇ ਹਥਿਆਰਾਂ ਦੀ ਖੇਪ ਮੰਗਵਾਈ ਸੀ। ਇਹ ਹਥਿਆਰ ਇਨ੍ਹਾਂ ਨੇ ਆਪਣੇ ਵਿਰੋਧੀ ਧੜੇ ਦੇ ਵਿਅਕਤੀਆਂ ’ਤੇ ਹਮਲਾ ਕਰਨ ਅਤੇ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਲਈ ਵਰਤਣੇ ਸਨ।