- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਦੀ ਮੌਜੂਦਾ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਆਪਣੇ ਸਰਕਾਰੀ, ਨਿੱਜੀ ਥਰਮਲ ਪਲਾਂਟਾਂ ਅਤੇ ਹੋਰ ਹਾਈਡਲ ਸਰੋਤਾਂ ਤੋਂ ਮਿਲ ਕੇ ਕੇਵਲ 5,000 ਮੈਗਾਵਾਟ ਦੇ ਕਰੀਬ ਹੀ ਬਿਜਲੀ ਪੈਦਾ ਕਰ ਪਾ ਰਿਹਾ ਹੈ। ਬਾਕੀ ਰਹਿੰਦੀ 10 ਹਜ਼ਾਰ ਮੈਗਾਵਾਟ ਬਿਜਲੀ ਦੀ ਵੱਡੀ ਲੋੜ ਨੂੰ ਪੂਰਾ ਕਰਨ ਲਈ ਪਾਵਰਕੌਮ ਨੂੰ ਬਾਹਰੀ ਸਰੋਤਾਂ ਅਤੇ ਕੇਂਦਰੀ ਪੂਲ 'ਤੇ ਨਿਰਭਰ ਹੋਣਾ ਪੈ ਰਿਹਾ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ: ਸੂਬੇ ਵਿੱਚ ਅੱਤ ਦੀ ਗਰਮੀ ਅਤੇ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਪਾਰ ਹੋ ਗਈ ਹੈ। ਮੰਗਲਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 15,605 ਮੈਗਾਵਾਟ ਦਰਜ ਕੀਤੀ ਗਈ। ਇੱਕ ਪਾਸੇ ਜਿੱਥੇ ਮੰਗ ਆਸਮਾਨ ਛੂਹ ਰਹੀ ਹੈ, ਉੱਥੇ ਹੀ ਸਰਕਾਰੀ ਖੇਤਰ ਦੇ ਤਿੰਨ ਪ੍ਰਮੁੱਖ ਥਰਮਲ ਪਲਾਂਟਾਂ ਦੇ 6 ਅਹਿਮ ਯੂਨਿਟ ਬੰਦ ਹੋ ਗਏ। ਇਸ ਤਕਨੀਕੀ ਖਰਾਬੀ ਕਾਰਨ ਸੂਬੇ ਦਾ 1,320 ਮੈਗਾਵਾਟ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ।
ਸੂਬੇ ਦੀ ਮੌਜੂਦਾ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਆਪਣੇ ਸਰਕਾਰੀ, ਨਿੱਜੀ ਥਰਮਲ ਪਲਾਂਟਾਂ ਅਤੇ ਹੋਰ ਹਾਈਡਲ ਸਰੋਤਾਂ ਤੋਂ ਮਿਲ ਕੇ ਕੇਵਲ 5,000 ਮੈਗਾਵਾਟ ਦੇ ਕਰੀਬ ਹੀ ਬਿਜਲੀ ਪੈਦਾ ਕਰ ਪਾ ਰਿਹਾ ਹੈ। ਬਾਕੀ ਰਹਿੰਦੀ 10 ਹਜ਼ਾਰ ਮੈਗਾਵਾਟ ਬਿਜਲੀ ਦੀ ਵੱਡੀ ਲੋੜ ਨੂੰ ਪੂਰਾ ਕਰਨ ਲਈ ਪਾਵਰਕੌਮ ਨੂੰ ਬਾਹਰੀ ਸਰੋਤਾਂ ਅਤੇ ਕੇਂਦਰੀ ਪੂਲ 'ਤੇ ਨਿਰਭਰ ਹੋਣਾ ਪੈ ਰਿਹਾ ਹੈ। ਐਨੀ ਵੱਡੀ ਮਾਤਰਾ ਵਿੱਚ ਰੋਜ਼ਾਨਾ ਬਾਹਰੋਂ ਮਹਿੰਗੀ ਬਿਜਲੀ ਖਰੀਦਣ ਕਾਰਨ ਪਾਵਰਕੌਮ 'ਤੇ ਕਰੋੜਾਂ ਰੁਪਏ ਦਾ ਵਾਧੂ ਵਿੱਤੀ ਬੋਝ ਪੈ ਰਿਹਾ ਹੈ।
ਪਾਵਰਕੌਮ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਸਰਕਾਰੀ ਖੇਤਰ ਦੇ ਪਲਾਂਟਾਂ ਦੀ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ। 840 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਰੋਪੜ ਥਰਮਲ ਪਲਾਂਟ ਦੇ ਚਾਰ ਵਿੱਚੋਂ ਦੋ ਯੂਨਿਟ ਬੰਦ ਹਨ, ਜਿਸ ਕਾਰਨ 420 ਮੈਗਾਵਾਟ ਉਤਪਾਦਨ ਠੱਪ ਹੈ। ਮੌਜੂਦਾ ਸਮੇਂ ਇੱਥੋਂ ਕੇਵਲ 250 ਮੈਗਾਵਾਟ ਬਿਜਲੀ ਹੀ ਮਿਲ ਰਹੀ ਹੈ। 920 ਮੈਗਾਵਾਟ ਸਮਰੱਥਾ ਵਾਲੇ ਲਹਿਰਾ ਮੁਹੱਬਤ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਬੰਦ ਪਏ ਹਨ। ਇੱਥੇ 710 ਮੈਗਾਵਾਟ ਉਤਪਾਦਨ ਪ੍ਰਭਾਵਿਤ ਹੋਇਆ ਹੈ ਅਤੇ ਸਿਰਫ਼ 151 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਸਰਕਾਰ ਵੱਲੋਂ ਐਕਵਾਇਰ ਕੀਤੇ ਗਏ 540 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਸਾਹਿਬ ਪਲਾਂਟ ਦੇ ਦੋ ਵਿੱਚੋਂ ਇੱਕ ਯੂਨਿਟ ਦੇ ਬੰਦ ਹੋਣ ਕਾਰਨ 270 ਮੈਗਾਵਾਟ ਉਤਪਾਦਨ ਠੱਪ ਹੈ, ਜਦੋਂ ਕਿ ਦੂਜੇ ਯੂਨਿਟ ਤੋਂ 245 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਇਸ ਸੰਕਟ ਦੇ ਦੌਰਾਨ ਨਿੱਜੀ ਖੇਤਰ ਦੇ ਥਰਮਲ ਪਲਾਂਟਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ, ਜਿਸ ਕਾਰਨ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋਣੋਂ ਬਚ ਗਿਆ। 1400 ਮੈਗਾਵਾਟ ਦੀ ਸਮਰੱਥਾ ਵਾਲੇ ਰਾਜਪੁਰਾ ਥਰਮਲ ਪਲਾਂਟ ਤੋਂ 1332 ਮੈਗਾਵਾਟ ਅਤੇ 1980 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਤੋਂ ਪਾਵਰਕੌਮ ਨੂੰ 1542 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ।
ਆਉਣ ਵਾਲੇ ਦਿਨਾਂ ’ਚ ਹੋ ਸਕਦੀ ਹੈ ਵੱਡੀ ਸਮੱਸਿਆ
ਸੂਤਰਾਂ ਮੁਤਾਬਕ ਜੇਕਰ ਬੰਦ ਪਏ ਇਨ੍ਹਾਂ 6 ਸਰਕਾਰੀ ਯੂਨਿਟਾਂ ਨੂੰ ਜਲਦੀ ਚਾਲੂ ਨਾ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਉਪਭੋਗਤਾਵਾਂ ਨੂੰ ਅਣਐਲਾਨੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਵਰਕੌਮ ਦੇ ਤਕਨੀਕੀ ਮਾਹਿਰਾਂ ਦੀਆਂ ਟੀਮਾਂ ਇਨ੍ਹਾਂ ਯੂਨਿਟਾਂ ਨੂੰ ਮੁੜ ਚਾਲੂ ਕਰਨ ਲਈ ਲਗਾਤਾਰ ਜੁਟੀਆਂ ਹੋਈਆਂ ਹਨ।