ਮਜ਼ਦੂਰ ਦਿਵਸ ਮੌਕੇ ਗੌਰੀ ਸ਼ੰਕਰ ਸੇਵਾ ਸਮਿਤੀ ਵੱਲੋਂ ਲੱਡੂ ਵੰਡ ਕੇ ਕੀਤਾ ਮਜ਼ਦੂਰਾਂ ਦਾ ਸਨਮਾਨ
ਲੱਡੂ ਵੰਡ ਕੇ ਕੀਤਾ ਮਜ਼ਦੂਰਾਂ ਦਾ ਸਨਮਾਨ
Publish Date: Fri, 01 May 2026 04:44 PM (IST)
Updated Date: Fri, 01 May 2026 04:47 PM (IST)

ਆਰ ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ਗੌਰੀ ਸ਼ੰਕਰ ਸੇਵਾ ਸਮਿਤੀ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਸਮਿਤੀ ਦੇ ਚੇਅਰਮੈਨ ਸੰਜੀਵ ਮਲਹਨ ਦੀ ਪ੍ਰਧਾਨਗੀ ਹੇਠ ਵੱਡੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਮਜ਼ਦੂਰਾਂ ਨੂੰ ਲੱਡੂ ਵੰਡ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਅਰਜੁਨ ਜਸਵਾਨੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੰਕਜ ਅੰਗਰੀਸ਼ ਹਾਜ਼ਰ ਹੋਏ। ਮਹਿਮਾਨਾਂ ਨੇ ਮਜ਼ਦੂਰਾਂ ਦਾ ਮੂੰਹ ਮਿੱਠਾ ਕਰਵਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਵੱਡੀ ਗਿਣਤੀ ’ਚ ਮਜ਼ਦੂਰ ਅਤੇ ਸਥਾਨਕ ਲੋਕ ਮੌਜੂਦ ਸਨ। ਇਸ ਮੌਕੇ ਅਰਜੁਨ ਜਸਵਾਨੀ ਅਤੇ ਪੰਕਜ ਅੰਗਰੀਸ਼ ਨੇ ਕਿਹਾ ਕਿ ਮਜ਼ਦੂਰ ਦਿਵਸ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਉਹਨਾਂ ਮਿਹਨਤੀ ਲੋਕਾਂ ਪ੍ਰਤੀ ਸਨਮਾਨ ਪ੍ਰਗਟ ਕਰਨ ਦਾ ਦਿਨ ਹੈ, ਜੋ ਆਪਣੀ ਮਿਹਨਤ ਨਾਲ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਗੌਰੀ ਸ਼ੰਕਰ ਸੇਵਾ ਸਮਿਤੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੰਸਥਾ ਹਰ ਸਾਲ ਇਸ ਦਿਨ ਨੂੰ ਵਿਸ਼ੇਸ਼ ਤੌਰ ‘ਤੇ ਮਨਾਕੇ ਮਜ਼ਦੂਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਿਤੀ ਦੇ ਚੇਅਰਮੈਨ ਸੰਜੀਵ ਮਲਹਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਕਾਬਿਲ-ਏ-ਤਾਰੀਫ਼ ਹਨ ਅਤੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਭਾਵਨਾ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹੈ। ਅੰਤ ਵਿੱਚ ਸੰਜੀਵ ਮਲਹਨ ਨੇ ਸਾਰੇ ਮਹਿਮਾਨਾਂ ਅਤੇ ਹਾਜ਼ਰ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮਾਜ ਸੇਵਾ ਦੇ ਕੰਮ ਲਗਾਤਾਰ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੀ ਜਨਤਾ ਉਨ੍ਹਾਂ ਲਈ ਪਰਿਵਾਰ ਵਰਗੀ ਹੈ ਅਤੇ ਉਹ ਹਰ ਸਮੇਂ ਲੋਕਾਂ ਦੇ ਨਾਲ ਖੜੇ ਰਹਿਣਗੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕਿਸੇ ਵੀ ਲੋੜਵੰਦ ਨੂੰ ਨਿਰਾਸ਼ ਨਹੀਂ ਕੀਤਾ ਜਾਵੇਗਾ ਅਤੇ ਸਮਿਤੀ ਹਮੇਸ਼ਾ ਸੇਵਾ ਲਈ ਤੱਤਪਰ ਰਹੇਗੀ। ਇਸ ਮੌਕੇ ਵਿਜੇ ਮਹਾਜਨ, ਠੇਕੇਦਾਰ ਅਮਰਜੀਤ ਸਿੰਘ, ਵਿਸ਼ਾਲ ਪਠਾਨੀਆ, ਤਰਲੋਕ ਚੰਦ, ਸੋਮਰਾਜ, ਬ੍ਰਿਜੇਸ਼ ਮਹਾਜਨ ਸਮੇਤ ਸਥਾਨਕ ਵਾਸੀ ਹਾਜ਼ਰ ਸਨ।