- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਗੋ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਵਿਅਰਥ ਨਹੀਂ ਜਾਣਗੀਆਂ

ਆਰ. ਸਿੰਘ, ਪੰਜਾਬੀ ਜਾਗਰਣ,
ਪਠਾਨਕੋਟ : ਮਜ਼ਦੂਰ ਦਿਵਸ ਦੇ ਮੌਕੇ ’ਤੇ ਸਭ ਤੋਂ ਪਹਿਲਾਂ ਮੰਡਲ ਸਕੱਤਰ ਕਾਮਰੇਡ ਸ਼ਿਵ ਦੱਤ ਵੱਲੋਂ ਸ਼ਹੀਦੀ ਸਮਾਰਕ ’ਤੇ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਬਾਅਦ ਆਲ ਗਵਰਨਮੈਂਟ ਐਂਪਲਾਇਜ਼ ਟਰੇਡ ਯੂਨੀਅਨ ਕੌਂਸਲ ਅਤੇ ਜੇਪੀਐੱਮਓ ਦੇ ਪਲੇਟਫਾਰਮ ਹੇਠਾਂ ਐੱਨਆਰਐੱਮਯੂ ਯੂਨੀਅਨ ਦਫ਼ਤਰ ਦੇ ਬਾਹਰ ਗੇਟ ਮੀਟਿੰਗ ਕਰਕੇ ਵੀ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਹਰਿੰਦਰ ਰੰਧਾਵਾ ਨੇ ਕੀਤੀ।
ਮੰਚ ਸੰਚਾਲਨ ਕਰਦੇ ਹੋਏ ਐੱਨਆਰਐੱਮਯੂ ਦੇ ਸਹਾਇਕ ਮੰਡਲ ਸਕੱਤਰ ਕਾਮਰੇਡ ਅਸ਼ਵਨੀ ਕੁਮਾਰ ਨੇ ਕਿਹਾ ਕਿ 1 ਮਈ ਦਾ ਇਤਿਹਾਸ ਮਜ਼ਦੂਰ ਵਰਗ ਲਈ ਪ੍ਰੇਰਣਾ ਸਰੋਤ ਹੈ। ਉਸ ਸਮੇਂ ਮਜ਼ਦੂਰਾਂ ਤੋਂ 12 ਤੋਂ 16 ਘੰਟੇ ਤੱਕ ਕੰਮ ਲਿਆ ਜਾਂਦਾ ਸੀ। ਸ਼ਿਕਾਗੋ ਦੇ ਹੇਮਾਰਕਿਟ ਵਿੱਚ ਮਜ਼ਦੂਰਾਂ ਨੇ ਆਪਣੇ ਕੰਮ ਦੇ ਘੰਟੇ ਨਿਰਧਾਰਤ ਕਰਨ ਲਈ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ, ਪਰ ਹਕੂਮਤ ਵੱਲੋਂ ਬੰਬ ਧਮਾਕੇ ਅਤੇ ਗੋਲੀਆਂ ਚਲਾਉਣ ਕਾਰਨ ਕਈ ਮਜ਼ਦੂਰ ਸ਼ਹੀਦ ਹੋ ਗਏ ਅਤੇ ਸਫੈਦ ਝੰਡਾ ਲਾਲ ਹੋ ਗਿਆ।
ਏਈਜੀਟੀਯੂਸੀ ਦੇ ਜਨਰਲ ਸਕੱਤਰ ਅਤੇ ਐੱਨਆਰਐੱਮਯੂ ਦੇ ਮੰਡਲ ਸਕੱਤਰ ਕਾਮਰੇਡ ਸ਼ਿਵ ਦੱਤ ਨੇ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਕਦੇ ਵਿਅਰਥ ਨਹੀਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 1886 ਦੇ ਇਸ ਸੰਘਰਸ਼ ਦੀ ਯਾਦ ਵਿੱਚ 1889 ਵਿੱਚ ਪੈਰਿਸ ’ਚ ਮਜ਼ਦੂਰ ਦਿਵਸ ਦੀ ਸ਼ੁਰੂਆਤ ਹੋਈ ਅਤੇ ਭਾਰਤ ਵਿੱਚ 1923 ਤੋਂ ਚੇਨਈ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਨਿੱਜੀਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਨਾਲ ਮਜ਼ਦੂਰ ਵਰਗ ਖਤਰੇ ਵਿੱਚ ਹੈ ਅਤੇ ਇਸ ਲਈ ਇਕੱਠੇ ਹੋਣ ਦੀ ਲੋੜ ਹੈ।
ਸੀਟੀਯੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮਜ਼ਦੂਰਾਂ ਨੂੰ ਸੰਘਰਸ਼ ਲਈ ਜਾਗਰੂਕ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸੀਟੀਯੂ ਪੰਜਾਬ ਦੇ ਸ਼ਿਵ ਕੁਮਾਰ, ਥੀਨ ਡੈਮ ਵਰਕਰ ਯੂਨੀਅਨ ਤੋਂ ਜਸਵੰਤ ਸਿੰਘ ਸੰਧੂ, ਆਈਐਫਟੀਯੂ ਤੋਂ ਵਿਜੇ ਕੁਮਾਰ, ਮੁਖਤਿਆਰ ਸਿੰਘ, ਜਮਹੂਰੀ ਕਿਸਾਨ ਸਭਾ ਤੋਂ ਬਲਵੰਤ ਸਿੰਘ, ਰੇਲਵੇ ਤੋਂ ਤ੍ਰਿਭੁਵਨ ਸਿੰਘ, ਸਕੱਤਰ ਲਖਬੀਰ ਸਿੰਘ, ਪੀਐਸਐਸਐਫ ਤੋਂ ਰਾਜਿੰਦਰ ਧੀਮਾਨ, ਸੁਭਾਸ਼ ਚੰਦਰ ਅਤੇ ਆਸ਼ਾ ਵਰਕਰ ਯੂਨੀਅਨ ਤੋਂ ਰਜਨੀ ਬਾਲਾ ਆਦਿ ਨੇ ਵੀ ਸ਼ਹੀਦਾਂ ਨੂੰ ਯਾਦ ਕੀਤਾ।
ਇਸ ਦੌਰਾਨ ਯੂਨੀਅਨ ਮੈਂਬਰ ਕੇਕੇ ਕੌਸ਼ਲ (ਟ੍ਰੇਨ ਮੈਨੇਜਰ, ਪਠਾਨਕੋਟ) ਦੇ ਦੇਹਾਂਤ 'ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਵੀ ਦਿੱਤੀ ਗਈ।