ਉਪਕਰਨਾਂ ਤੇ ਸਟਾਫ਼ ਦੀ ਘਾਟ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਤਰਾ
ਉਪਕਰਨਾਂ ਅਤੇ ਸਟਾਫ਼ ਦੀ ਘਾਟ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਤਰਾ
Publish Date: Sat, 09 May 2026 05:16 PM (IST)
Updated Date: Sun, 10 May 2026 04:06 AM (IST)

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪਠਾਨਕੋਟ ਵਿਖੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਗੁਰਦਾਸਪੁਰ ਸਰਕਲ (ਗੁਰਦਾਸਪੁਰ, ਪਠਾਨਕੋਟ ਤੇ ਬਟਾਲਾ) ’ਚ 1 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋਣ ਨਾਲ ਪਾਵਰਕਾਮ ਦੇ ਸਿਸਟਮ ਤੇ ਵਾਧੂ ਲੋਡ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਸਬੰਧੀ ਜੇਈ ਕੌਂਸਲ ਦੇ ਸਰਕਲ ਪ੍ਰਧਾਨ ਇੰਜੀ. ਜਤਿੰਦਰ ਸ਼ਰਮਾ ਅਤੇ ਸਰਕਲ ਜਨਰਲ ਸਕੱਤਰ ਇੰਜੀ. ਵਿਮਲ ਕੁਮਾਰ ਨੇ ਕਿਹਾ ਕਿ ਪਹਿਲਾਂ ਹੀ ਸਟਾਫ਼ ਅਤੇ ਉਪਕਰਨਾਂ ਦੀ ਭਾਰੀ ਘਾਟ ਕਾਰਨ ਨਿਰਵਿਘਨ ਬਿਜਲੀ ਸਪਲਾਈ ਬਣਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਲੂਮੀਨੀਅਮ ਸਿਲੰਡਰ, ਪੀਜੀ ਕਲੈਂਪ, ਮੇਲ-ਫੀਮੇਲ ਕਾਂਟੈਕਟ, ਐਚਟੀ ਫਿਊਜ਼ ਤਾਰ, ਐਲਟੀ ਕੇਬਲ, ਐਚਟੀ ਅਤੇ ਐਲਟੀ ਮੀਟਰ ਵਰਗਾ ਲੋੜੀਂਦਾ ਸਮਾਨ ਸਟੋਰਾਂ ਵਿੱਚ ਉਪਲਬਧ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੰਚਾਈ ਵਿਭਾਗ ਅਤੇ ਪਾਵਰਕਾਮ ਪ੍ਰਬੰਧਨ ਦੀ ਗੰਭੀਰਤਾ ਦੀ ਕਮੀ ਕਾਰਨ ਗਰਮੀ ਦੇ ਮੌਸਮ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦਾਸਪੁਰ ਸਰਕਲ ਦੀ ਐਮਰਜੈਂਸੀ ਮੀਟਿੰਗ ਦੌਰਾਨ ਕੀਤਾ, ਜਿਸ ਵਿੱਚ ਇੰਜੀ. ਤਰਸੇਮ ਲਾਲ, ਇੰਜੀ. ਬਲਦੇਵ ਰਾਜ, ਇੰਜੀ. ਦਵਿੰਦਰ ਪਰਾਸ਼ਰ, ਇੰਜੀ. ਨਿਤਿਨ ਸੈਣੀ, ਇੰਜੀ. ਚੰਦਰ ਮੋਹਨ ਮਹਾਜਨ, ਇੰਜੀ. ਮਨਜੀਤ ਸਿੰਘ, ਇੰਜੀ. ਗਗਨਦੀਪ ਸਿੰਘ, ਇੰਜੀ. ਸੁਖਦੇਵ ਸਿੰਘ ਕਾਲਾ ਨੰਗਲ, ਇੰਜੀ. ਰਜਤ ਸ਼ਰਮਾ ਅਤੇ ਇੰਜੀ. ਮਨਦੀਪ ਸੈਣੀ ਵੀ ਹਾਜ਼ਰ ਸਨ। ਬੁਲਾਰਿਆਂ ਨੇ ਕਿਹਾ ਕਿ ਉਪ-ਮੰਡਲਾਂ ਵਿੱਚ ਤਕਨੀਕੀ ਮੁਲਾਜ਼ਮਾਂ ਦੇ ਕਰੀਬ 60 ਫੀਸਦੀ ਅਹੁਦੇ ਖਾਲੀ ਪਏ ਹਨ, ਪਰ ਨਾ ਪੰਜਾਬ ਸਰਕਾਰ ਅਤੇ ਨਾ ਹੀ ਪਾਵਰਕਾਮ ਪ੍ਰਬੰਧਨ ਇਸ ਮਸਲੇ ਪ੍ਰਤੀ ਗੰਭੀਰ ਹੈ। ਇੰਜੀ. ਜਤਿੰਦਰ ਸ਼ਰਮਾ ਨੇ ਕਿਹਾ ਕਿ ਮੰਡਲ ਪੱਧਰ ਤੇ ਸਮਾਨ ਖਰੀਦਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤੱਕ ਕੋਈ ਖਰੀਦ ਨਹੀਂ ਕੀਤੀ ਗਈ। ਇੰਜੀ. ਵਿਮਲ ਕੁਮਾਰ ਨੇ ਕਿਹਾ ਕਿ ਜੇਕਰ ਜੇ.ਈਜ਼ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਗਠਨ ਵੱਲੋਂ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰ ਕੇ ਪ੍ਰਬੰਧਨ ਨੂੰ ਨੋਟਿਸ ਦਿੱਤਾ ਜਾਵੇਗਾ।