ਬੁੱਚੜਖਾਨੇ ਖ਼ਿਲਾਫ਼ ਸੜਕਾਂ ’ਤੇ ਨਿੱਤਰੇ ਵਿਹਿਪ-ਬਜਰੰਗ ਦਲ, ਪਠਾਨਕੋਟ-ਅੰਮ੍ਰਿਤਸਰ ਹਾਈਵੇ ’ਤੇ ਲੱਗੀਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਕੌਮੀ ਮਾਰਗ ’ਤੇ ਧਰਨਾ ਲਗਾਏ ਜਾਣ ਕਾਰਨ ਦੋਵਾਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਿਹਿਪ ਅਤੇ ਬਜਰੰਗ ਦਲ ਦੇ ਆਗੂਆਂ ਨੇ ਕਿਹਾ ਕਿ ਪਠਾਨਕੋਟ 'ਚ ਕਥਿਤ ਨਾਜਾਇਜ਼ ਬੁੱਚੜਖਾਨਿਆਂ, ਗਊ ਤਸਕਰੀ ਤੇ ਗਊ ਹੱਤਿਆ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Publish Date: Tue, 15 Sep 2026 03:51 PM (IST)
Updated Date: Tue, 15 Sep 2026 04:28 PM (IST)
ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਪੌੜੀਆਂ ’ਤੇ ਲੇਟ ਕੇ ਰੋਸ ਪ੍ਰਗਟ ਕਰਦੇ ਵਿਹਿਪ, ਬਜਰੰਗ ਦਲ ਅਤੇ ਹੋਰ ਜਥੇਬੰਦੀਆਂ ਦੇ ਆਗੂ ਤੇ ਵਰਕਰ। ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਅਖਵਾਨਾ ਉਦਯੋਗਿਕ ਵਿਕਾਸ ਕੇਂਦਰ 'ਚ ਕਥਿਤ ਨਾਜਾਇਜ਼ ਬੁੱਚੜਖਾਨੇ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵੱਲੋਂ ਅੱਜ ਪਠਾਨਕੋਟ-ਅੰਮ੍ਰਿਤਸਰ ਕੌਮੀ ਮਾਰਗ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਗਈ। ਰੋਸ ਪ੍ਰਦਰਸ਼ਨ 'ਚ ਜ਼ਿਲ੍ਹੇ ਦੀਆਂ ਰਾਮਲੀਲਾ ਕਮੇਟੀਆਂ, ਕੀਰਤਨ ਮੰਡਲੀਆਂ, ਮੰਦਰ ਕਮੇਟੀਆਂ ਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨਾਲ ਸਬੰਧਤ ਸਨਾਤਨੀ ਹਿੰਦੂ ਨੁਮਾਇੰਦਿਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ।
ਇਸ ਤੋਂ ਪਹਿਲਾਂ ਸਾਰੇ ਪ੍ਰਦਰਸ਼ਨਕਾਰੀ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ। ਡਿਪਟੀ ਕਮਿਸ਼ਨਰ ਪੱਲਵੀ ਦੇ ਦਫ਼ਤਰ ਤੋਂ ਬਾਹਰ ਨਾ ਆਉਣ ’ਤੇ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਦੇ ਬਾਹਰ ਹੀ ਧਰਨਾ ਲਾ ਦਿੱਤਾ। ਇਸ ਦੌਰਾਨ ਦਫ਼ਤਰ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਰੋਕਿਆ, ਜਿਸ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਕੁਝ ਪ੍ਰਦਰਸ਼ਨਕਾਰੀ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਪੌੜੀਆਂ ’ਤੇ ਲੇਟ ਗਏ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ।
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਸਹਿ-ਮੰਤਰੀ ਐਡਵੋਕੇਟ ਰਮਨ ਠਾਕੁਰ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਸੰਯੋਜਕ ਵਿਸ਼ਾਲ ਚੌਹਾਨ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਉਹ ਹੁਣ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਨਹੀਂ ਦੇਣਗੇ। ਇਸ ਉਪਰੰਤ ਸਰਬਸੰਮਤੀ ਨਾਲ ਕੌਮੀ ਮਾਰਗ ਜਾਮ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੌਕੇ ’ਤੇ ਹੀ ਮੰਗ-ਪੱਤਰ ਸੌਂਪਣ ਦੀ ਗੱਲ ਕਹੀ ਗਈ।
ਪ੍ਰਦਰਸ਼ਨਕਾਰੀਆਂ ਵੱਲੋਂ ਕੌਮੀ ਮਾਰਗ ’ਤੇ ਧਰਨਾ ਲਗਾਏ ਜਾਣ ਕਾਰਨ ਦੋਵਾਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਿਹਿਪ ਅਤੇ ਬਜਰੰਗ ਦਲ ਦੇ ਆਗੂਆਂ ਨੇ ਕਿਹਾ ਕਿ ਪਠਾਨਕੋਟ 'ਚ ਕਥਿਤ ਨਾਜਾਇਜ਼ ਬੁੱਚੜਖਾਨਿਆਂ, ਗਊ ਤਸਕਰੀ ਤੇ ਗਊ ਹੱਤਿਆ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਵਿਹਿਪ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਮਾਮਲੇ ਵਿਚ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਸਮੁੱਚਾ ਹਿੰਦੂ ਸਮਾਜ ਅਖਵਾਨਾ ਉਦਯੋਗਿਕ ਵਿਕਾਸ ਕੇਂਦਰ ਸਥਿਤ ਬੂਚੜਖਾਨੇ ਵੱਲ ਕੂਚ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਦੀ ਹੋਵੇਗੀ।