- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਾਂਧੀ ਚੌਕ, ਅੰਦਰੂਣ ਬਾਜ਼ਾਰ, ਓਲਡ ਸ਼ਾਹਪੁਰ ਰੋਡ, ਮੀਟ ਮਾਰਕੀਟ ਸਮੇਤ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸੜਕਾਂ ਪਾਣੀ ਨਾਲ ਭਰੀਆਂ ਦਿਖਾਈ ਦਿੱਤੀਆਂ। ਲਮੀਣੀ ਦੀਆਂ ਗਲੀਆਂ ਵਿੱਚ ਵੀ ਪਾਣੀ ਭਰਨ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਆਈ। ਕਈ ਥਾਵਾਂ 'ਤੇ ਪਾਣੀ ਘਰਾਂ ਅਤੇ ਦੁਕਾਨਾਂ ਦੇ ਅੱਗੇ ਤੱਕ ਪਹੁੰਚ ਗਿਆ।

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ — ਸ਼ੁੱਕਰਵਾਰ ਸਵੇਰੇ ਕਰੀਬ ਦੋ ਘੰਟੇ ਪਈ ਭਾਰੀ ਬਾਰਿਸ਼ ਨੇ ਪਠਾਨਕੋਟ ਸ਼ਹਿਰ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਥੋੜ੍ਹੇ ਸਮੇਂ ਦੀ ਤੇਜ਼ ਬਾਰਿਸ਼ ਕਾਰਨ ਸ਼ਹਿਰ ਦੇ ਕਈ ਮੁੱਖ ਬਾਜ਼ਾਰਾਂ, ਸੜਕਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਕਈ ਥਾਵਾਂ 'ਤੇ ਇੱਕ ਤੋਂ ਦੋ ਫੁੱਟ ਤੱਕ ਪਾਣੀ ਖੜ੍ਹਾ ਹੋਣ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸਕੂਲਾਂ, ਦਫ਼ਤਰਾਂ ਅਤੇ ਕੰਮਕਾਜ ਲਈ ਘਰਾਂ ਤੋਂ ਨਿਕਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਗਾਂਧੀ ਚੌਕ, ਅੰਦਰੂਣ ਬਾਜ਼ਾਰ, ਓਲਡ ਸ਼ਾਹਪੁਰ ਰੋਡ, ਮੀਟ ਮਾਰਕੀਟ ਸਮੇਤ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸੜਕਾਂ ਪਾਣੀ ਨਾਲ ਭਰੀਆਂ ਦਿਖਾਈ ਦਿੱਤੀਆਂ। ਲਮੀਣੀ ਦੀਆਂ ਗਲੀਆਂ ਵਿੱਚ ਵੀ ਪਾਣੀ ਭਰਨ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਆਈ। ਕਈ ਥਾਵਾਂ 'ਤੇ ਪਾਣੀ ਘਰਾਂ ਅਤੇ ਦੁਕਾਨਾਂ ਦੇ ਅੱਗੇ ਤੱਕ ਪਹੁੰਚ ਗਿਆ।
ਵਾਹਨਾਂ ਦੇ ਪਹੀਏ ਰੁਕੇ, ਲੋਕਾਂ ਨੇ ਲਾਏ ਧੱਕੇ ---
ਮੀਂਹ ਦੇ ਪਾਣੀ ਦਾ ਸਭ ਤੋਂ ਵੱਧ ਅਸਰ ਆਵਾਜਾਈ 'ਤੇ ਪਿਆ। ਪਾਣੀ ਵਿੱਚੋਂ ਲੰਘਦੇ ਕਈ ਦੋਪਹੀਆ ਅਤੇ ਚਾਰਪਹੀਆ ਵਾਹਨ ਬੰਦ ਹੋ ਗਏ। ਵਾਹਨ ਚਾਲਕਾਂ ਨੂੰ ਆਪਣੇ ਵਾਹਨ ਸੜਕਾਂ ਤੋਂ ਬਾਹਰ ਕੱਢਣ ਲਈ ਲੋਕਾਂ ਦੀ ਮਦਦ ਲੈਣੀ ਪਈ। ਕਈ ਥਾਵਾਂ 'ਤੇ ਲੋਕ ਵਾਹਨਾਂ ਨੂੰ ਧੱਕੇ ਲਗਾਉਂਦੇ ਨਜ਼ਰ ਆਏ। ਪਾਣੀ ਭਰਨ ਕਾਰਨ ਪੈਦਲ ਰਾਹਗੀਰਾਂ ਨੂੰ ਵੀ ਆਪਣੇ ਰਸਤੇ ਬਦਲਣੇ ਪਏ।
ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ 'ਤੇ ਲੋਕਾਂ 'ਚ ਰੋਸ
ਸਥਾਨਕ ਵਸਨੀਕ ਵਿਨੈ, ਆਕਾਸ਼, ਅਸ਼ਵਨੀ, ਜਸਵਿੰਦਰ ਅਤੇ ਮਨਪ੍ਰੀਤ ਸਮੇਤ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਨਗਰ ਨਿਗਮ ਪ੍ਰਸ਼ਾਸਨ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹਰ ਸਾਲ ਬਰਸਾਤ ਤੋਂ ਪਹਿਲਾਂ ਨਾਲਿਆਂ ਅਤੇ ਸੀਵਰੇਜ ਦੀ ਸਫ਼ਾਈ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਬਾਰਿਸ਼ ਪੈਣ ਮੌਕੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ।
ਲੋਕਾਂ ਦਾ ਕਹਿਣਾ ਸੀ ਕਿ ਜੇਕਰ ਮੁੱਖ ਨਿਕਾਸੀ ਨਾਲਿਆਂ ਅਤੇ ਸੀਵਰੇਜ ਲਾਈਨਾਂ ਦੀ ਸਮੇਂ ਸਿਰ ਡੂੰਘਾਈ ਨਾਲ ਸਫ਼ਾਈ ਕੀਤੀ ਜਾਂਦੀ ਤਾਂ ਥੋੜ੍ਹੇ ਸਮੇਂ ਦੀ ਬਾਰਿਸ਼ ਤੋਂ ਬਾਅਦ ਇੰਨਾ ਜ਼ਿਆਦਾ ਪਾਣੀ ਨਾ ਹੁੰਦਾ। ਉਨ੍ਹਾਂ ਕਿਹਾ ਕਿ ਹਰ ਸਾਲ ਬਾਰਿਸ਼ ਦੌਰਾਨ ਦੁਕਾਨਦਾਰਾਂ ਅਤੇ ਘਰਾਂ ਦੇ ਮਾਲਕਾਂ ਨੂੰ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ।
ਪਾਣੀ ਕੱਢਣ ਲਈ ਨਗਰ ਨਿਗਮ ਦੀਆਂ ਟੀਮਾਂ ਸਰਗਰਮ----
ਬਾਰਿਸ਼ ਰੁਕਣ ਉਪਰੰਤ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਪੰਪਾਂ ਅਤੇ ਮੁਲਾਜ਼ਮਾਂ ਦੀ ਮਦਦ ਨਾਲ ਵੱਖ-ਵੱਖ ਥਾਵਾਂ ਤੋਂ ਪਾਣੀ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ। ਹਾਲਾਂਕਿ, ਸਥਾਨਕ ਲੋਕਾਂ ਨੇ ਕਿਹਾ ਕਿ ਬਾਰਿਸ਼ ਤੋਂ ਬਾਅਦ ਪਾਣੀ ਕੱਢਣਾ ਤੁਰੰਤ ਰਾਹਤ ਤਾਂ ਦੇ ਸਕਦਾ ਹੈ ਪਰ ਸਮੱਸਿਆ ਦਾ ਸਥਾਈ ਹੱਲ ਨਹੀਂ ਹੈ।
ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਮੁੱਖ ਨਿਕਾਸੀ ਨਾਲਿਆਂ, ਸੀਵਰੇਜ ਲਾਈਨਾਂ ਅਤੇ ਨੀਵੇਂ ਇਲਾਕਿਆਂ ਦੀ ਨਿਕਾਸੀ ਵਿਵਸਥਾ ਦੀ ਵਿਸ਼ੇਸ਼ ਜਾਂਚ ਕਰਵਾ ਕੇ ਲੋੜੀਂਦੇ ਸੁਧਾਰ ਕੀਤੇ ਜਾਣ, ਤਾਂ ਜੋ ਹਰ ਵਾਰ ਬਾਰਿਸ਼ ਪੈਣ 'ਤੇ ਸ਼ਹਿਰ ਵਾਸੀਆਂ ਨੂੰ ਬਾਰਸ਼ ਦੇ ਪਾਣੀ ਦੀ ਸਮੱਸਿਆ ਨਾਲ ਨਾ ਜੂਝਣਾ ਪਵੇ।