12ਵੀਂ ’ਚ ਆਏ ਸਨ 90% ਨੰਬਰ, ਹਰ ਕੋਈ ਕਰ ਰਿਹਾ ਸੀ ਤਾਰੀਫ਼; ਨਿਊਯਾਰਕ ’ਚ ਮਾਂ ਨੂੰ ਬਚਾਉਣ ਦੌਰਾਨ ਗਈ ਪਠਾਨਕੋਟ ਦੇ ਰੋਮਾਂਚ ਮਹਾਜਨ ਦੀ ਜਾਨ
ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮਸ਼ਹੂਰ ਸੈਂਟਰਲ ਪਾਰਕ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਪਠਾਨਕੋਟ ਤੋਂ ਘੁੰਮਣ ਗਏ 18 ਸਾਲਾ ਨੌਜਵਾਨ ਰੋਮਾਂਚ ਮਹਾਜਨ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਘੋੜਾ-ਗੱਡੀ ਅਚਾਨਕ ਬੇਕਾਬੂ ਹੋ ਕੇ ਦੌੜ ਪਈ ਅਤੇ ਹਫ਼ੜਾ-ਦਫ਼ੜੀ ਦੇ ਮਾਹੌਲ ਵਿੱਚ ਰੋਮਾਂਚ ਆਪਣੀ ਮਾਂ ਦੀ ਮਦਦ ਕਰਨ ਲਈ ਚਲਦੀ ਗੱਡੀ ਤੋਂ ਹੇਠਾਂ ਆ ਗਿਆ।
Publish Date: Fri, 19 Jun 2026 05:05 PM (IST)
Updated Date: Fri, 19 Jun 2026 05:07 PM (IST)

ਸੰਵਾਦ ਸਹਿਯੋਗੀ, ਜਾਗਰਣ, ਪਠਾਨਕੋਟ। ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮਸ਼ਹੂਰ ਸੈਂਟਰਲ ਪਾਰਕ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਪਠਾਨਕੋਟ ਤੋਂ ਘੁੰਮਣ ਗਏ 18 ਸਾਲਾ ਨੌਜਵਾਨ ਰੋਮਾਂਚ ਮਹਾਜਨ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਘੋੜਾ-ਗੱਡੀ ਅਚਾਨਕ ਬੇਕਾਬੂ ਹੋ ਕੇ ਦੌੜ ਪਈ ਅਤੇ ਹਫ਼ੜਾ-ਦਫ਼ੜੀ ਦੇ ਮਾਹੌਲ ਵਿੱਚ ਰੋਮਾਂਚ ਆਪਣੀ ਮਾਂ ਦੀ ਮਦਦ ਕਰਨ ਲਈ ਚਲਦੀ ਗੱਡੀ ਤੋਂ ਹੇਠਾਂ ਆ ਗਿਆ।
ਇਸ ਹਾਦਸੇ ਵਿੱਚ ਰੋਮਾਂਚ ਮਹਾਜਨ ਦੇ ਸਿਰ 'ਤੇ ਡੂੰਘੀ ਸੱਟ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਨਾਲ ਕਰੀਬ ਚਾਰ ਦਿਨ ਪਹਿਲਾਂ ਹੀ ਅਮਰੀਕਾ ਘੁੰਮਣ ਗਿਆ ਸੀ। ਉਸ ਦੇ ਨਾਲ ਉਸ ਦੇ ਪਿਤਾ ਦੀਪਕ ਮਹਾਜਨ, ਮਾਂ ਪ੍ਰਿਆ ਮਹਾਜਨ ਅਤੇ ਛੋਟਾ ਭਰਾ ਮਾਣਿਕ ਮਹਾਜਨ ਵੀ ਸੀ।
ਰੋਮਾਂਚ ਮਹਾਜਨ ਦੇ ਦਾਦਾ ਅਤੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਰੋਮਾਂਚ ਆਪਣੇ ਪਿਤਾ ਦੀਪਕ ਮਹਾਜਨ, ਮਾਤਾ ਪ੍ਰਿਆ ਮਹਾਜਨ ਅਤੇ ਛੋਟੇ ਭਰਾ ਨਾਲ ਨਿਊਯਾਰਕ ਘੁੰਮਣ ਆਇਆ ਹੋਇਆ ਸੀ। ਪਰਿਵਾਰ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀ ਦੀ ਸਵਾਰੀ ਦਾ ਆਨੰਦ ਲੈ ਰਿਹਾ ਸੀ। ਰੋਮਾਂਚ ਦੇ ਪਿਤਾ ਨੇ ਦੱਸਿਆ ਕਿ ਗੱਡੀ ਦਾ ਚਾਲਕ (ਡਰਾਈਵਰ) ਪਰਿਵਾਰ ਦੀ ਫੋਟੋ ਖਿੱਚਣ ਲਈ ਰੁਕਿਆ ਹੋਇਆ ਸੀ ਪਰ ਇਸੇ ਦੌਰਾਨ ਘੋੜਾ ਅਚਾਨਕ ਬੇਕਾਬੂ ਹੋ ਗਿਆ ਅਤੇ ਗੱਡੀ ਤੇਜ਼ ਰਫ਼ਤਾਰ ਨਾਲ ਦੌੜਨ ਲੱਗੀ।
ਗੱਡੀ ਵਿੱਚ ਸਵਾਰ ਪਰਿਵਾਰ ਦੇ ਮੈਂਬਰ ਡਰ ਦੇ ਮਾਰੇ ਮਦਦ ਲਈ ਚੀਕਦੇ ਰਹੇ। ਇਸੇ ਦੌਰਾਨ ਰੋਮਾਂਚ ਦੀ ਮਾਂ ਪ੍ਰਿਆ ਮਹਾਜਨ ਸੰਤੁਲਨ ਖੋਹ ਬੈਠੀ ਅਤੇ ਚਲਦੀ ਗੱਡੀ ਤੋਂ ਹੇਠਾਂ ਡਿੱਗ ਗਈ। ਮਾਂ ਨੂੰ ਡਿੱਗਦੇ ਦੇਖ ਰੋਮਾਂਚ ਤੁਰੰਤ ਉਨ੍ਹਾਂ ਦੀ ਮਦਦ ਲਈ ਗੱਡੀ ਤੋਂ ਕੁੱਦ ਪਿਆ। ਪਰ ਸੜਕ 'ਤੇ ਡਿੱਗਣ ਕਾਰਨ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ।
ਰੋਮਾਂਚ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਬੀਤੀ ਰਾਤ ਉਸ ਨੇ ਦਮ ਤੋੜ ਦਿੱਤਾ। ਹਾਦਸੇ ਵਿੱਚ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਦੱਸ ਦੇਈਏ ਕਿ ਰੋਮਾਂਚ ਦੇ ਪਿਤਾ ਦੀਪਕ ਮਹਾਜਨ ਪਠਾਨਕੋਟ ਵਿੱਚ 'ਓਪੁਲੈਂਸ ਟੂਰ' ਦੇ ਨਾਮ 'ਤੇ ਟ੍ਰੈਵਲ ਏਜੰਸੀ ਚਲਾਉਂਦੇ ਹਨ।
ਉਸ ਦੇ ਦਾਦਾ ਰਮੇਸ਼ ਸ਼ਹਿਰ ਵਿੱਚ ਜਿਊਲਰ (ਸੁਨਿਆਰੇ) ਦਾ ਕਾਰੋਬਾਰ ਚਲਾ ਰਹੇ ਹਨ। ਇਸ ਤੋਂ ਇਲਾਵਾ ਦੀਪਕ ਦਾ ਪਰਿਵਾਰ ਸ਼ਹਿਰ ਵਿੱਚ ਹੋਟਲ ਅਤੇ ਜਿਊਲਰੀ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਰੋਮਾਂਚ ਦੀ ਮੌਤ ਤੋਂ ਬਾਅਦ ਪਠਾਨਕੋਟ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੋਮਾਂਚ ਨੂੰ ਘਰ ਵਿੱਚ 'ਰਕਿਤ' ਦੇ ਨਾਮ ਨਾਲ ਬੁਲਾਇਆ ਜਾਂਦਾ ਸੀ। ਪੜ੍ਹਾਈ ਵਿੱਚ ਹੁਸ਼ਿਆਰ ਰੋਮਾਂਚ ਨੇ ਇਸੇ ਸਾਲ ਡੀ.ਪੀ.ਐੱਸ (ਡਲਹੌਜ਼ੀ) ਪਬਲਿਕ ਸਕੂਲ ਤੋਂ 12ਵੀਂ ਜਮਾਤ 90 ਫ਼ੀਸਦੀ ਤੋਂ ਵੱਧ ਅੰਕਾਂ ਨਾਲ ਪਾਸ ਕੀਤੀ ਸੀ। ਜਿਸ ਤੋਂ ਬਾਅਦ ਪਰਿਵਾਰ ਰੋਮਾਂਚ ਨੂੰ ਉੱਚੇਰੀ ਪੜ੍ਹਾਈ ਲਈ ਵਿਦੇਸ਼ ਭੇਜਣ ਬਾਰੇ ਵਿਚਾਰ ਕਰ ਰਿਹਾ ਸੀ।