ਸੀਟੀਯੂ ਪੰਜਾਬ ਨੇ ਨਵੀਂ ਕਮੇਟੀ ਦਾ ਗਠਨ ਕੀਤਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਹੋਣਗੀਆਂ ਹੋਰ ਗੰਭੀਰ
Publish Date: Sun, 12 Jul 2026 05:44 PM (IST)
Updated Date: Sun, 12 Jul 2026 05:45 PM (IST)
ਆਰ.ਸਿੰਘ, ਪੰਜਾਬੀ ਜਾਗਰਣ ਸ਼ਾਹਪੁਰਕੰਡੀ/ਪਠਾਨਕੋਟ : ਸੈਂਟਰ ਆਫ਼ ਟਰੇਡ ਯੂਨੀਅਨਜ਼ (ਸੀਟੀਯੂ) ਪੰਜਾਬ ਦੀ ਛੇਵੀਂ ਦੋ ਰੋਜ਼ਾ ਸੂਬਾਈ ਜਥੇਬੰਦਕ ਕਾਨਫਰੰਸ ਦੌਰਾਨ ਪੰਜਾਬ ਭਰ ਤੋਂ ਪੁੱਜੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸੀਟੀਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਤੇ ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕੇਂਦਰ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਤੇ ਭਾਰਤ-ਅਮਰੀਕਾ ਇਕਤਰਫ਼ਾ ਵਪਾਰਕ (ਐੱਫਟੀਏ) ਸਮਝੌਤਾ ਮਜ਼ਦੂਰ ਵਰਗ ਦੀਆਂ ਸਮੱਸਿਆਵਾਂ ਨੂੰ ਹੋਰ ਵਧਾਏਗਾ। ਚਾਰ ਲੇਬਰ ਕੋਡ ਤੇ ਕੰਮ ਦੇ ਘੰਟੇ ਵਧਾਉਣ ਵਰਗੇ ਫ਼ੈਸਲੇ ਕਿਰਤੀ ਵਰਗ ਦੇ ਹਿੱਤਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ’ਚ ਕੋਈ ਵਿਰੋਧ ਨਹੀਂ ਕਰ ਰਹੀ। ਕਾਨਫਰੰਸ ਦੌਰਾਨ ਸੀਟੀਯੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ’ਤੇ ਡੈਲੀਗੇਟਾਂ ਨੇ ਵਿਚਾਰ-ਵਟਾਂਦਰਾ ਕਰਦਿਆਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਤੇ ਸੰਘਰਸ਼ ਤੇਜ਼ ਕਰਨ ਲਈ ਸੁਝਾਅ ਦਿੱਤੇ। ਬਾਅਦ ਵਿੱਚ ਰਿਪੋਰਟ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ। ਕਾਨਫਰੰਸ ’ਚ ਜੰਗ ਦੀ ਥਾਂ ਅਮਨ, ਲੇਬਰ ਕੋਡ ਰੱਦ ਕਰਨ, ਪੁਰਾਣੇ ਕਿਰਤ ਕਾਨੂੰਨ ਬਹਾਲ ਕਰਨ, ਠੇਕਾ ਪ੍ਰਥਾ ਖਤਮ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇਣ, ਭਾਰਤ-ਅਮਰੀਕਾ ਵਪਾਰ ਸਮਝੌਤਾ ਰੱਦ ਕਰਨ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਸਬੰਧੀ ਮਤੇ ਵੀ ਪਾਸ ਕੀਤੇ ਗਏ। ਅੰਤ ਵਿੱਚ ਸੀਟੀਯੂ ਪੰਜਾਬ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ। ਇਸ ਵਿੱਚ ਕਾਮਰੇਡ ਜਗਦੀਸ਼ ਚੰਦਰ (ਲੁਧਿਆਣਾ) ਨੂੰ ਪ੍ਰਧਾਨ, ਹਰਿੰਦਰ ਸਿੰਘ ਰੰਧਾਵਾ ਨੂੰ ਜਨਰਲ ਸਕੱਤਰ, ਗੁਰਦੀਪ ਸਿੰਘ ਕਲਸੀ (ਰਾਏਕੋਟ) ਨੂੰ ਵਿੱਤ ਸਕੱਤਰ, ਕਾਮਰੇਡ ਨੱਥਾ ਸਿੰਘ ਢਡਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਕਾਮਰੇਡ ਮੰਗਤ ਰਾਮ ਪਾਸਲਾ, ਸੱਜਣ ਸਿੰਘ, ਜਸਵੰਤ ਸਿੰਘ ਸੰਧੂ, ਧਿਆਨ ਸਿੰਘ ਠਾਕੁਰ, ਗੰਗਾ ਪ੍ਰਸਾਦ, ਹਰੀਮੁਨੀ ਸਿੰਘ ਨੂੰ ਮੀਤ ਪ੍ਰਧਾਨ, ਕਾਮਰੇਡ ਸ਼ਿਵ ਕੁਮਾਰ ਨੂੰ ਸਕੱਤਰ ਅਤੇ ਮਾਸਟਰ ਸੁਭਾਸ਼ ਸ਼ਰਮਾ, ਲਾਲ ਚੰਦ ਮਾਨਸਾ, ਕਿਰਪਾਲ ਸਿੰਘ ਗਿੱਲ, ਜਗਤਾਰ ਸਿੰਘ ਕਰਮਪੁਰਾ, ਅਮਰਜੀਤ ਘਨੌਰ, ਸਰਬਜੀਤ ਸਿੰਘ ਵੜੈਚ, ਬਲਰਾਮ ਸਿੰਘ ਲੁਧਿਆਣਾ ਤੇ ਜਗੀਰ ਸਿੰਘ ਬਟਾਲਾ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ। ਇਸ ਮੌਕੇ 50 ਮੈਂਬਰੀ ਸੂਬਾਈ ਵਰਕਿੰਗ ਕਮੇਟੀ ਦਾ ਵੀ ਗਠਨ ਕੀਤਾ ਗਿਆ।