ਭਿਆਨਕ ਸੜਕ ਹਾਦਸਾ: ਜੰਮੂ ਤੋਂ ਡੇਰਾ ਬਿਆਸ ਜਾ ਰਹੀ ਸੰਗਤਾਂ ਦੀ ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਡੇਢ ਦਰਜਨ ਸ਼ਰਧਾਲੂ ਜ਼ਖ਼ਮੀ
ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ਹਲਕਾ ਭੋਆ ਅਧੀਨ ਪੈਂਦੇ ਪਿੰਡ ਨਰੋਟ ਜੈਮਲ ਸਿੰਘ ਨੇੜੇ ਸ਼ਨੀਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜੰਮੂ ਤੋਂ ਰਾਧਾ ਸੁਆਮੀ ਸਤਸੰਗ ਭਵਨ ਬਿਆਸ ਵੱਲ ਜਾ ਰਹੀ ਇੱਕ ਬੱਸ ਅਤੇ ਚੀਨੀ (ਖੰਡ) ਨਾਲ ਲੱਦੇ ਟਰੱਕ ਵਿਚਾਲੇ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਕਰੀਬ ਡੇਢ ਦਰਜਨ ਲੋਕ ਜ਼ਖ਼ਮੀ ਹੋ ਗਏ, ਜਦਕਿ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ ਕਰੀਬ 30 ਯਾਤਰੀ ਸਵਾਰ ਸਨ, ਜੋ ਜੰਮੂ ਤੋਂ ਨਰੋਟ ਜੈਮਲ ਸਿੰਘ ਦੇ ਰਸਤੇ ਰਾਧਾ ਸੁਆਮੀ ਸਤਸੰਗ ਭਵਨ ਜਾ ਰਹੇ ਸਨ।
Publish Date: Sat, 20 Jun 2026 01:12 PM (IST)
Updated Date: Sat, 20 Jun 2026 01:13 PM (IST)

ਰਮਨਦੀਪ ਘਿਆਲਾ, ਪੰਜਾਬੀ ਜਾਗਰਣ, ਪਠਾਨਕੋਟ - ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ਹਲਕਾ ਭੋਆ ਅਧੀਨ ਪੈਂਦੇ ਪਿੰਡ ਨਰੋਟ ਜੈਮਲ ਸਿੰਘ ਨੇੜੇ ਸ਼ਨੀਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜੰਮੂ ਤੋਂ ਰਾਧਾ ਸੁਆਮੀ ਸਤਸੰਗ ਭਵਨ ਬਿਆਸ ਵੱਲ ਜਾ ਰਹੀ ਇੱਕ ਬੱਸ ਅਤੇ ਚੀਨੀ (ਖੰਡ) ਨਾਲ ਲੱਦੇ ਟਰੱਕ ਵਿਚਾਲੇ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਕਰੀਬ ਡੇਢ ਦਰਜਨ ਲੋਕ ਜ਼ਖ਼ਮੀ ਹੋ ਗਏ, ਜਦਕਿ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ ਕਰੀਬ 30 ਯਾਤਰੀ ਸਵਾਰ ਸਨ, ਜੋ ਜੰਮੂ ਤੋਂ ਨਰੋਟ ਜੈਮਲ ਸਿੰਘ ਦੇ ਰਸਤੇ ਰਾਧਾ ਸੁਆਮੀ ਸਤਸੰਗ ਭਵਨ ਜਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਇਹਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅੱਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਟਰੱਕ ਸੜਕ ਤੋਂ ਹੇਠਾਂ ਉਤਰ ਕੇ ਨੇੜਲੇ ਖੇਤਾਂ ਵਿੱਚ ਪਲਟ ਗਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਸਥਾਨਕ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦੇ ਹੋਏ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ।
ਸੂਚਨਾ ਮਿਲਣ ਉਪਰੰਤ ਪੁਲਿਸ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਤਫ਼ਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਬੱਸ ਜੰਮੂ ਤੋਂ ਆ ਰਹੀ ਸੀ ਅਤੇ ਰਾਧਾ ਸੁਆਮੀ ਸਤਸੰਗ ਡੇਰੇ ਵੱਲ ਜਾ ਰਹੀ ਸੀ। ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਇਲਾਜ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।