ਪਟਾਕਿਆਂ ਦੀ ਚੰਗਿਆੜੀ ਨੇ ਉਜਾੜਿਆ ਵਿਧਵਾ ਜੀਨਾ ਦਾ ਪਰਿਵਾਰ, ਲੱਖਾਂ ਰੁਪਏ ਦੀ ਪਰਾਲੀ ਸੜ ਕੇ ਹੋਈ ਸੁਆਹ ਪੀੜਤ ਪਰਿਵਾਰ ਦੀ ਔਰਤ ਜੀਨਾ ਵਾਸੀ ਲਾਡੋਚੱਕ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਬਹੁਤ ਹੀ ਮੁਸ਼ਕਲ ਹਾਲਾਤ 'ਚ ਆਪਣੇ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਉਸ ਨੇ ਦੱਸਿਆ ਕਿ ਪਰਿਵਾਰ ਨੇ ਬੜੀ ਮਿਹਨਤ ਨਾਲ ਪਸ਼ੂਆਂ ਲਈ ਪਰਾਲੀ ਇਕੱਠੀ ਕੀਤੀ ਸੀ।
Publish Date: Mon, 09 Nov 2026 01:05 PM (IST)
Updated Date: Mon, 09 Nov 2026 01:10 PM (IST)
ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਦੀ ਲਾਪਰਵਾਹੀ ਨਾਲ ਲਾਡੋਚੱਕ ਵਿਖੇ ਇਕ ਗਰੀਬ ਪਰਿਵਾਰ ਦੀ ਸਾਲ ਭਰ ਦੀ ਮਿਹਨਤ ਕੁਝ ਹੀ ਮਿੰਟਾਂ 'ਚ ਸੁਆਹ ਹੋ ਗਈ। ਗੁੱਜਰ ਡੇਰੇ ਨੇੜੇ ਪਸ਼ੂਆਂ ਲਈ ਇਕੱਠੀ ਕਰ ਕੇ ਰੱਖੀ ਪਰਾਲੀ ਦੇ ਵੱਡੇ ਢੇਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਕਰੀਬ ਚਾਰ ਘੰਟੇ ਤਕ ਬਾਲਟੀਆਂ ਤੇ ਪਾਈਪਾਂ ਰਾਹੀਂ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫਾਇਰ ਬ੍ਰਿਗੇਡ ਅਤੇ ਪੁਲਿਸ ਦੇ ਮੌਕੇ ’ਤੇ ਨਾ ਪਹੁੰਚਣ ਕਾਰਨ ਲੋਕਾਂ 'ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪੀੜਤ ਪਰਿਵਾਰ ਦੀ ਔਰਤ ਜੀਨਾ ਵਾਸੀ ਲਾਡੋਚੱਕ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਬਹੁਤ ਹੀ ਮੁਸ਼ਕਲ ਹਾਲਾਤ 'ਚ ਆਪਣੇ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਉਸ ਨੇ ਦੱਸਿਆ ਕਿ ਪਰਿਵਾਰ ਨੇ ਬੜੀ ਮਿਹਨਤ ਨਾਲ ਪਸ਼ੂਆਂ ਲਈ ਪਰਾਲੀ ਇਕੱਠੀ ਕੀਤੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਸਾਹਮਣੇ ਸਥਿਤ ਕੋਠੀ ਵਿੱਚ ਚਲਾਏ ਜਾ ਰਹੇ ਪਟਾਕਿਆਂ ਵਿੱਚੋਂ ਇੱਕ ਬਲਦਾ ਪਟਾਕਾ ਪਰਾਲੀ ਦੇ ਢੇਰ ’ਤੇ ਆ ਡਿੱਗਿਆ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ।
ਪੰਜ ਟਰਾਲੇ ਪਰਾਲੀ ਸੜਨ ਨਾਲ ਵੱਡਾ ਨੁਕਸਾਨ ਮੌਕੇ ’ਤੇ ਮੌਜੂਦ ਸਥਾਨਕ ਵਸਨੀਕ ਸ਼ਫੀ ਨੇ ਦੱਸਿਆ ਕਿ ਕਰੀਬ 10 ਏਕੜ ਖੇਤਾਂ ਦੀ ਪਰਾਲੀ ਅਤੇ ਲਗਪਗ ਪੰਜ ਟਰਾਲੇ ਚਾਰਾ ਇਕੱਠਾ ਕਰਕੇ ਰੱਖਿਆ ਹੋਇਆ ਸੀ। ਇਕ ਟਰਾਲੇ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਬਣਦੀ ਹੈ। ਇਸ ਹਿਸਾਬ ਨਾਲ ਪਰਿਵਾਰ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨੇੜੇ ਹੀ ਕਈ ਘਰ ਅਤੇ ਪਸ਼ੂਆਂ ਦੇ ਡੇਰੇ ਹਨ। ਜੇਕਰ ਪਿੰਡ ਵਾਸੀ ਸਮੇਂ ਸਿਰ ਅੱਗ ਬੁਝਾਉਣ ਦੀ ਕੋਸ਼ਿਸ਼ ਨਾ ਕਰਦੇ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ।
ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸੂਚਨਾ ਦੇਣ ਦੇ ਬਾਵਜੂਦ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪੁਲਿਸ ਮੁਲਾਜ਼ਮ ਮੌਕੇ ’ਤੇ ਨਹੀਂ ਪਹੁੰਚੇ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਅਤੇ ਦੁੱਧ ਦੇ ਕਾਰੋਬਾਰ ’ਤੇ ਨਿਰਭਰ ਗਰੀਬ ਪਰਿਵਾਰਾਂ ਲਈ ਅਜਿਹੀਆਂ ਘਟਨਾਵਾਂ ਬਹੁਤ ਵੱਡੀ ਮੁਸੀਬਤ ਬਣ ਜਾਂਦੀਆਂ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੀੜਤ ਵਿਧਵਾ ਜੀਨਾ ਦੇ ਨੁਕਸਾਨ ਦਾ ਤੁਰੰਤ ਮੁਲਾਂਕਣ ਕਰਕੇ ਢੁੱਕਵਾਂ ਸਰਕਾਰੀ ਮੁਆਵਜ਼ਾ ਦਿੱਤਾ ਜਾਵੇ ਅਤੇ ਘਟਨਾ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।