- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਦਿਨਾਂ ਦੀ ਬਾਰਿਸ਼ ਨਾਲ ਸ਼ਾਹਪੁਰਕੰਡੀ ਬੈਰਾਜ
ਆਰ .ਸਿੰਘ, ਪੰਜਾਬੀ ਜਾਗਰਣ
ਪਠਾਨਕੋਟ : ਪਿਛਲੇ ਦੋ ਦਿਨਾਂ ਤੋਂ ਰਾਤ ਸਮੇਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਸ਼ਾਹਪੁਰਕੰਡੀ ਬੈਰਾਜ ਦੀ ਝੀਲ ਵਿੱਚ ਪਾਣੀ ਦੀ ਆਮਦ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਝੀਲ ਦਾ ਜਲ ਪੱਧਰ ਵਧ ਕੇ 402.20 ਮੀਟਰ ਤੱਕ ਪਹੁੰਚ ਗਿਆ ਹੈ, ਜਦਕਿ ਝੀਲ ਦੀ ਵੱਧ ਤੋਂ ਵੱਧ ਸਮਰੱਥਾ 404.50 ਮੀਟਰ ਹੈ। ਹਾਲਾਂਕਿ ਮੌਜੂਦਾ ਸਮੇਂ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਬੈਰਾਜ ਪ੍ਰਸ਼ਾਸਨ ਵੱਲੋਂ ਹਰ ਪਲ ਨਿਗਰਾਨੀ ਕੀਤੀ ਜਾ ਰਹੀ ਹੈ। ਬੈਰਾਜ ਪ੍ਰਸ਼ਾਸਨ ਅਨੁਸਾਰ ਰਣਜੀਤ ਸਾਗਰ ਡੈਮ ਪ੍ਰੋਜੈਕਟ ਦੇ ਉੱਪਰੀ ਕੈਚਮੈਂਟ ਖੇਤਰਾਂ, ਜਿਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਇਲਾਕੇ ਸ਼ਾਮਲ ਹਨ, ਵਿੱਚ ਵੀ ਚੰਗੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਰਣਜੀਤ ਸਾਗਰ ਡੈਮ ਦਾ ਜਲ ਪੱਧਰ ਵੀ ਵਧ ਕੇ 503.23 ਮੀਟਰ ਤੱਕ ਪਹੁੰਚ ਗਿਆ ਹੈ। ਡੈਮ ਤੋਂ ਬਿਜਲੀ ਉਤਪਾਦਨ ਲਗਾਤਾਰ ਜਾਰੀ ਰਹਿਣ ਕਾਰਨ ਵਾਧੂ ਪਾਣੀ ਸ਼ਾਹਪੁਰਕੰਡੀ ਬੈਰਾਜ ਵੱਲ ਭੇਜਿਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ ਆਰਐੱਸਡੀ ਦੀਆਂ ਚਾਰ ਵਿੱਚੋਂ ਤਿੰਨ ਯੂਨਿਟਾਂ ਚੱਲ ਰਹੀਆਂ ਹਨ ਅਤੇ ਲਗਭਗ 405 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਰੋਜ਼ਾਨਾ ਕਰੀਬ 80 ਲੱਖ 1,880 ਯੂਨਿਟ ਬਿਜਲੀ ਉਤਪਾਦਨ ਦੇ ਨਾਲ ਲਗਭਗ 16,277 ਕਿਊਸਿਕ ਪਾਣੀ ਸ਼ਾਹਪੁਰਕੰਡੀ ਬੈਰਾਜ ਵੱਲ ਛੱਡਿਆ ਜਾ ਰਿਹਾ ਹੈ। ਉੱਧਰ ਮਾਧੋਪੁਰ ਹੈੱਡਵਰਕਸ ਵੱਲੋਂ ਵੀ ਕਰੀਬ 15 ਹਜ਼ਾਰ ਕਿਊਸਿਕ ਪਾਣੀ ਦਾ ਨਿਕਾਸ ਕੀਤਾ ਜਾ ਰਿਹਾ ਹੈ, ਜਿਸ ਨਾਲ ਜਲ ਪ੍ਰਬੰਧਨ ਨੂੰ ਸੰਤੁਲਿਤ ਰੱਖਿਆ ਜਾ ਸਕੇ। ਸਿੰਚਾਈ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਬੈਰਾਜ ਤੋਂ ਵੱਖ-ਵੱਖ ਨਹਿਰਾਂ ਵਿੱਚ ਵੀ ਨਿਰੰਤਰ ਪਾਣੀ ਛੱਡਿਆ ਜਾ ਰਿਹਾ ਹੈ। ਇਸ ਅਧੀਨ ਯੂਬੀਡੀਸੀ ਨਹਿਰ ਵਿੱਚ 7,823 ਕਿਊਸਿਕ, ਐੱਮਬੀ ਲਿੰਕ ਨਹਿਰ ਵਿੱਚ 6,500 ਕਿਊਸਿਕ, ਕਸ਼ਮੀਰ ਨਹਿਰ ਵਿੱਚ 669 ਕਿਊਸਿਕ ਅਤੇ ਇਸਲਾਮਪੁਰ ਫੀਡਰ ਵਿੱਚ 300 ਕਿਊਸਿਕ ਪਾਣੀ ਦਾ ਵਹਾਅ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੇਠਲੇ ਇਲਾਕਿਆਂ ਵਿੱਚ ਇਸ ਸਮੇਂ ਸਿੰਚਾਈ ਲਈ ਪਾਣੀ ਦੀ ਮੰਗ ਘੱਟ ਹੈ, ਫਿਰ ਵੀ ਜੇਕਰ ਆਉਣ ਵਾਲੇ ਦਿਨਾਂ ਵਿੱਚ ਹੋਰ ਬਾਰਿਸ਼ ਹੁੰਦੀ ਹੈ ਤਾਂ ਬੈਰਾਜ ਵਿੱਚ ਜਲ ਪੱਧਰ ਨੂੰ ਨਿਯੰਤਰਿਤ ਰੱਖਣ ਲਈ ਨਹਿਰਾਂ ਰਾਹੀਂ ਪਾਣੀ ਦਾ ਨਿਕਾਸ ਜਾਰੀ ਰੱਖਿਆ ਜਾਵੇਗਾ।
ਬੈਰਾਜ ਪ੍ਰਸ਼ਾਸਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਖੇਤਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਚੰਗੀ ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਨੂੰ ਦੇਖਦਿਆਂ ਸਾਰੇ ਜਲ ਪੱਧਰਾਂ ਅਤੇ ਪਾਣੀ ਦੇ ਵਹਾਅ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਤੋਂ ਪਹਿਲਾਂ ਲੋੜੀਂਦੇ ਕਦਮ ਚੁੱਕੇ ਜਾ ਸਕਣ।