- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਮਾਂਚ ਮਹਾਜਨ ਦੀ ਘੋੜਾ-ਗੱਡੀ ਪਲਟਣ ਕਾਰਨ ਮੌਤ,
ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸਥਿਤ ਪ੍ਰਸਿੱਧ ਸੈਂਟਰਲ ਪਾਰਕ ਵਿੱਚ ਵਾਪਰੇ ਇਕ ਦਰਦਨਾਕ ਘੋੜਾ-ਗੱਡੀ ਹਾਦਸੇ ਨੇ ਪਠਾਨਕੋਟ ਦੇ ਮਹਾਜਨ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਇੰਦਿਰਾ ਕਾਲੋਨੀ ਵਾਸੀ 18 ਸਾਲਾ ਵਿਦਿਆਰਥੀ ਰੋਮਾਂਚ ਮਹਾਜਨ ਦੀ ਸਿਰ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ। ਇਸ ਹਾਦਸੇ ਦੀ ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਰੋਮਾਂਚ ਦੇ ਮਾਤਾ-ਪਿਤਾ ਵੀ ਉਸ ਸਮੇਂ ਪਾਰਕ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਹਾਦਸੇ ਦਾ ਸ਼ਿਕਾਰ ਹੁੰਦੇ ਆਪਣੀਆਂ ਅੱਖਾਂ ਸਾਹਮਣੇ ਦੇਖਿਆ। ਜਾਣਕਾਰੀ ਅਨੁਸਾਰ ਰੋਮਾਂਚ ਮਹਾਜਨ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਚਾਰ ਦਿਨ ਪਹਿਲਾਂ ਹੀ ਨਿਊਯਾਰਕ ਪਹੁੰਚਿਆ ਸੀ। ਪਰਿਵਾਰ ਸੈਂਟਰਲ ਪਾਰਕ ਦੀ ਸੈਰ ਕਰ ਰਿਹਾ ਸੀ, ਜਿੱਥੇ ਰੋਮਾਂਚ ਇੱਕ ਪਰੰਪਰਾਗਤ ਘੋੜਾ-ਗੱਡੀ ਵਿੱਚ ਸਵਾਰ ਸੀ। ਇਸ ਦੌਰਾਨ ‘ਚੈਰੀ ਹਿੱਲ’ ਇਲਾਕੇ ਨੇੜੇ ਘੋੜਾ ਅਚਾਨਕ ਬਿਦਕ ਗਿਆ ਅਤੇ ਬੇਕਾਬੂ ਹੋ ਕੇ ਤੇਜ਼ ਰਫ਼ਤਾਰ ਨਾਲ ਦੌੜ ਪਿਆ। ਬੇਕਾਬੂ ਘੋੜਾ ਗੱਡੀ ਨੂੰ ਖਿੱਚਦਾ ਹੋਇਆ ‘ਵੈਸਟ ਡਰਾਈਵ’ ਵੱਲ ਲੈ ਗਿਆ, ਜਿੱਥੇ ਮਸ਼ਹੂਰ ‘ਟੈਵਰਨ ਆਨ ਦਿ ਗ੍ਰੀਨ’ ਰੈਸਟੋਰੈਂਟ ਨੇੜੇ ਇੱਕ ਹੋਰ ਘੋੜਾ-ਗੱਡੀ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਪਲਟ ਗਈ ਅਤੇ ਰੋਮਾਂਚ ਮਹਾਜਨ ਸੜਕ ’ਤੇ ਜਾ ਡਿੱਗਿਆ। ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਾ ਬਚ ਸਕੀ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਹਾਦਸੇ ਵੇਲੇ ਗੱਡੀ ਚਾਲਕ ਆਪਣੀ ਸੀਟ ’ਤੇ ਮੌਜੂਦ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਯਾਤਰੀਆਂ ਦੀਆਂ ਤਸਵੀਰਾਂ ਖਿੱਚਣ ਲਈ ਗੱਡੀ ਤੋਂ ਹੇਠਾਂ ਉਤਰਿਆ ਹੋਇਆ ਸੀ, ਜਿਸ ਕਾਰਨ ਸੁਰੱਖਿਆ ਨਿਯਮਾਂ ਦੀ ਅਣਦੇਖੀ ਹੋਈ। ਇਸ ਘਟਨਾ ਤੋਂ ਬਾਅਦ ਬਗ਼ੀ ਮਾਲਕ ਵੱਲੋਂ ਸਬੰਧਿਤ ਚਾਲਕ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਹਾਦਸੇ ਵਿੱਚ ਸ਼ਾਮਲ ਘੋੜੇ ਨੂੰ ਵੀ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਰੋਮਾਂਚ ਮਹਾਜਨ ਦੀ ਅਚਾਨਕ ਮੌਤ ਦੀ ਖ਼ਬਰ ਜਿਵੇਂ ਹੀ ਪਠਾਨਕੋਟ ਪੁੱਜੀ, ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਜਾਣੂਆਂ ਨੇ ਇਸ ਦੁਖਦਾਈ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।