ਸੁਲਤਾਨਪੁਰ ’ਚ ਸ਼ਰਾਬ ਦੇ ਠੇਕੇ ਖ਼ਿਲਾਫ਼ ਲੋਕਾਂ ਦਾ ਗੁੱਸਾ ਫੁੱਟਿਆ
ਠੇਕੇ ਖ਼ਿਲਾਫ਼ ਲੋਕਾਂ ਦਾ ਗੁੱਸਾ ਫੁੱਟਿਆ
Publish Date: Fri, 01 May 2026 04:22 PM (IST)
Updated Date: Fri, 01 May 2026 04:23 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਪਠਾਨਕੋਟ ਜ਼ਿਲ੍ਹੇ ਦੇ ਪਿੰਡ ਸੁਲਤਾਨਪੁਰ ’ਚ ਅੱਜ ਔਰਤਾਂ, ਬੱਚਿਆਂ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਸ਼ਰਾਬ ਦੇ ਠੇਕੇਦਾਰਾਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਿੰਮੀ, ਪਰਵੀਨ ਕੁਮਾਰ (ਮੈਂਬਰ ਪੰਚਾਇਤ), ਦਰਸ਼ਨਾ, ਕਮਲੇਸ਼, ਭੋਲੀ, ਸੰਤੋਸ਼, ਨੀਲਮ, ਨਿਸ਼ਾ, ਗੀਤਾ, ਨਿਸ਼ਾ ਕੁਮਾਰੀ, ਸਾਬਕਾ ਸਰਪੰਚ ਸੁਰਜੀਤ ਸਿੰਘ ਅਤੇ ਮੌਜੂਦਾ ਸਰਪੰਚ ਸੋਮਰਾਜ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਵੱਲੋਂ ਖੋਲ੍ਹਿਆ ਗਿਆ ਇਹ ਠੇਕਾ ਪ੍ਰਾਇਮਰੀ ਸਕੂਲ ਤੋਂ ਲਗਭਗ 100 ਮੀਟਰ ਅਤੇ ਮੰਦਰ ਤੋਂ 50 ਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਤੋਂ ਇਲਾਵਾ ਇਹ ਠੇਕਾ ਰਿਹਾਇਸ਼ੀ ਘਰਾਂ ਦੇ ਬਿਲਕੁਲ ਨਾਲ ਹੋਣ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਰਾਬ ਪੀਣ ਵਾਲੇ ਲੋਕ ਠੇਕੇ ਦੇ ਆਲੇ-ਦੁਆਲੇ ਗੰਦਗੀ ਫੈਲਾਉਂਦੇ ਹਨ, ਗਾਲੀ-ਗਲੌਚ ਕਰਦੇ ਹਨ ਅਤੇ ਰਸਤੇ ‘ਤੇ ਹੀ ਮਾੜੀਆਂ ਕਰਤੂਤਾਂ ਕਰਦੇ ਹਨ, ਜਿਸ ਕਰਕੇ ਖ਼ਾਸ ਕਰਕੇ ਘਰਾਂ ਵਿੱਚ ਰਹਿੰਦੀਆਂ ਜਵਾਨ ਕੁੜੀਆਂ ਲਈ ਬਾਹਰ ਨਿਕਲਣਾ ਮੁਸ਼ਕਲ ਬਣ ਜਾਂਦਾ ਹੈ। ਪਿੰਡ ਦੇ ਸਰਪੰਚ ਸੋਮਰਾਜ ਅਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ 18 ਅਗਸਤ 2025 ਨੂੰ ਪਿੰਡ ਪੰਚਾਇਤ ਦੀ ਬੈਠਕ ਕਰਕੇ ਲਗਭਗ 100-150 ਪਿੰਡ ਵਾਸੀਆਂ ਦੇ ਦਸਤਖ਼ਤਾਂ ਸਮੇਤ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਇਸ ਉੱਪਰ ਕਾਰਵਾਈ ਕਰਦਿਆਂ ਠੇਕੇ ਨੂੰ ਕੁਝ ਸਮੇਂ ਲਈ ਪਿੰਡ ਕੁੱਲੀਆਂ ਵਿੱਚ ਸ਼ਿਫਟ ਕੀਤਾ ਗਿਆ, ਪਰ ਇੱਕ ਮਹੀਨੇ ਬਾਅਦ ਹੀ ਠੇਕੇਦਾਰਾਂ ਵੱਲੋਂ ਇਸ ਨੂੰ ਮੁੜ ਸੁਲਤਾਨਪੁਰ ਵਿੱਚ ਲਿਆਂਦਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ 31 ਮਾਰਚ 2026 ਤੋਂ ਬਾਅਦ ਠੇਕਾ ਹਟਾ ਦਿੱਤਾ ਜਾਵੇਗਾ, ਪਰ 3 ਅਪ੍ਰੈਲ 2026 ਨੂੰ ਠੇਕਾ ਦੁਬਾਰਾ ਖੋਲ੍ਹ ਦਿੱਤਾ ਗਿਆ। ਇਸ ਦੇ ਖ਼ਿਲਾਫ਼ 3 ਅਪ੍ਰੈਲ ਨੂੰ ਵੀ ਪਿੰਡ ਵਾਸੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਠੇਕੇਦਾਰਾਂ ਦੇ ਮੁਲਾਜ਼ਮਾਂ ਵੱਲੋਂ ਲਿਖਤੀ ਰੂਪ ਵਿੱਚ 30 ਅਪ੍ਰੈਲ 2026 ਤੱਕ ਠੇਕਾ ਹਟਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ 1 ਮਈ 2026 ਨੂੰ ਫਿਰ ਤੋਂ ਠੇਕਾ ਖੋਲ੍ਹ ਦਿੱਤਾ ਗਿਆ, ਜਿਸ ਕਾਰਨ ਅੱਜ ਮੁੜ ਲੋਕਾਂ ਦਾ ਗੁੱਸਾ ਫੁੱਟ ਪਿਆ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਇਸ ਠੇਕੇ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ।ਇਸ ਸਬੰਧ ਵਿੱਚ ਜਦੋਂ ਆਬਕਾਰੀ ਵਿਭਾਗ ਦੇ ਇੰਸਪੈਕਟਰ ਅਨਿਲ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤ ਵੱਲੋਂ ਮੁੜ ਮਤਾ ਪਾਸ ਕਰਕੇ ਦਿੱਤਾ ਜਾਂਦਾ ਹੈ ਤਾਂ ਵਿਭਾਗ ਵੱਲੋਂ ਕਾਰਵਾਈ ਜ਼ਰੂਰ ਕੀਤੀ ਜਾਵੇਗੀ।