- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਜਿੰਦਰ ਸਿੰਘ ਦੀ ਮਾਤਾ ਗੁਰਮੀਤ ਕੌਰ ਅਤੇ ਪਿਤਾ ਜਸਵਿੰਦਰ ਸਿੰਘ ਬਜ਼ੁਰਗ ਹਨ। ਪਰਿਵਾਰ ਅਨੁਸਾਰ ਬਲਜਿੰਦਰ ਹੀ ਘਰ ਦਾ ਮੁੱਖ ਕਮਾਉਣ ਵਾਲਾ ਮੈਂਬਰ ਸੀ। ਉਸ ਦੀ ਪਤਨੀ ਅਤੇ ਦੋ ਬੱਚੇ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ। ਫਾਂਸੀ ਦੀ ਸਜ਼ਾ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਗਮ ਦਾ ਮਾਹੌਲ ਹੈ।

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ/ਸੁਜਾਨਪੁਰ : ਸਾਊਦੀ ਅਰਬ ਵਿੱਚ ਨਸ਼ੀਲੇ ਪਦਾਰਥ ਦੀ ਕਥਿਤ ਬਰਾਮਦਗੀ ਦੇ ਮਾਮਲੇ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਵਾਸੀ ਟਰੱਕ ਚਾਲਕ ਬਲਜਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਬਲਜਿੰਦਰ ਸਿੰਘ ਨੂੰ ਸਾਜ਼ਿਸ਼ ਤਹਿਤ ਇਸ ਮਾਮਲੇ ਵਿੱਚ ਫਸਾਇਆ ਗਿਆ ਅਤੇ ਉਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਜਿਸ ਪੈਕੇਟ ਨੂੰ ਉਹ ਦਵਾਈ ਸਮਝ ਕੇ ਲੈ ਕੇ ਜਾ ਰਿਹਾ ਸੀ, ਉਸ ਵਿੱਚ ਨਸ਼ੀਲਾ ਪਦਾਰਥ ਸੀ।
ਪਰਿਵਾਰ ਅਨੁਸਾਰ ਬਲਜਿੰਦਰ ਸਿੰਘ ਪਿਛਲੇ ਕਰੀਬ 10 ਸਾਲਾਂ ਤੋਂ ਦੁਬਈ ਵਿੱਚ ਟਰੱਕ ਚਾਲਕ ਵਜੋਂ ਕੰਮ ਕਰ ਰਿਹਾ ਸੀ ਅਤੇ ਨਿਯਮਿਤ ਤੌਰ 'ਤੇ ਮਾਲ ਲੈ ਕੇ ਸਾਊਦੀ ਅਰਬ ਜਾਂਦਾ ਸੀ। ਕਰੀਬ ਤਿੰਨ ਸਾਲ ਪਹਿਲਾਂ ਦੁਬਈ ਵਿੱਚ ਕੰਮ ਕਰਨ ਵਾਲੇ ਇੱਕ ਜਾਣਕਾਰ ਨੇ ਉਸ ਨਾਲ ਸੰਪਰਕ ਕਰਕੇ ਆਪਣੇ ਬਿਮਾਰ ਬਜ਼ੁਰਗ ਪਿਤਾ ਲਈ ਦਵਾਈਆਂ ਦਾ ਪੈਕੇਟ ਸਾਊਦੀ ਅਰਬ ਪਹੁੰਚਾਉਣ ਦੀ ਮਦਦ ਮੰਗੀ।
ਬਲਜਿੰਦਰ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਦੇ ਮੁਤਾਬਕ ਉਨ੍ਹਾਂ ਦੇ ਪੁੱਤਰ ਨੇ ਪਹਿਲਾਂ ਦੋ ਵਾਰ ਅਣਜਾਣ ਸਮਾਨ ਲਿਜਾਣ ਤੋਂ ਇਨਕਾਰ ਕੀਤਾ ਸੀ। ਪਰ ਉਕਤ ਵਿਅਕਤੀ ਵੱਲੋਂ ਆਪਣੇ ਬਿਮਾਰ ਪਿਤਾ ਦੀ ਵੀਡੀਓ ਦਿਖਾ ਕੇ ਮਦਦ ਦੀ ਅਪੀਲ ਕਰਨ 'ਤੇ ਬਲਜਿੰਦਰ ਸਿੰਘ ਭਾਵੁਕ ਹੋ ਗਿਆ ਅਤੇ ਮਨੁੱਖਤਾ ਦੇ ਨਾਤੇ ਦਵਾਈਆਂ ਦਾ ਪੈਕੇਟ ਆਪਣੇ ਟਰੱਕ ਵਿੱਚ ਰੱਖਣ ਲਈ ਤਿਆਰ ਹੋ ਗਿਆ।
ਪਰਿਵਾਰ ਦਾ ਕਹਿਣਾ ਹੈ ਕਿ ਦੁਬਈ-ਸਾਊਦੀ ਅਰਬ ਸਰਹੱਦ 'ਤੇ ਟਰੱਕ ਦੀ ਜਾਂਚ ਦੌਰਾਨ ਇਹ ਪੈਕੇਟ ਸ਼ੱਕੀ ਪਾਇਆ ਗਿਆ। ਤਲਾਸ਼ੀ ਦੌਰਾਨ ਦਵਾਈਆਂ ਦੇ ਡੱਬੇ ਵਿੱਚੋਂ ਕਥਿਤ ਤੌਰ 'ਤੇ ਨਸ਼ੀਲਾ ਪਦਾਰਥ ਬਰਾਮਦ ਹੋਣ 'ਤੇ ਸਾਊਦੀ ਪੁਲਿਸ ਨੇ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਕਰੀਬ ਤਿੰਨ ਸਾਲ ਚੱਲੇ ਮਾਮਲੇ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਅਦਾਲਤ ਵੱਲੋਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।
ਪਰਿਵਾਰ ਨੇ ਦੱਸਿਆ ਨਸ਼ੇ ਨਾਲ ਕੋਈ ਸਬੰਧ ਨਹੀਂ
ਬਲਜਿੰਦਰ ਸਿੰਘ ਦੇ ਪਰਿਵਾਰ ਨੇ ਉਸ 'ਤੇ ਲੱਗੇ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਅਤੇ ਨਿਤਨੇਮ ਕਰਦਾ ਹੈ। ਪਰਿਵਾਰ ਮੁਤਾਬਕ ਉਸ ਦਾ ਨਸ਼ਿਆਂ ਦੇ ਕਾਰੋਬਾਰ ਜਾਂ ਕਿਸੇ ਅਪਰਾਧਿਕ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਰਿਹਾ। ਉਨ੍ਹਾਂ ਦਾ ਦਾਅਵਾ ਹੈ ਕਿ ਬਲਜਿੰਦਰ ਨੂੰ ਪੈਕੇਟ ਵਿੱਚ ਮੌਜੂਦ ਸਮਾਨ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਬਲਜਿੰਦਰ ਸਿੰਘ ਦੀ ਮਾਤਾ ਗੁਰਮੀਤ ਕੌਰ ਅਤੇ ਪਿਤਾ ਜਸਵਿੰਦਰ ਸਿੰਘ ਬਜ਼ੁਰਗ ਹਨ। ਪਰਿਵਾਰ ਅਨੁਸਾਰ ਬਲਜਿੰਦਰ ਹੀ ਘਰ ਦਾ ਮੁੱਖ ਕਮਾਉਣ ਵਾਲਾ ਮੈਂਬਰ ਸੀ। ਉਸ ਦੀ ਪਤਨੀ ਅਤੇ ਦੋ ਬੱਚੇ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ। ਫਾਂਸੀ ਦੀ ਸਜ਼ਾ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਗਮ ਦਾ ਮਾਹੌਲ ਹੈ।
ਵਿਦੇਸ਼ ਮੰਤਰਾਲੇ ਰਾਹੀਂ ਦਖ਼ਲ ਦੀ ਮੰਗ
ਪਰਿਵਾਰ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਊਦੀ ਅਰਬ ਸਰਕਾਰ ਨਾਲ ਕੂਟਨੀਤਕ ਅਤੇ ਕਾਨੂੰਨੀ ਪੱਧਰ 'ਤੇ ਗੱਲਬਾਤ ਕੀਤੀ ਜਾਵੇ। ਪਰਿਵਾਰ ਨੇ ਬਲਜਿੰਦਰ ਸਿੰਘ ਦੀ ਫਾਂਸੀ ਦੀ ਸਜ਼ਾ 'ਤੇ ਰਾਹਤ ਦਿਵਾਉਣ ਅਤੇ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕਰਨ ਦੀ ਮੰਗ ਕੀਤੀ ਹੈ।