- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਐੱਸਪੀ ਨੇ ਦੱਸਿਆ ਕਿ ਗੁਰਵੰਤ ਸਿੰਘ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਸਾਲ 2019 ਵਿੱਚ ਥਾਣਾ ਮਜੀਠਾ, ਅੰਮ੍ਰਿਤਸਰ ਵਿਖੇ 37 ਨਸ਼ੀਲੀਆਂ ਗੋਲੀਆਂ ਸਬੰਧੀ ਮਾਮਲਾ ਦਰਜ ਹੋਇਆ ਸੀ। ਇਸੇ ਸਾਲ ਥਾਣਾ ਡਿਵੀਜ਼ਨ ਨੰਬਰ-1 ਪਠਾਨਕੋਟ ਨੇ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਦਕਿ ਸਾਲ 2023 ਵਿੱਚ ਥਾਣਾ ਘਣੀਏ ਕੇ ਬਾਂਗਰ, ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਉਸ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ।

ਪੰਜਾਬੀ ਜਾਗਰਣ ਟੀਮ, ਪਠਾਨਕੋਟ : ਪਠਾਨਕੋਟ ਪੁਲਿਸ ਨੇ ਅੰਤਰਜ਼ਿਲ੍ਹਾ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਔਰਤ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕੁੱਲ 7.841 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ ਮੁਲਜ਼ਮ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਪਠਾਨਕੋਟ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਪਲਾਈ ਕਰਦੇ ਸਨ।
ਐੱਸਐੱਸਪੀ ਪਠਾਨਕੋਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ 12 ਅਕਤੂਬਰ ਨੂੰ ਥਾਣਾ ਸਦਰ ਪਠਾਨਕੋਟ ਦੀ ਪੁਲਿਸ ਨੇ ਅੱਡਾ ਸਰਨਾ ਨੇੜੇ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਬਹਿਲੋਲਪੁਰ ਰੋਡ ’ਤੇ ਲਾਲ ਬੈਗ ਲੈ ਕੇ ਜਾ ਰਹੇ ਗੁਰਵੰਤ ਸਿੰਘ ਪੁੱਤਰ ਜੋਸਾ ਸਿੰਘ ਵਾਸੀ ਪਿੰਡ ਵਡਾਲਾ, ਥਾਣਾ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 541 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਥਾਣਾ ਸਦਰ ਪਠਾਨਕੋਟ ਵਿੱਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਪੁਲਿਸ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਤੋਂ ਬਾਅਦ ਗੁਰਵੰਤ ਸਿੰਘ ਦੀ ਨਿਸ਼ਾਨਦੇਹੀ ’ਤੇ ਗੁਰੂ ਲਾਲ ਜੀ ਕਾਲੋਨੀ, ਛਿਤਗੜ੍ਹ ਚੁੰਗੀ, ਜ਼ਿਲ੍ਹਾ ਗੁਰਦਾਸਪੁਰ ਵਿਖੇ ਉਸ ਦੇ ਕਿਰਾਏ ਦੇ ਮਕਾਨ ’ਤੇ ਛਾਪਾ ਮਾਰਿਆ ਗਿਆ, ਜਿੱਥੋਂ 7.3 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ ਹੋਈ। ਇਸ ਕਾਰਵਾਈ ਦੌਰਾਨ ਉਸ ਦੀ ਸਾਥਣ ਹਰਮਨਜੀਤ ਕੌਰ ਵਾਸੀ ਪਿੰਡ ਧਿਆਨਪੁਰ ਕੋਟਲੀ, ਜ਼ਿਲ੍ਹਾ ਗੁਰਦਾਸਪੁਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ਵਿੱਚ ਐੱਨਡੀਪੀਐੱਸ ਐਕਟ ਦੀਆਂ ਹੋਰ ਧਾਰਾਵਾਂ ਅਤੇ ਬੀਐੱਨਐੱਸ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ।
ਐੱਸਐੱਸਪੀ ਨੇ ਦੱਸਿਆ ਕਿ ਗੁਰਵੰਤ ਸਿੰਘ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਸਾਲ 2019 ਵਿੱਚ ਥਾਣਾ ਮਜੀਠਾ, ਅੰਮ੍ਰਿਤਸਰ ਵਿਖੇ 37 ਨਸ਼ੀਲੀਆਂ ਗੋਲੀਆਂ ਸਬੰਧੀ ਮਾਮਲਾ ਦਰਜ ਹੋਇਆ ਸੀ। ਇਸੇ ਸਾਲ ਥਾਣਾ ਡਿਵੀਜ਼ਨ ਨੰਬਰ-1 ਪਠਾਨਕੋਟ ਨੇ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਦਕਿ ਸਾਲ 2023 ਵਿੱਚ ਥਾਣਾ ਘਣੀਏ ਕੇ ਬਾਂਗਰ, ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਉਸ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੁਲਜ਼ਮਾਂ ਦੇ ਪਿਛਲੇ ਅਤੇ ਅਗਲੇ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਹੈਰੋਇਨ ਦੀ ਸਪਲਾਈ ਦੇ ਸਰੋਤ ਅਤੇ ਇਸ ਨੂੰ ਅੱਗੇ ਪਹੁੰਚਾਉਣ ਵਾਲੇ ਹੋਰ ਵਿਅਕਤੀਆਂ ਦਾ ਪਤਾ ਲਗਾਇਆ ਜਾ ਸਕੇ।