- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੱਡੀ ਮਿਲਣ ਤੋਂ ਬਾਅਦ ਐਨਡੀਅਰਐਫ਼, ਗੋਤਾਖੋਰ ਟੀਮਾਂ ਅਤੇ ਪੰਜਾਬ ਪੁਲਿਸ ਵੱਲੋਂ ਨਹਿਰ ਅਤੇ ਆਸ-ਪਾਸ ਦੇ ਖੇਤਰ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਗਈ। ਪੰਜ ਦਿਨਾਂ ਦੀ ਭਾਲ ਮਗਰੋਂ ਸੋਮਵਾਰ ਨੂੰ ਮਾਜਰਾ ਨੇੜੇ ਨਹਿਰ ਵਿੱਚੋਂ ਯੁਵਰਾਜ ਦੀ ਲਾਸ਼ ਬਰਾਮਦ ਹੋਈ।

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪਿਛਲੇ ਕਈ ਦਿਨਾਂ ਤੋਂ ਲਾਪਤਾ ਚੱਲ ਰਹੇ ਪੰਜਾਬ ਪੁਲਿਸ ਦੇ ਕਾਂਸਟੇਬਲ ਯੁਵਰਾਜ ਦੀ ਲਾਸ਼ ਸੋਮਵਾਰ ਨੂੰ ਮਾਜਰਾ ਨੇੜੇ ਨਹਿਰ ਵਿਚੋਂ ਬਰਾਮਦ ਹੋਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਯੁਵਰਾਜ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦਕਿ ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਪਠਾਨਕੋਟ ਦੇ ਬਾਹਰ ਇਕੱਠੇ ਹੋ ਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਇੰਦਰਾ ਕਾਲੋਨੀ ਪਠਾਨਕੋਟ ਦਾ ਰਹਿਣ ਵਾਲਾ ਕਾਂਸਟੇਬਲ ਯੁਵਰਾਜ ਪਿਛਲੇ ਵੀਰਵਾਰ ਆਪਣੇ ਘਰ ਤੋਂ ਨਿਕਲਿਆ ਸੀ ਪਰ ਵਾਪਸ ਨਹੀਂ ਪਰਤਿਆ। ਇਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਦੀ ਭਾਲ ਲਈ ਹਰ ਸੰਭਵ ਯਤਨ ਕੀਤੇ ਗਏ। ਸ਼ਨੀਵਾਰ ਨੂੰ ਧੀਰਾ ਇਲਾਕੇ ਵਿੱਚ ਨਹਿਰ ਕਿਨਾਰੇ ਯੁਵਰਾਜ ਦੀ ਥਾਰ ਗੱਡੀ ਲਾਵਾਰਿਸ ਹਾਲਤ ਵਿੱਚ ਮਿਲੀ ਸੀ, ਜਿਸ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ।
ਗੱਡੀ ਮਿਲਣ ਤੋਂ ਬਾਅਦ ਐਨਡੀਅਰਐਫ਼, ਗੋਤਾਖੋਰ ਟੀਮਾਂ ਅਤੇ ਪੰਜਾਬ ਪੁਲਿਸ ਵੱਲੋਂ ਨਹਿਰ ਅਤੇ ਆਸ-ਪਾਸ ਦੇ ਖੇਤਰ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਗਈ। ਪੰਜ ਦਿਨਾਂ ਦੀ ਭਾਲ ਮਗਰੋਂ ਸੋਮਵਾਰ ਨੂੰ ਮਾਜਰਾ ਨੇੜੇ ਨਹਿਰ ਵਿੱਚੋਂ ਯੁਵਰਾਜ ਦੀ ਲਾਸ਼ ਬਰਾਮਦ ਹੋਈ।
ਲਾਸ਼ ਮਿਲਣ ਉਪਰੰਤ ਪਰਿਵਾਰਕ ਮੈਂਬਰਾਂ ਅਤੇ ਹਮਦਰਦਾਂ ਨੇ ਸਿਵਲ ਹਸਪਤਾਲ ਦੇ ਬਾਹਰ ਧਰਨਾ ਦੇ ਕੇ ਘਟਨਾ ਦੇ ਹਰ ਪੱਖ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ। ਮੌਕੇ 'ਤੇ ਪੁਲਿਸ ਅਧਿਕਾਰੀਆਂ ਨੇ ਪਰਿਵਾਰ ਨਾਲ ਗੱਲਬਾਤ ਕਰਕੇ ਭਰੋਸਾ ਦਿਵਾਇਆ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾਵੇਗੀ।
ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੌਤ ਦੇ ਕਾਰਨਾਂ ਬਾਰੇ ਹੋਰ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ।