ਪਠਾਨਕੋਟ ਨੂੰ ਮਿਲੀ ਅੰਤਰਰਾਸ਼ਟਰੀ ਬਾਕਸਿੰਗ ਦੀ ਨਵੀਂ ਪਛਾਣ
ਪਠਾਨਕੋਟ ਨੂੰ ਮਿਲੀ ਅੰਤਰਰਾਸ਼ਟਰੀ ਬਾਕਸਿੰਗ ਦੀ ਨਵੀਂ ਪਛਾਣ ਪਠਾਨਕੋਟ ਨੂੰ ਮਿਲੀ ਅੰਤਰਰਾਸ਼ਟਰੀ ਬਾਕਸਿੰਗ ਦੀ ਨਵੀਂ ਪਛਾਣ
Publish Date: Sat, 13 Jun 2026 03:37 PM (IST)
Updated Date: Sat, 13 Jun 2026 03:39 PM (IST)

- ਕਿਊਬਾ ਦੇ ਨਾਮਵਰ ਕੋਚ ਜੁਆਨ ਜੋਸੇ ਡਿਆਜ਼ ਕਾਸਤੋ ਦੀ ਸਿਖਲਾਈ ਹੇਠ ਤਿਆਰ ਹੋ ਰਹੇ ਨੇ ਨੌਜਵਾਨ ਮੁੱਕੇਬਾਜ਼ ਹਰਪ੍ਰੀਤ ਹੈਰੀ, ਜਾਗਰਣ ਪਠਾਨਕੋਟ : ਪਠਾਨਕੋਟ ਦੇ ਖੇਡ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਮੌਕਾ ਆਇਆ ਹੈ ਜਦੋਂ ਵਿਸ਼ਵ ਬਾਕਸਿੰਗ ਵਿੱਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਕਿਊਬਾ ਦੇ ਅੰਤਰਰਾਸ਼ਟਰੀ ਕੋਚ ਜੁਆਨ ਜੋਸੇ ਡਿਆਜ਼ ਕਾਸਤੋ ਖੁਦ ਸ਼ਹਿਰ ਵਿੱਚ ਆ ਕੇ ਨੌਜਵਾਨ ਖਿਡਾਰੀਆਂ ਨੂੰ ਸਿਖਲਾਈ ਦੇ ਰਹੇ ਹਨ। ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਪਠਾਨਕੋਟ ਅਤੇ ਲੋਇੰਸ ਐੱਮਐੱਮਏ ਬਾਕਸਿੰਗ ਕਲੱਬ ਦੇ ਸਾਂਝੇ ਉਪਰਾਲੇ ਨਾਲ ਕਰਵਾਏ ਵਿਸ਼ੇਸ਼ ਸਮਰ ਬਾਕਸਿੰਗ ਕੈਂਪ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਨਵਾਂ ਉਤਸ਼ਾਹ ਪੈਦਾ ਕੀਤਾ ਹੈ। 8 ਜੂਨ ਤੋਂ ਸ਼ੁਰੂ ਹੋਇਆ ਇਹ ਕੈਂਪ 16-17 ਜੂਨ ਤੱਕ ਜਾਰੀ ਰਹੇਗਾ, ਜਿਸ ਵਿੱਚ ਪਠਾਨਕੋਟ, ਸੁਜਾਨਪੁਰ, ਭੋਆ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਲਗਭਗ 70 ਤੋਂ 80 ਖਿਡਾਰੀ ਹਿੱਸਾ ਲੈ ਰਹੇ ਹਨ। ਕੈਂਪ ਦੌਰਾਨ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮਿਆਰ ਅਨੁਸਾਰ ਬਾਕਸਿੰਗ ਦੀਆਂ ਬਰੀਕੀਆਂ ਸਿਖਾਈਆਂ ਜਾ ਰਹੀਆਂ ਹਨ। ਬਾਕਸਿੰਗ ਕੋਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਊਬਾ ਨੂੰ ਵਿਸ਼ਵ ਬਾਕਸਿੰਗ ਦੀ ਤਾਕਤ ਮੰਨਿਆ ਜਾਂਦਾ ਹੈ ਅਤੇ ਉੱਥੋਂ ਦੇ ਕੋਚ ਦਾ ਪਠਾਨਕੋਟ ਆਉਣਾ ਸਥਾਨਕ ਖਿਡਾਰੀਆਂ ਲਈ ਵੱਡੀ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਕੋਚ ਕਾਸਤੋ ਆਪਣੇ ਲੰਮੇ ਅਨੁਭਵ ਦੌਰਾਨ ਕਈ ਅੰਤਰਰਾਸ਼ਟਰੀ ਅਤੇ ਓਲੰਪਿਕ ਪੱਧਰ ਦੇ ਮੁੱਕੇਬਾਜ਼ ਤਿਆਰ ਕਰ ਚੁੱਕੇ ਹਨ। ਉਨ੍ਹਾਂ ਦੀ ਸਿਖਲਾਈ ਨਾਲ ਇੱਥੋਂ ਦੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਤਕਨੀਕਾਂ ਅਤੇ ਰਣਨੀਤੀਆਂ ਸਿੱਖਣ ਦਾ ਮੌਕਾ ਮਿਲ ਰਿਹਾ ਹੈ। ਕੈਂਪ ਵਿੱਚ ਖਿਡਾਰੀਆਂ ਦੀ ਤਕਨੀਕ, ਫੁੱਟਵਰਕ, ਡਿਫੈਂਸ, ਅਟੈਕ ਅਤੇ ਫਿਟਨੈੱਸ ਉੱਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਸਵੇਰ ਅਤੇ ਸ਼ਾਮ ਦੇ ਸੈਸ਼ਨਾਂ ਵਿੱਚ ਨਿਯਮਿਤ ਟ੍ਰੇਨਿੰਗ ਕਰਵਾਈ ਜਾ ਰਹੀ ਹੈ, ਜਿਸ ਨਾਲ ਖਿਡਾਰੀਆਂ ਦੇ ਆਤਮ-ਵਿਸ਼ਵਾਸ ਅਤੇ ਪ੍ਰਦਰਸ਼ਨ ਵਿੱਚ ਨਿਖਾਰ ਆ ਰਿਹਾ ਹੈ। ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ ਖਿਡਾਰੀ ਭਵਿੱਖ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਕੈਂਪ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਕੈਂਪ ਨੂੰ ਖਿਡਾਰੀਆਂ, ਮਾਪਿਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਭਰਪੂਰ ਸਹਿਯੋਗ ਅਤੇ ਸ਼ਲਾਘਾ ਮਿਲ ਰਹੀ ਹੈ। ਇਸ ਮੌਕੇ ਸੀਨੀਅਰ ਬਾਕਸਰ ਨਰਿੰਦਰਪਾਲ ਸਿੰਘ (ਮੋਨੂ) ਸਮੇਤ ਹੋਰ ਖੇਡ ਪ੍ਰੇਮੀਆਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਪੱਧਰ ਦੇ ਕੈਂਪ ਪਠਾਨਕੋਟ ਦੇ ਖੇਡ ਮਾਹੌਲ ਨੂੰ ਨਵੀਂ ਦਿਸ਼ਾ ਦੇਣਗੇ ਅਤੇ ਇਥੋਂ ਭਵਿੱਖ ਵਿੱਚ ਕਈ ਮੈਡਲ ਜੇਤੂ ਖਿਡਾਰੀ ਤਿਆਰ ਹੋਣਗੇ। ਕੈਂਪ ਦੌਰਾਨ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਪਠਾਨਕੋਟ ਦੇ ਐਗਜ਼ੀਕਿਊਟਿਵ ਮੈਂਬਰ ਹਰਜੀਤ ਸਿੰਘ, ਸੁਸ਼ੀਲ ਕੁਮਾਰ, ਤਰੁਣਵੀਰ ਸਿੰਘ, ਸੁਰਿੰਦਰ ਰਾਹੀ, ਹਰਦੀਪ ਸਿੰਘ, ਹਰਪ੍ਰੀਤ ਕੌਰ ਅਤੇ ਹੋਰ ਮੈਂਬਰ ਵੀ ਮੌਜੂਦ ਸਨ।