ਵਪਾਰ ਮੰਡਲ ਪਠਾਨਕੋਟ ਨੇ ਸੰਗਠਨ ਨੂੰ ਦਿੱਤੀ ਨਵੀਂ ਦਿਸ਼ਾ, ਵੱਖ-ਵੱਖ ਖੇਤਰਾਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ
ਵਪਾਰ ਮੰਡਲ ਪਠਾਨਕੋਟ ਨੇ ਸੰਗਠਨ ਨੂੰ ਦਿੱਤੀ ਨਵੀਂ ਦਿਸ਼ਾ
Publish Date: Sat, 13 Jun 2026 03:41 PM (IST)
Updated Date: Sat, 13 Jun 2026 03:45 PM (IST)

ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਜ਼ਿਲ੍ਹੇ ਦੇ ਵਪਾਰਕ ਹਿੱਤਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਵਪਾਰੀਆਂ ਦੀ ਸਾਂਝੀ ਆਵਾਜ਼ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਵਪਾਰ ਮੰਡਲ ਪਠਾਨਕੋਟ ਵੱਲੋਂ ਇਕ ਵਿਸ਼ੇਸ਼ ਬੈਠਕ ਕੀਤੀ ਗਈ। ਮੀਟਿੰਗ ਦੀ ਅਗਵਾਈ ਪ੍ਰਧਾਨ ਦਪਿੰਦਰ ਅਰੋੜਾ ਨੇ ਕੀਤੀ, ਜਦਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸੈਕਟਰੀ ਐੱਲਆਰ ਸੋਢੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਬੈਠਕ ਦੌਰਾਨ ਸੰਗਠਨ ਦੇ ਵਿਸਥਾਰ ਨੂੰ ਅੱਗੇ ਵਧਾਉਂਦਿਆਂ ਐੱਮਈਐੱਸ ਬਿਲਡਰ ਐਸੋਸੀਏਸ਼ਨ ਨਾਲ ਜੁੜੇ ਕਈ ਪ੍ਰਮੁੱਖ ਮੈਂਬਰਾਂ ਨੂੰ ਵਪਾਰ ਮੰਡਲ ਵਿੱਚ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਪ੍ਰਧਾਨ ਦਪਿੰਦਰ ਅਰੋੜਾ ਨੇ ਕਿਹਾ ਕਿ ਵਪਾਰ ਮੰਡਲ ਦੀ ਸਭ ਤੋਂ ਵੱਡੀ ਤਾਕਤ ਵਪਾਰੀਆਂ ਦੀ ਏਕਤਾ ਹੈ ਅਤੇ ਇਸੇ ਕਰ ਕੇ ਅੱਜ ਜ਼ਿਲ੍ਹੇ ਦੀਆਂ 32 ਤੋਂ ਵੱਧ ਸੰਸਥਾਵਾਂ ਅਤੇ ਕਲੱਬ ਇਸ ਮੰਚ ਨਾਲ ਜੁੜੇ ਹੋਏ ਹਨ। ਉਨ੍ਹਾਂ ਐੱਮਈਐੱਸ ਬਿਲਡਰ ਐਸੋਸੀਏਸ਼ਨ ਦੇ ਚੇਅਰਮੈਨ ਰਾਜੀਵ ਪੁਰੀ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕਰਦਿਆਂ ਰਾਜੀਵ ਪੁਰੀ ਨੂੰ ਸੀਨੀਅਰ ਉਪ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਰਾਕੇਸ਼ ਅੱਤਰੀ ਨੂੰ ਸਾਂਝਾ ਸਕੱਤਰ ਨਿਯੁਕਤ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸ਼ੇਖਰ, ਇੰਦਰਜੀਤ, ਤਜਿੰਦਰ ਸਿੰਘ, ਅਮਨ ਡੋਗਰਾ, ਅੰਕੁਸ਼ ਮਹਾਜਨ, ਲਵ ਵਿਨਾਇਕ, ਭਾਨੂ ਪ੍ਰਤਾਪ, ਵਰਿੰਦਰ ਗੁਪਤਾ ਅਤੇ ਤਰੁਣਪਾਲ ਸਿੰਘ ਸ਼ੰਟੀ ਨੂੰ ਕੋਰ ਕੈਬਿਨੇਟ ਵਿੱਚ ਸ਼ਾਮਲ ਕੀਤਾ ਗਿਆ। ਸੰਗਠਨ ਦੇ ਨਵੇਂ ਬਣਾਏ ਗਏ ਟੂਰਿਜ਼ਮ ਐਂਡ ਹਾਸਪਿਟੈਲਿਟੀ ਸੈੱਲ ਦਾ ਚੇਅਰਮੈਨ ਡਾ. ਪ੍ਰਦੀਪ ਖੋਸਲਾ ਨੂੰ ਨਿਯੁਕਤ ਕੀਤਾ ਗਿਆ, ਜਦਕਿ ਰਾਜੀਵ ਮਹਾਜਨ ਨੂੰ ਡਲਹੌਜ਼ੀ ਰੋਡ ਦਾ ਕਨਵੀਨਰ ਬਣਾਇਆ ਗਿਆ। ਪ੍ਰਧਾਨ ਦਪਿੰਦਰ ਅਰੋੜਾ ਨੇ ਆਸ ਜਤਾਈ ਕਿ ਨਵੀਆਂ ਨਿਯੁਕਤੀਆਂ ਨਾਲ ਸੰਗਠਨ ਦੀ ਪਹੁੰਚ ਅਤੇ ਪ੍ਰਭਾਵ ਵਿੱਚ ਹੋਰ ਵਾਧਾ ਹੋਵੇਗਾ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸਕੱਤਰ ਐੱਲਆਰ ਸੋਢੀ ਨੇ ਨਵ-ਨਿਯੁਕਤ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਮਜ਼ਬੂਤ ਅਤੇ ਇਕਜੁੱਟ ਮੰਚ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਜੇਕਰ ਇਕੱਠੇ ਹੋ ਕੇ ਆਪਣੀਆਂ ਮੰਗਾਂ ਉਠਾਏਗਾ ਤਾਂ ਉਨ੍ਹਾਂ ਦਾ ਹੱਲ ਵੀ ਜਲਦੀ ਸੰਭਵ ਹੋਵੇਗਾ। ਸੀਨੀਅਰ ਉਪ ਪ੍ਰਧਾਨ ਰਾਮਪਾਲ ਭੰਡਾਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ ਦਸ ਮਹੀਨਿਆਂ ਦੌਰਾਨ ਵਪਾਰ ਮੰਡਲ ਨੇ ਸਿਰਫ਼ ਬਿਆਨਾਂ ਤੱਕ ਸੀਮਿਤ ਰਹਿਣ ਦੀ ਬਜਾਏ ਜ਼ਮੀਨੀ ਪੱਧਰ ’ਤੇ ਕੰਮ ਕਰਕੇ ਵਪਾਰੀਆਂ, ਸਮਾਜਿਕ ਸੰਸਥਾਵਾਂ ਅਤੇ ਕਲੱਬਾਂ ਨਾਲ ਮਜ਼ਬੂਤ ਰਿਸ਼ਤੇ ਕਾਇਮ ਕੀਤੇ ਹਨ। ਉਨ੍ਹਾਂ ਕਿਹਾ ਕਿ ਕੋਰ ਕੈਬਨਿਟ ਦੇ ਵਿਸਥਾਰ ਨਾਲ ਸੰਗਠਨ ਨੂੰ ਨਵੀਂ ਊਰਜਾ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ’ਤੇ ਮੀਟਿੰਗਾਂ ਕਰਕੇ ਵਪਾਰੀਆਂ ਦੀਆਂ ਮੰਗਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ। ਇਸ ਮੌਕੇ ਨਵ-ਨਿਯੁਕਤ ਮੈਂਬਰਾਂ ਨੇ ਸੰਗਠਨ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਲਈ ਧੰਨਵਾਦ ਪ੍ਰਗਟ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਵਪਾਰ ਮੰਡਲ ਦੀ ਮਜ਼ਬੂਤੀ ਅਤੇ ਵਪਾਰੀ ਹਿੱਤਾਂ ਦੀ ਰੱਖਿਆ ਲਈ ਪੂਰੀ ਲਗਨ ਨਾਲ ਕੰਮ ਕਰਨਗੇ। ਬੈਠਕ ਵਿੱਚ ਐਲਆਰ ਸੋਢੀ, ਦਪਿੰਦਰ ਸਿੰਘ ਅਰੋੜਾ, ਨਰੇਸ਼ ਅਰੋੜਾ, ਰਾਜੇਸ਼ ਸ਼ਰਮਾ, ਦਵਿੰਦਰ ਸਿੰਘ ਮਿੰਟੂ, ਰਮਨ ਹਾਂਡਾ, ਰਾਕੇਸ਼ ਔਲ, ਸੁਰਿੰਦਰ ਮਹਾਜਨ, ਰਾਮਪਾਲ ਭੰਡਾਰੀ, ਕਰਨ ਕੁੰਦਰਾ, ਰਜਨੀਸ਼ ਮਹਾਜਨ, ਰਾਜੇਸ਼ ਭਾਟੀਆ ਅਤੇ ਪ੍ਰਿੰਸ ਅਰੋੜਾ ਸਮੇਤ ਹੋਰ ਅਹੁਦੇਦਾਰ ਵੀ ਹਾਜ਼ਰ ਸਨ।