- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਜ਼ਾਨਾ ਕਰੀਬ 65 ਟਨ ਕੂੜਾ ਪੈਦਾ ਹੋਣ ਕਾਰਨ ਦੋ ਦਿਨਾਂ ਵਿਚ ਲਗਭਗ 130 ਟਨ ਕੂੜਾ ਸੜਕਾਂ, ਬਾਜ਼ਾਰਾਂ ਅਤੇ ਗਲੀਆਂ ਵਿਚ ਹੀ ਇਕੱਠਾ ਹੋ ਗਿਆ ਹੈ। ਨਗਰ ਨਿਗਮ ਦੇ ਕੂੜਾ ਚੁੱਕਣ ਵਾਲੇ ਲਗਭਗ 70 ਛੋਟੇ-ਵੱਡੇ ਵਾਹਨ ਓਲਡ ਵੈਟਰਨਰੀ ਹਸਪਤਾਲ ਦੀ ਜ਼ਮੀਨ 'ਤੇ ਖੜ੍ਹੇ ਹਨ। ਡੀਜ਼ਲ ਨਾ ਮਿਲਣ ਕਾਰਨ ਸਵੇਰ ਤੋਂ ਹੀ ਇਹ ਵਾਹਨ ਫੀਲਡ ਵਿਚ ਨਹੀਂ ਉਤਰ ਸਕੇ, ਜਿਸ ਦਾ ਸਿੱਧਾ ਅਸਰ ਸ਼ਹਿਰ ਦੀ ਸਫ਼ਾਈ ਵਿਵਸਥਾ 'ਤੇ ਪਿਆ ਹੈ।

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ: ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੀਆਂ ਤਿਆਰੀਆਂ ਦਰਮਿਆਨ ਪਠਾਨਕੋਟ ਸ਼ਹਿਰ ਦੀ ਸਫ਼ਾਈ ਵਿਵਸਥਾ ਵਿੱਤੀ ਸੰਕਟ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਨਗਰ ਨਿਗਮ ਵੱਲੋਂ ਡੀਜ਼ਲ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਪੈਟਰੋਲ ਪੰਪ ਮਾਲਕ ਨੇ ਸਫ਼ਾਈ ਵਾਹਨਾਂ ਨੂੰ ਡੀਜ਼ਲ ਦੇਣਾ ਬੰਦ ਕਰ ਦਿੱਤਾ ਹੈ। ਇਸ ਕਾਰਨ ਪਿਛਲੇ ਦੋ ਦਿਨਾਂ ਤੋਂ ਸ਼ਹਿਰ ਦੇ 50 ਵਾਰਡਾਂ ਵਿਚੋਂ ਕੂੜਾ ਚੁੱਕਣ ਦਾ ਕੰਮ ਲਗਭਗ ਠੱਪ ਪਿਆ ਹੈ। ਰੋਜ਼ਾਨਾ ਕਰੀਬ 65 ਟਨ ਕੂੜਾ ਪੈਦਾ ਹੋਣ ਕਾਰਨ ਦੋ ਦਿਨਾਂ ਵਿਚ ਲਗਭਗ 130 ਟਨ ਕੂੜਾ ਸੜਕਾਂ, ਬਾਜ਼ਾਰਾਂ ਅਤੇ ਗਲੀਆਂ ਵਿਚ ਹੀ ਇਕੱਠਾ ਹੋ ਗਿਆ ਹੈ।
ਨਗਰ ਨਿਗਮ ਦੇ ਕੂੜਾ ਚੁੱਕਣ ਵਾਲੇ ਲਗਭਗ 70 ਛੋਟੇ-ਵੱਡੇ ਵਾਹਨ ਓਲਡ ਵੈਟਰਨਰੀ ਹਸਪਤਾਲ ਦੀ ਜ਼ਮੀਨ 'ਤੇ ਖੜ੍ਹੇ ਹਨ। ਡੀਜ਼ਲ ਨਾ ਮਿਲਣ ਕਾਰਨ ਸਵੇਰ ਤੋਂ ਹੀ ਇਹ ਵਾਹਨ ਫੀਲਡ ਵਿਚ ਨਹੀਂ ਉਤਰ ਸਕੇ, ਜਿਸ ਦਾ ਸਿੱਧਾ ਅਸਰ ਸ਼ਹਿਰ ਦੀ ਸਫ਼ਾਈ ਵਿਵਸਥਾ 'ਤੇ ਪਿਆ ਹੈ।
ਮੁੱਖ ਬਾਜ਼ਾਰਾਂ ਵਿਚ ਕੂੜੇ ਦੇ ਢੇਰ -----
ਸਫ਼ਾਈ ਵਾਹਨਾਂ ਦੇ ਨਾ ਚੱਲਣ ਕਾਰਨ ਗਾਂਧੀ ਚੌਕ, ਮੇਨ ਬਾਜ਼ਾਰ, ਡਾਕਖਾਨਾ ਚੌਕ, ਵਾਲਮੀਕੀ ਚੌਕ, ਪਟੇਲ ਚੌਕ, ਸਟੇਸ਼ਨ ਰੋਡ ਸਮੇਤ ਸ਼ਹਿਰ ਦੀਆਂ ਕਈ ਅੰਦਰੂਨੀ ਗਲੀਆਂ ਵਿਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਕੂੜੇ ਵਿਚੋਂ ਬਦਬੂ ਆਉਣ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦੇ ਢੇਰਾਂ 'ਤੇ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੇ ਇਕੱਠੇ ਹੋਣ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ।
ਗਾਂਧੀ ਚੌਕ ਦੇ ਦੁਕਾਨਦਾਰਾਂ ਰਾਮਪਾਲ ਵਿੱਕੀ, ਸਿਧਾਰਥ ਮਹਾਜਨ, ਮਨਿੰਦਰ ਸਿੰਘ ਅਤੇ ਹੋਰ ਵਪਾਰੀਆਂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਤੇਜ਼ ਹਵਾਵਾਂ ਕਾਰਨ ਕੂੜਾ ਅਤੇ ਪਲਾਸਟਿਕ ਦੇ ਲਿਫ਼ਾਫ਼ੇ ਉੱਡ ਕੇ ਦੁਕਾਨਾਂ ਅੰਦਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਦੀ ਅਜਿਹੀ ਹਾਲਤ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹੈ।
ਹਰ ਮਹੀਨੇ 16 ਹਜ਼ਾਰ ਲੀਟਰ ਡੀਜ਼ਲ ਦੀ ਖਪਤ
ਨਗਰ ਨਿਗਮ ਵੱਲੋਂ ਸ਼ਹਿਰ ਦੇ 50 ਵਾਰਡਾਂ ਵਿਚੋਂ ਰੋਜ਼ਾਨਾ ਕਰੀਬ 65 ਟਨ ਕੂੜਾ ਇਕੱਠਾ ਕਰਨ ਲਈ ਲਗਭਗ 60 ਵਾਹਨਾਂ ਅਤੇ 65 ਦੇ ਕਰੀਬ ਰੇਹੜੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਛੋਟੇ ਆਟੋ-ਟਿੱਪਿੰਗ ਵਾਹਨਾਂ ਨੂੰ ਰੋਜ਼ਾਨਾ 2.5 ਲੀਟਰ, ਟਰੈਕਟਰ-ਟਰਾਲੀ ਨੂੰ 19 ਲੀਟਰ, ਹੂਪਰ ਨੂੰ 5 ਲੀਟਰ ਅਤੇ ਵੱਡੇ ਟਿੱਪਰ ਤੇ ਡੰਪਰ ਪਲੇਸਰ ਨੂੰ 50 ਲੀਟਰ ਤੱਕ ਡੀਜ਼ਲ ਦਿੱਤਾ ਜਾਂਦਾ ਹੈ।
ਨਗਰ ਨਿਗਮ ਦੇ ਅੰਕੜਿਆਂ ਅਨੁਸਾਰ ਸਾਰੇ ਸਫ਼ਾਈ ਵਾਹਨਾਂ ਨੂੰ ਚਲਾਉਣ ਲਈ ਹਰ ਮਹੀਨੇ ਔਸਤਨ 16 ਹਜ਼ਾਰ ਲੀਟਰ ਡੀਜ਼ਲ ਦੀ ਲੋੜ ਪੈਂਦੀ ਹੈ। ਇਸ ਦੀ ਮਹੀਨਾਵਾਰ ਅਦਾਇਗੀ ਕਰੀਬ 14.33 ਲੱਖ ਰੁਪਏ ਬਣਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਅਦਾਇਗੀ ਨਾ ਹੋਣ ਕਾਰਨ ਪੈਟਰੋਲ ਪੰਪ ਮਾਲਕ ਦਾ ਬਕਾਇਆ 2 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ।
ਪਹਿਲਾਂ ਵੀ ਰੁਕੀ ਸੀ ਤੇਲ ਦੀ ਸਪਲਾਈ-
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਦਾਇਗੀ ਨਾ ਹੋਣ ਕਾਰਨ ਨਗਰ ਨਿਗਮ ਦੇ ਸਫ਼ਾਈ ਵਾਹਨਾਂ ਨੂੰ ਡੀਜ਼ਲ ਮਿਲਣਾ ਬੰਦ ਹੋਇਆ ਹੋਵੇ। ਇਸ ਤੋਂ ਪਹਿਲਾਂ 15 ਤੋਂ 17 ਜੁਲਾਈ ਤੱਕ ਵੀ ਬਕਾਇਆ ਰਕਮ ਦੀ ਅਦਾਇਗੀ ਨਾ ਹੋਣ ਕਾਰਨ ਪੰਪ ਮਾਲਕ ਨੇ ਡੀਜ਼ਲ ਦੀ ਸਪਲਾਈ ਰੋਕ ਦਿੱਤੀ ਸੀ। ਉਸ ਸਮੇਂ ਨਗਰ ਨਿਗਮ ਅਧਿਕਾਰੀਆਂ ਵੱਲੋਂ ਕੁਝ ਅਦਾਇਗੀ ਕਰਕੇ ਮਾਮਲਾ ਸੁਲਝਾਇਆ ਗਿਆ ਸੀ, ਪਰ ਕਰੀਬ ਇਕ ਮਹੀਨੇ ਬਾਅਦ ਹਾਲਾਤ ਮੁੜ ਪਹਿਲਾਂ ਵਰਗੇ ਬਣ ਗਏ ਹਨ।
ਸਫ਼ਾਈ ਮਜ਼ਦੂਰ ਯੂਨੀਅਨ ਵੱਲੋਂ ਸੰਘਰਸ਼ ਦੀ ਚਿਤਾਵਨੀ
ਅਖਿਲ ਭਾਰਤੀ ਸਫ਼ਾਈ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਨੇ ਨਗਰ ਨਿਗਮ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਕ ਪਾਸੇ ਦੇਸ਼ 15 ਅਗਸਤ ਦਾ ਕੌਮੀ ਤਿਉਹਾਰ ਮਨਾਉਣ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਸਫ਼ਾਈ ਸੇਵਕਾਂ ਨੂੰ ਕੰਮ ਕਰਨ ਲਈ ਲੋੜੀਂਦਾ ਡੀਜ਼ਲ ਹੀ ਉਪਲਬਧ ਨਹੀਂ ਕਰਵਾਇਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਜੇਕਰ ਅੱਜ ਅਤੇ ਭਲਕੇ ਤੱਕ ਡੀਜ਼ਲ ਦੀ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਕੂੜਾ ਚੁੱਕਣ ਵਾਲੇ ਸਾਰੇ ਆਟੋ, ਟਰੈਕਟਰ ਅਤੇ ਟਿੱਪਰ ਨਗਰ ਨਿਗਮ ਦੇ ਮੁੱਖ ਗੇਟ ਦੇ ਬਾਹਰ ਖੜ੍ਹੇ ਕਰਕੇ ਕੰਮ ਬੰਦ ਕਰਦਿਆਂ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਹਨਾਂ ਵਿਚ ਤੇਲ ਨਾ ਹੋਣ ਦੀ ਸੂਰਤ ਵਿਚ ਸਫ਼ਾਈ ਸੇਵਕਾਂ ਤੋਂ ਕੰਮ ਦੀ ਉਮੀਦ ਕਰਨਾ ਵੀ ਮੁਸ਼ਕਲ ਹੈ।
ਗ੍ਰਾਂਟ ਵਿਚ ਦੇਰੀ ਕਾਰਨ ਆਇਆ ਵਿੱਤੀ ਸੰਕਟ : ਅਸਿਸਟੈਂਟ ਕਮਿਸ਼ਨਰ
ਮਾਮਲੇ ਸਬੰਧੀ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਪਰਮਜੋਤ ਸਿੰਘ ਨੇ ਮੰਨਿਆ ਕਿ ਡੀਜ਼ਲ ਦੀ ਅਦਾਇਗੀ ਨਾ ਹੋਣ ਕਾਰਨ ਸਫ਼ਾਈ ਵਿਵਸਥਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿੱਤ ਕਮਿਸ਼ਨ ਵੱਲੋਂ ਮਿਲਣ ਵਾਲੀ ਗ੍ਰਾਂਟ ਵਿਚ ਦੇਰੀ ਹੋਣ ਕਾਰਨ ਨਗਰ ਨਿਗਮ ਨੂੰ ਵਿੱਤੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਫੰਡ ਜਾਰੀ ਹੁੰਦੇ ਹੀ ਪੈਟਰੋਲ ਪੰਪ ਮਾਲਕ ਦਾ ਬਕਾਇਆ ਅਦਾ ਕਰ ਦਿੱਤਾ ਜਾਵੇਗਾ ਅਤੇ ਸਫ਼ਾਈ ਵਿਵਸਥਾ ਨੂੰ ਜਲਦ ਮੁੜ ਸੁਚਾਰੂ ਕਰ ਲਿਆ ਜਾਵੇਗਾ।