- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ, ਇੱਥੇ ਹਰ ਬੀਜ ਉੱਗਦਾ ਹੈ, ਪਰ ਨਫ਼ਰਤ ਦਾ ਬੀਜ ਪੰਜਾਬ ਵਿੱਚ ਕਦੇ ਨਹੀਂ ਉੱਗ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਧਰਮਾਂ ਦੇ ਤਿਉਹਾਰ ਅਤੇ ਪਰੰਪਰਾਵਾਂ ਸਾਂਝੀਆਂ ਹਨ। ਰਾਮ ਨੌਮੀ, ਗੁਰਪੁਰਬ, ਹਨੂਮਾਨ ਜੈਅੰਤੀ, ਈਦ ਅਤੇ ਸ਼ਹੀਦੀ ਦਿਹਾੜੇ ਸਾਰੇ ਪੰਜਾਬੀਆਂ ਦੇ ਸਾਂਝੇ ਹਨ।

ਆਰ.ਸਿੰਘ, ਨਰਿੰਦਰ ਨਿੰਦੀ, ਪੰਜਾਬੀ ਜਾਗਰਣ ਪਠਾਨਕੋਟ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਠਾਨਕੋਟ ਵਿਖੇ ਕਰਵਾਈ ਗਈ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਭਜਨ ਸੰਧਿਆ ਵਿੱਚ ਹਜ਼ਾਰਾਂ ਸ਼ਰਧਾਲੂਆਂ ਨਾਲ ਸ਼ਿਰਕਤ ਕੀਤੀ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਵੱਡੀ ਗਿਣਤੀ ਵਿੱਚ ਔਰਤਾਂ ਦੇ ਖਾਤਿਆਂ ਵਿੱਚ 3,000 ਰੁਪਏ ਪਹੁੰਚ ਚੁੱਕੇ ਹਨ, ਜਦਕਿ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਪੂਰੀ ਹੋ ਚੁੱਕੀ ਹੈ ਪਰ ਰਾਸ਼ੀ ਨਹੀਂ ਮਿਲੀ, ਉਨ੍ਹਾਂ ਨੂੰ ਪਹਿਲੀ ਅਗਸਤ ਨੂੰ ਪੈਸੇ ਮਿਲ ਜਾਣਗੇ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ 22 ਸ਼ਹਿਰਾਂ ਵਿੱਚ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਭਜਨ ਸੰਧਿਆਵਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਨਾਤਨ ਧਰਮ ਸਮੇਤ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੈ। ਉਨ੍ਹਾਂ ਦੱਸਿਆ ਕਿ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਵੀ ਵਿਸਥਾਰ ਕੀਤਾ ਗਿਆ ਹੈ ਅਤੇ ਪਹਿਲੀ ਅਗਸਤ ਤੋਂ ਖਾਟੂ ਸ਼ਿਆਮ ਜੀ-ਸਾਲਾਸਰ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਲਈ ਨਵੇਂ ਯਾਤਰਾ ਮਾਰਗ ਸ਼ੁਰੂ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਪਟਿਆਲਾ ਦੇ ਇਤਿਹਾਸਕ ਕਾਲੀ ਮਾਤਾ ਮੰਦਰ ਦਾ 80 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਮੰਦਰ ਦੇ ਨਾਲ ਸੀਤਾ ਮਾਤਾ ਅਤੇ ਲਵ-ਕੁਸ਼ ਨੂੰ ਸਮਰਪਿਤ ਸ਼ਾਨਦਾਰ ਮੰਦਰ ਬਣਾਇਆ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ, ਇੱਥੇ ਹਰ ਬੀਜ ਉੱਗਦਾ ਹੈ, ਪਰ ਨਫ਼ਰਤ ਦਾ ਬੀਜ ਪੰਜਾਬ ਵਿੱਚ ਕਦੇ ਨਹੀਂ ਉੱਗ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਧਰਮਾਂ ਦੇ ਤਿਉਹਾਰ ਅਤੇ ਪਰੰਪਰਾਵਾਂ ਸਾਂਝੀਆਂ ਹਨ। ਰਾਮ ਨੌਮੀ, ਗੁਰਪੁਰਬ, ਹਨੂਮਾਨ ਜੈਅੰਤੀ, ਈਦ ਅਤੇ ਸ਼ਹੀਦੀ ਦਿਹਾੜੇ ਸਾਰੇ ਪੰਜਾਬੀਆਂ ਦੇ ਸਾਂਝੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਫ਼ਜ਼ੂਲਖ਼ਰਚੀ ਨੂੰ ਰੋਕ ਕੇ ਲੋਕਾਂ ਦਾ ਪੈਸਾ ਲੋਕ ਭਲਾਈ ਲਈ ਵਰਤਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮਿਲ ਰਹੀ ਹੈ ਅਤੇ 90 ਫ਼ੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੈਲੀਫੋਰਨੀਆ, ਲੰਡਨ ਜਾਂ ਪੈਰਿਸ ਬਣਾਉਣ ਦੀ ਲੋੜ ਨਹੀਂ, ਸਗੋਂ ‘ਰੰਗਲਾ ਪੰਜਾਬ’ ਬਣਾਉਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਨਸ਼ਾ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸਮਾਗਮ ਦੇ ਅੰਤ ਵਿੱਚ ‘ਹਰ ਹਰ ਮਹਾਦੇਵ’ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ। ਸਮਾਗਮ ਦੌਰਾਨ ਪ੍ਰਸਿੱਧ ਗਾਇਕ ਕੈਲਾਸ਼ ਖੇਰ ਨੇ ਸ਼ਿਵ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਦ ਕੀਤਾ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ , ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ, ਵਿਜੇ ਸ਼ਰਮਾ, ਦੀਪਕ ਬਾਲੀ, ਸਵਰਨ ਸਲਾਰੀਆ, ਅਮਨਦੀਪ ਸਿੰਘ ਸੰਧੂ, ਰੋਹਿਤ ਸਿਆਲ ਅਤੇ ਹੋਰ ਪਾਰਟੀ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।