- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਠਾਨਕੋਟ ਦੇ 18 ਸਾਲਾ ਨੌਜਵਾਨ ਰੋਮਾਂਚ ਮਹਾਜਨ ਦੀ ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਵਾਪਰੇ ਦਰਦਨਾਕ ਘੋੜਾ-ਬੱਗੀ ਹਾਦਸੇ ਵਿੱਚ ਹੋਈ ਮੌਤ ਨੇ ਅਮਰੀਕਾ ਦੀ ਰਾਜਨੀਤੀ ਅਤੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪਠਾਨਕੋਟ ਦੇ 18 ਸਾਲਾ ਨੌਜਵਾਨ ਰੋਮਾਂਚ ਮਹਾਜਨ ਦੀ ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਵਾਪਰੇ ਦਰਦਨਾਕ ਘੋੜਾ-ਬੱਗੀ ਹਾਦਸੇ ਵਿੱਚ ਹੋਈ ਮੌਤ ਨੇ ਅਮਰੀਕਾ ਦੀ ਰਾਜਨੀਤੀ ਅਤੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਸ ਦੁਖਦਾਈ ਘਟਨਾ ਤੋਂ ਬਾਅਦ ਨਿਊਯਾਰਕ ਵਿੱਚ ਘੋੜਾ-ਬੱਗੀਆਂ ਨੂੰ ਪੜਾਅਵਾਰ ਬੰਦ ਕਰਨ ਲਈ ਪੇਸ਼ ਕੀਤੇ ਗਏ ਬਿੱਲ ਦਾ ਨਾਮ ਹੁਣ 'ਰਾਈਡਰਜ਼ ਲਾਅ' ਦੀ ਥਾਂ 'ਰੋਮਾਂਚਜ਼ ਲਾਅ' ਰੱਖਣ ਦਾ ਐਲਾਨ ਕੀਤਾ ਗਿਆ ਹੈ।
ਇਹ ਐਲਾਨ ਨਿਊਯਾਰਕ ਸਿਟੀ ਕੌਂਸਲ ਦੇ ਮੈਂਬਰ ਕ੍ਰਿਸਟੋਫਰ ਮਾਰਟੇ ਨੇ ਸੈਂਟਰਲ ਪਾਰਕ ਵਿੱਚ ਰੋਮਾਂਚ ਮਹਾਜਨ ਦੀ ਯਾਦ ਵਿੱਚ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਰੋਮਾਂਚ ਨਾਲ ਵਾਪਰਿਆ ਹਾਦਸਾ ਸਿਰਫ਼ ਇੱਕ ਪਰਿਵਾਰ ਦਾ ਦੁੱਖ ਨਹੀਂ, ਸਗੋਂ ਪੂਰੇ ਸ਼ਹਿਰ ਲਈ ਇੱਕ ਵੱਡਾ ਸਬਕ ਹੈ। ਉਨ੍ਹਾਂ ਕਿਹਾ ਕਿ ਰੋਮਾਂਚ ਦੀ ਯਾਦ ਨੂੰ ਸਦੀਵੀ ਬਣਾਉਣ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਾਨੂੰਨ ਦਾ ਨਾਮ ਉਸਦੇ ਨਾਮ 'ਤੇ ਰੱਖਿਆ ਜਾ ਰਿਹਾ ਹੈ।
ਸ਼ਰਧਾਂਜਲੀ ਸਮਾਗਮ ਦੌਰਾਨ ਮਹਾਜਨ ਪਰਿਵਾਰ ਵੱਲੋਂ ਭੇਜੇ ਗਏ ਪੱਤਰ ਨੂੰ ਵੀ ਪੜ੍ਹ ਕੇ ਸੁਣਾਇਆ ਗਿਆ, ਜਿਸ ਵਿੱਚ ਨਿਊਯਾਰਕ ਵਿੱਚ ਘੋੜਾ-ਬੱਗੀਆਂ ਦੇ ਸੰਚਾਲਨ 'ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਸਮਾਗਮ ਵਿੱਚ ਮੌਜੂਦ ਲੋਕਾਂ ਨੇ ਰੋਮਾਂਚ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਮੌਨ ਧਾਰਨ ਕੀਤਾ।
ਇਸ ਮੌਕੇ ਨਿਊਯਾਰਕ ਸਟੇਟ ਸੀਨੇਟਰ ਐਰਿਕ ਬੋਚਰ ਵੀ ਭਾਵੁਕ ਨਜ਼ਰ ਆਏ। ਉਨ੍ਹਾਂ ਰੋਮਾਂਚ ਦੀ ਮਾਂ ਦੀ ਉਹ ਦਰਦਨਾਕ ਤਸਵੀਰ ਯਾਦ ਕਰਦੇ ਹੋਏ ਕਿਹਾ, ਜਿਸ ਵਿੱਚ ਉਹ ਆਪਣੇ ਪੁੱਤਰ ਦੇ ਬੇਜਾਨ ਸਰੀਰ ਨੂੰ ਗੋਦ ਵਿੱਚ ਲਏ ਹੋਏ ਸੀ। ਉਨ੍ਹਾਂ ਕਿਹਾ ਕਿ ਇਹ ਮੰਜ਼ਰ ਪੂਰੇ ਨਿਊਯਾਰਕ ਨੂੰ ਝੰਜੋੜ ਦੇਣ ਵਾਲਾ ਹੈ ਅਤੇ ਜੇਕਰ ਇਸ ਤੋਂ ਬਾਅਦ ਵੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਇਹ ਮਨੁੱਖਤਾ ਲਈ ਸ਼ਰਮਨਾਕ ਹੋਵੇਗਾ।
ਸੀਨੇਟਰ ਨੇ ਕਿਹਾ ਕਿ ਰੋਮਾਂਚ ਨੇ ਹਾਦਸੇ ਦੌਰਾਨ ਆਪਣੀ ਮਾਂ ਨੂੰ ਬਚਾਉਣ ਲਈ ਬਹਾਦਰੀ ਦਿਖਾਈ ਅਤੇ ਆਪਣੀ ਜਾਨ ਗਵਾ ਦਿੱਤੀ। ਉਨ੍ਹਾਂ ਕਿਹਾ ਕਿ ਇਹ ਹਾਦਸਾ ਟਾਲਿਆ ਜਾ ਸਕਦਾ ਸੀ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਪਹਿਲਾਂ ਵੀ ਕਈ ਵਾਰ ਚਿਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਸਨ।
ਜ਼ਿਕਰਯੋਗ ਹੈ ਕਿ ਇਸ ਬਿੱਲ ਦਾ ਪਹਿਲਾਂ ਨਾਮ 'ਰਾਈਡਰਜ਼ ਲਾਅ' ਸੀ, ਜੋ 2022 ਵਿੱਚ ਮੈਨਹੈਟਨ ਵਿੱਚ ਗੱਡੀ ਖਿੱਚਦੇ ਸਮੇਂ ਡਿੱਗ ਕੇ ਮਰੇ ਘੋੜੇ 'ਰਾਈਡਰ' ਦੀ ਯਾਦ ਵਿੱਚ ਰੱਖਿਆ ਗਿਆ ਸੀ। ਹੁਣ ਰੋਮਾਂਚ ਮਹਾਜਨ ਦੀ ਮੌਤ ਤੋਂ ਬਾਅਦ ਇਸ ਨੂੰ ਨਵਾਂ ਨਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ 1 ਜੂਨ 2028 ਤੋਂ ਨਿਊਯਾਰਕ ਵਿੱਚ ਘੋੜਾ-ਬੱਗੀਆਂ ਦੇ ਸੰਚਾਲਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਇਸੇ ਦੌਰਾਨ ਮਹਾਜਨ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਰੋਮਾਂਚ ਦੀ ਅਮਰੀਕਾ ਯਾਤਰਾ ਦੇ ਆਖ਼ਰੀ ਪਲਾਂ ਦੀ ਇੱਕ ਭਾਵੁਕ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ਵਿੱਚ ਰੋਮਾਂਚ ਨੂੰ ਜਹਾਜ਼ ਰਾਹੀਂ ਅਮਰੀਕਾ ਜਾਂਦੇ, ਨਿਊਯਾਰਕ ਦੀਆਂ ਪ੍ਰਸਿੱਧ ਥਾਵਾਂ 'ਤੇ ਘੁੰਮਦੇ ਅਤੇ ਆਖ਼ਰ ਵਿੱਚ ਉਸੇ ਘੋੜਾ-ਬੱਗੀ ਵਿੱਚ ਬੈਠੇ ਦੇਖਿਆ ਜਾ ਸਕਦਾ ਹੈ, ਜਿਸ ਨਾਲ ਵਾਪਰੇ ਹਾਦਸੇ ਨੇ ਉਸਦੀ ਜ਼ਿੰਦਗੀ ਖੋਹ ਲਈ।
ਰੋਮਾਂਚ ਮਹਾਜਨ ਦੀ ਮੌਤ ਤੋਂ ਬਾਅਦ ਪਠਾਨਕੋਟ ਸਮੇਤ ਸਮੂਹ ਪੰਜਾਬ ਵਿੱਚ ਸੋਗ ਦੀ ਲਹਿਰ ਹੈ, ਜਦਕਿ ਨਿਊਯਾਰਕ ਵਿੱਚ ਉਸਦੇ ਨਾਮ 'ਤੇ ਕਾਨੂੰਨ ਬਣਾਉਣ ਦੀ ਪਹਿਲ ਨੂੰ ਇੱਕ ਵਿਲੱਖਣ ਸ਼ਰਧਾਂਜਲੀ ਵਜੋਂ ਦੇਖਿਆ ਜਾ ਰਿਹਾ ਹੈ।