- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 24 ਅਤੇ 25 ਜੁਲਾਈ ਨੂੰ ਨੈਰੋ-ਗੇਜ ਮਾਰਗ 'ਤੇ ਚੱਲਣ ਵਾਲੀਆਂ ਸਾਰੀਆਂ ਰੇਲਗੱਡੀਆਂ ਦਾ ਸੰਚਾਲਨ ਬੰਦ ਰਹੇਗਾ। ਮੌਸਮ ਦੀ ਸਥਿਤੀ ਨੂੰ ਦੇਖਦਿਆਂ ਇਹ ਫ਼ੈਸਲਾ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦੇ ਆਧਾਰ 'ਤੇ ਲਿਆ ਗਿਆ ਹੈ।

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ – ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਰੇਲਵੇ ਪਟੜੀ ਦੇ ਆਸ-ਪਾਸ ਲੈਂਡਸਲਾਈਡ ਤੇ ਮਿੱਟੀ ਖਿਸਕਣ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਫ਼ਿਰੋਜ਼ਪੁਰ ਰੇਲ ਮੰਡਲ ਨੇ ਕਾਂਗੜਾ ਘਾਟੀ ਰੇਲ ਸੇਵਾ ਨੂੰ 24 ਅਤੇ 25 ਜੁਲਾਈ ਨੂੰ ਪੂਰੀ ਤਰ੍ਹਾਂ ਮੁਅੱਤਲ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਕਾਰਨ ਪਠਾਨਕੋਟ ਤੋਂ ਕਾਂਗੜਾ, ਨਗਰੋਟਾ ਬਗਵਾਂ, ਪਾਲਮਪੁਰ, ਬੈਜਨਾਥ ਅਤੇ ਜੋਗਿੰਦਰਨਗਰ ਵੱਲ ਜਾਣ ਵਾਲੇ ਸੈਂਕੜੇ ਰੋਜ਼ਾਨਾ ਯਾਤਰੀਆਂ ਅਤੇ ਸੈਲਾਨੀਆਂ ਨੂੰ ਹੁਣ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਪੰਜਾਬ ਰੋਡਵੇਜ਼, ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਜਾਂ ਨਿੱਜੀ ਵਾਹਨਾਂ ਦਾ ਸਹਾਰਾ ਲੈਣਾ ਪਵੇਗਾ।
ਰੇਲਵੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 24 ਅਤੇ 25 ਜੁਲਾਈ ਨੂੰ ਨੈਰੋ-ਗੇਜ ਮਾਰਗ 'ਤੇ ਚੱਲਣ ਵਾਲੀਆਂ ਸਾਰੀਆਂ ਰੇਲਗੱਡੀਆਂ ਦਾ ਸੰਚਾਲਨ ਬੰਦ ਰਹੇਗਾ। ਮੌਸਮ ਦੀ ਸਥਿਤੀ ਨੂੰ ਦੇਖਦਿਆਂ ਇਹ ਫ਼ੈਸਲਾ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦੇ ਆਧਾਰ 'ਤੇ ਲਿਆ ਗਿਆ ਹੈ। ਪਹਾੜੀ ਖੇਤਰਾਂ ਵਿੱਚ ਭਾਰੀ ਮੀਂਹ ਕਾਰਨ ਰੇਲਵੇ ਪਟੜੀ ਦੇ ਆਸ-ਪਾਸ ਮਿੱਟੀ ਖਿਸਕਣ ਅਤੇ ਲੈਂਡਸਲਾਈਡ ਦੀ ਸੰਭਾਵਨਾ ਵਧ ਗਈ ਹੈ, ਜਿਸ ਕਾਰਨ ਰੇਲ ਸੇਵਾ ਜਾਰੀ ਰੱਖਣਾ ਜੋਖ਼ਮ ਭਰਿਆ ਹੋ ਸਕਦਾ ਹੈ।
ਰੇਲਵੇ ਵਿਭਾਗ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਸਟੇਸ਼ਨ ਲਈ ਰਵਾਨਾ ਹੋਣ ਤੋਂ ਪਹਿਲਾਂ ਹੈਲਪਲਾਈਨ ਨੰਬਰਾਂ ਜਾਂ ਆਨਲਾਈਨ ਮਾਧਿਅਮ ਰਾਹੀਂ ਆਪਣੀ ਰੇਲਗੱਡੀ ਦੀ ਸਥਿਤੀ ਜ਼ਰੂਰ ਜਾਂਚ ਲੈਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਸੁਧਾਰ ਆਉਣ ਅਤੇ ਤਕਨੀਕੀ ਟੀਮ ਵੱਲੋਂ ਰੇਲਵੇ ਪਟੜੀ ਦੀ ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕਾਂਗੜਾ ਘਾਟੀ ਰੇਲ ਸੇਵਾ ਨੂੰ ਮੁੜ ਸ਼ੁਰੂ ਕਰਨ ਬਾਰੇ ਫ਼ੈਸਲਾ ਲਿਆ ਜਾਵੇਗਾ।
ਰੇਲਵੇ ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਆਪਣੀ ਯਾਤਰਾ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ। ਰੇਲ ਸੇਵਾ ਬੰਦ ਰਹਿਣ ਕਾਰਨ ਪਠਾਨਕੋਟ ਤੋਂ ਕਾਂਗੜਾ, ਪਾਲਮਪੁਰ, ਬੈਜਨਾਥ ਅਤੇ ਜੋਗਿੰਦਰਨਗਰ ਜਾਣ ਵਾਲੇ ਯਾਤਰੀਆਂ ਨੂੰ ਬਦਲਵੇਂ ਆਵਾਜਾਈ ਸਾਧਨਾਂ 'ਤੇ ਨਿਰਭਰ ਰਹਿਣਾ ਪਵੇਗਾ।