- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਠਾਨਕੋਟ 'ਚ ਫਰਨੀਚਰ ਵਪਾਰੀ 'ਤੇ ਹਮਲਾ

ਆਰ.ਸਿੰਘ, ਪੰਜਾਬੀ ਜਾਗਰਣ
ਪਠਾਨਕੋਟ : ਪਠਾਨਕੋਟ ਵਿੱਚ ਇੱਕ ਫਰਨੀਚਰ ਵਪਾਰੀ ’ਤੇ ਕਥਿਤ ਤੌਰ ’ਤੇ ਪਹਿਲਾਂ ਤੋਂ ਰਚੀ ਸਾਜ਼ਿਸ਼ ਤਹਿਤ ਜਾਨਲੇਵਾ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਏ ਫਰਨੀਚਰ ਵਪਾਰੀ ਅਨੁਜ ਛਾਬੜਾ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨਾਲ ਸ਼ਹਿਰ ਦੇ ਵਪਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਕਰੀਬ ਡੇਢ ਸਾਲ ਪਹਿਲਾਂ ਸ਼ਹਿਰ ਦੇ ਇੱਕ ਵਿਅਕਤੀ ਨੇ ਅਨੁਜ ਛਾਬੜਾ ਤੋਂ ਫਰਨੀਚਰ ਖਰੀਦਿਆ ਸੀ। ਬਾਅਦ ਵਿੱਚ ਫਰਨੀਚਰ ਵਿੱਚ ਆਈ ਤਕਨੀਕੀ ਖ਼ਰਾਬੀ ਨੂੰ ਅਨੁਜ ਨੇ ਦੋ ਵਾਰ ਆਪਣੇ ਖ਼ਰਚੇ ’ਤੇ ਠੀਕ ਕਰਵਾ ਦਿੱਤਾ। ਇਸ ਦੇ ਬਾਵਜੂਦ ਜਦੋਂ ਉਸ ਨੇ ਆਪਣੀ ਬਕਾਇਆ ਰਕਮ ਦੀ ਮੰਗ ਕੀਤੀ ਤਾਂ ਸਬੰਧਿਤ ਵਿਅਕਤੀ ਟਾਲ-ਮਟੋਲ ਕਰਨ ਲੱਗ ਪਿਆ ਅਤੇ ਕਥਿਤ ਤੌਰ ’ਤੇ ਗਾਲੀ-ਗਲੋਚ ਵੀ ਕਰਨ ਲੱਗਾ। ਪੀੜਤ ਦੇ ਦਾਅਵੇ ਅਨੁਸਾਰ, ਕਰੀਬ ਛੇ ਮਹੀਨੇ ਪਹਿਲਾਂ ਇੱਕ ਰੈਸਟੋਰੈਂਟ ਵਿੱਚ ਵੀ ਇਨ੍ਹਾਂ ਹੀ ਲੋਕਾਂ ਵੱਲੋਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਸੀ।
ਸ਼ੁੱਕਰਵਾਰ ਰਾਤ ਮੁੱਖ ਮੁਲਜ਼ਮ ਨੇ ਫੋਨ ਕਰ ਕੇ ਅਨੁਜ ਛਾਬੜਾ ਨੂੰ ਬਕਾਇਆ ਰਕਮ ਦੇਣ ਦੇ ਬਹਾਨੇ ਹੇਠਾਂ ਬੁਲਾਇਆ। ਜਿਵੇਂ ਹੀ ਉਹ ਨਿਰਧਾਰਤ ਥਾਂ ’ਤੇ ਪਹੁੰਚਿਆ ਤਾਂ ਪਹਿਲਾਂ ਤੋਂ ਮੌਜੂਦ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਦੱਸਿਆ ਜਾਂਦਾ ਹੈ ਕਿ ਇੱਕ ਵਿਅਕਤੀ ਨੇ ਉਸ ਨੂੰ ਜਕੜ ਲਿਆ, ਜਦਕਿ ਹੋਰਨਾਂ ਨੇ ਡੰਡਿਆਂ ਅਤੇ ਹੋਰ ਹਥਿਆਰਾਂ ਨਾਲ ਉਸ ਦੇ ਸਿਰ ’ਤੇ ਲਗਾਤਾਰ ਵਾਰ ਕੀਤੇ। ਹਮਲੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਡਿੱਗ ਪਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਵਪਾਰਕ ਵਰਗ ਵਿੱਚ ਚਿੰਤਾ ਅਤੇ ਰੋਸ ਦਾ ਮਾਹੌਲ ਹੈ। ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲੇ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਤੁਰੰਤ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਤਾਂ ਜੋ ਸ਼ਹਿਰ ਵਿੱਚ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ। ਉਧਰ ਪੁਲਿਸ ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।