MBBS ਦਾਖ਼ਲੇ ਦੇ ਨਾਂ 'ਤੇ 21 ਲੱਖ ਦੀ ਠੱਗੀ, 2 ਮੁਲਜ਼ਮ ਕੀਤੇ ਕਾਬੂ; ਗੁਰੂਗ੍ਰਾਮ ਦਾ ਸੈਂਟਰ ਬੰਦ ਕਰ ਰਾਏਪੁਰ 'ਚ ‘ਬ੍ਰਾਈਟਮਾਰਗ’ ਦੇ ਨਾਂ ਹੇਠ ਚਲਾ ਰਹੇ ਸੀ ਧੰਦਾ
ਸਾਈਬਰ ਕ੍ਰਾਈਮ ਥਾਣਾ ਪਠਾਨਕੋਟ ਦੇ ਐੱਸਐੱਚਓ ਅਮਿਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤਕਨੀਕੀ ਜਾਂਚ ਨੂੰ ਅੱਗੇ ਵਧਾਉਂਦਿਆਂ ਰਾਏਪੁਰ ਵਿਖੇ ਕਾਰਵਾਈ ਕਰ ਕੇ ਦੋ ਮੁੱਖ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਿਸ ਵੱਲੋਂ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।
Publish Date: Fri, 02 Oct 2026 03:50 PM (IST)
Updated Date: Fri, 02 Oct 2026 03:54 PM (IST)
ਆਰ. ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਪਠਾਨਕੋਟ ਸਾਈਬਰ ਕ੍ਰਾਈਮ ਪੁਲਿਸ ਨੇ ਨੀਟ ਪਾਸ ਵਿਦਿਆਰਥੀਆਂ ਨੂੰ ਐੱਮਬੀਬੀਐੱਸ 'ਚ ਘੱਟ ਫ਼ੀਸ 'ਤੇ ਦਾਖ਼ਲਾ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁੱਖ ਮੁਲਜ਼ਮਾਂ ਨੂੰ ਰਾਏਪੁਰ, ਛੱਤੀਸਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 48 ਮੋਬਾਈਲ ਫੋਨ, ਜਾਅਲੀ ਸਿਮ ਕਾਰਡ, ਲੈਪਟਾਪ, ਵਿਦਿਆਰਥੀਆਂ ਤੇ ਮੈਡੀਕਲ ਕਾਲਜਾਂ ਨਾਲ ਸਬੰਧਤ ਡਾਟਾ ਅਤੇ ਜਾਅਲੀ ਦਸਤਾਵੇਜ਼ਾਂ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ।
ਐੱਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪਠਾਨਕੋਟ ਵਾਸੀ ਵਿਕਰਮਜੀਤ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ 'ਤੇ ਸਾਈਬਰ ਕ੍ਰਾਈਮ ਥਾਣਾ ਪਠਾਨਕੋਟ ਵਿਖੇ ਮੁਕੱਦਮਾ ਨੰਬਰ 21 ਮਿਤੀ 7 ਅਗਸਤ 2026 ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318(4), 61(2), 336(2), 336(3), 340(2), 111 ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66(ਡੀ) ਤਹਿਤ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਦੇ ਬੇਟੇ ਨੇ ਸਾਲ 2025 'ਚ ਨੀਟ ਦੀ ਪ੍ਰੀਖਿਆ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਗੁਰੂਗ੍ਰਾਮ, ਹਰਿਆਣਾ ਸਥਿਤ ‘ਦਿ ਐਡਮਿਸ਼ਨ ਸਲਿਊਸ਼ਨ’ ਨਾਂ ਦੇ ਕਾਊਂਸਲਿੰਗ ਸੈਂਟਰ ਤੋਂ ਫੋਨ ਆਉਣੇ ਸ਼ੁਰੂ ਹੋਏ। ਫੋਨ ਕਰਨ ਵਾਲਿਆਂ ਨੇ ਘੱਟ ਫ਼ੀਸ 'ਤੇ ਕਿਸੇ ਵੱਡੇ ਮੈਡੀਕਲ ਕਾਲਜ 'ਚ ਐੱਮਬੀਬੀਐੱਸ ਦੀ ਸੀਟ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੀਆਂ ਗੱਲਾਂ 'ਚ ਆ ਕੇ ਸ਼ਿਕਾਇਤਕਰਤਾ ਨੇ ਵੱਖ-ਵੱਖ ਬੈਂਕ ਖਾਤਿਆਂ 'ਚ ਕਰੀਬ 21 ਲੱਖ ਰੁਪਏ ਟਰਾਂਸਫ਼ਰ ਕਰ ਦਿੱਤੇ। ਕੁਝ ਸਮੇਂ ਬਾਅਦ ਕਾਊਂਸਲਿੰਗ ਸੈਂਟਰ ਬੰਦ ਕਰ ਦਿੱਤਾ ਗਿਆ ਅਤੇ ਮੁਲਜ਼ਮ ਸੰਪਰਕ ਤੋਂ ਬਾਹਰ ਹੋ ਗਏ।
ਨਾਂ ਬਦਲ ਕੇ ਰਾਏਪੁਰ 'ਚ ਖੋਲ੍ਹ ਲਿਆ ਨਵਾਂ ਸੈਂਟਰ
ਮਾਮਲੇ ਦੀ ਤਫ਼ਤੀਸ਼ ਦੌਰਾਨ ਸਾਈਬਰ ਕ੍ਰਾਈਮ ਪੁਲਿਸ ਨੇ ਤਕਨੀਕੀ ਢੰਗ ਨਾਲ ਜਾਂਚ ਕਰਦਿਆਂ ਮੁਲਜ਼ਮਾਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਇਆ। ਜਾਂਚ 'ਚ ਸਾਹਮਣੇ ਆਇਆ ਕਿ ਗੁਰੂਗ੍ਰਾਮ 'ਚ ‘ਦਿ ਐਡਮਿਸ਼ਨ ਸਲਿਊਸ਼ਨ’ ਦੇ ਨਾਂ ਹੇਠ ਚੱਲ ਰਿਹਾ ਸੈਂਟਰ ਬੰਦ ਕਰਕੇ ਮੁਲਜ਼ਮਾਂ ਨੇ ਰਾਏਪੁਰ 'ਚ ‘ਬ੍ਰਾਈਟਮਾਰਗ’ ਦੇ ਨਾਂ ਹੇਠ ਨਵਾਂ ਕਾਊਂਸਲਿੰਗ ਸੈਂਟਰ ਖੋਲ੍ਹ ਲਿਆ ਸੀ। ਅਸਲ ਪਛਾਣ ਲੁਕਾਉਣ ਲਈ ਜਾਅਲੀ ਆਧਾਰ, ਪੈਨ ਤੇ ਹੋਰ ਦਸਤਾਵੇਜ਼ ਵਰਤੇ ਜਾ ਰਹੇ ਸਨ।
ਸਾਈਬਰ ਕ੍ਰਾਈਮ ਥਾਣਾ ਪਠਾਨਕੋਟ ਦੇ ਐੱਸਐੱਚਓ ਅਮਿਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤਕਨੀਕੀ ਜਾਂਚ ਨੂੰ ਅੱਗੇ ਵਧਾਉਂਦਿਆਂ ਰਾਏਪੁਰ ਵਿਖੇ ਕਾਰਵਾਈ ਕਰ ਕੇ ਦੋ ਮੁੱਖ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਿਸ ਵੱਲੋਂ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।
48 ਮੋਬਾਈਲ, ਜਾਅਲੀ ਦਸਤਾਵੇਜ਼ ਤੇ ਸਕਾਰਪੀਓ ਬਰਾਮਦ
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬੰਟੀ ਕੁਮਾਰ ਤਿਵਾੜੀ ਪੁੱਤਰ ਸ਼ਿਵ ਕੁਮਾਰ ਤੀਵਾਰੀ ਵਾਸੀ ਬਿਹਾਰ ਅਤੇ ਮੁਹੰਮਦ ਜੁਬੇਰ ਪੁੱਤਰ ਸ਼ੇਰ ਖਾਨ ਵਾਸੀ ਦਿੱਲੀ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 3 ਲੈਪਟਾਪ, 48 ਮੋਬਾਈਲ ਫੋਨ ਸਮੇਤ ਜਾਅਲੀ ਸਿਮ ਕਾਰਡ, ਵਿਦਿਆਰਥੀਆਂ ਅਤੇ ਐੱਮਬੀਬੀਐੱਸ ਕਾਲਜਾਂ ਨਾਲ ਸਬੰਧਤ ਡਾਟਾ, ਦਫ਼ਤਰੀ ਡਾਇਰੀਆਂ, ਜਾਅਲੀ ਦਸਤਾਵੇਜ਼, 3 ਡੈਬਿਟ ਕਾਰਡ, 3 ਜਾਅਲੀ ਆਧਾਰ ਕਾਰਡ ਅਤੇ ਇਕ ਸਕਾਰਪੀਓ-ਐੱਨ ਗੱਡੀ ਬਰਾਮਦ ਕੀਤੀ ਹੈ।
ਪੁਲਿਸ ਦੀ ਮੁੱਢਲੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਕੌਂਸਲਿੰਗ ਸੈਂਟਰ ਦਾ ਇਹ ਨੈੱਟਵਰਕ ਵੱਖ-ਵੱਖ ਨਾਵਾਂ ਹੇਠ ਕਈ ਸੂਬਿਆਂ 'ਚ ਸਰਗਰਮ ਹੋ ਸਕਦਾ ਹੈ ਅਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਦਾਖ਼ਲੇ ਦਾ ਝਾਂਸਾ ਦੇ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਨੈੱਟਵਰਕ ਨਾਲ ਜੁੜੇ ਹੋਰ ਮੁੱਖ ਵਿਅਕਤੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਯਤਨ ਜਾਰੀ ਹਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੈਡੀਕਲ ਜਾਂ ਹੋਰ ਕੋਰਸਾਂ 'ਚ ਦਾਖ਼ਲੇ ਲਈ ਕਿਸੇ ਅਣਜਾਣ ਵਿਅਕਤੀ ਦੇ ਝਾਂਸੇ 'ਚ ਆ ਕੇ ਪੈਸੇ ਟਰਾਂਸਫ਼ਰ ਨਾ ਕਰਨ ਅਤੇ ਆਪਣਾ ਓਟੀਪੀ, ਪਿੰਨ ਜਾਂ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰਨ। ਕਿਸੇ ਵੀ ਤਰ੍ਹਾਂ ਦੀ ਆਨਲਾਈਨ ਠੱਗੀ ਹੋਣ 'ਤੇ ਤੁਰੰਤ 1930 'ਤੇ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ।