ਡੀਐਸਪੀ (ਡੀ) ਵਿਪਿਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਟੋਲ ਪਲਾਜ਼ਿਆਂ 'ਤੇ ਇਹੀ ਕਾਰਡ ਦਿਖਾ ਕੇ ਬਿਨਾਂ ਪਰਚੀ ਕਟਵਾਏ ਲੰਘ ਰਹੇ ਸਨ। ਕਾਰਡ 'ਤੇ ਕਾਂਸਟੇਬਲ ਸੁਨੀਲ ਸ਼ਰਮਾ ਦਾ ਨਾਮ ਦਰਜ ਸੀ। ਇਸ ਸਬੰਧੀ ਅੰਮ੍ਰਿਤਸਰ ਪੁਲਿਸ ਲਾਈਨ ਵਿੱਚ ਤਾਇਨਾਤ ਅਸਲ ਕਾਂਸਟੇਬਲ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਆਰ ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਪਠਾਨਕੋਟ 'ਚ ਸੁਰੱਖਿਆ ਪ੍ਰਬੰਧਾਂ ਦਰਮਿਆਨ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਏਅਰਬੇਸ ਸਟੇਸ਼ਨ ਨੌਸ਼ਹਿਰਾ ਨਲਬੰਦਾ ਦੇ ਪਿੱਛੇ ਲਗਾਏ ਗਏ ਵਿਸ਼ੇਸ਼ ਨਾਕੇ ਦੌਰਾਨ ਪੁਲਿਸ ਨੇ ਇਕ ਸ਼ੱਕੀ ਕਾਰ ਨੂੰ ਰੋਕ ਕੇ ਉਸ ਵਿਚ ਸਵਾਰ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ, ਜੋ ਆਪਣੇ-ਆਪ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਦੱਸ ਕੇ ਪੁਲਿਸ ਅਤੇ ਟੋਲ ਪਲਾਜ਼ਿਆਂ ਨੂੰ ਚਕਮਾ ਦੇ ਰਹੇ ਸਨ।
ਡੀਐਸਪੀ (ਡੀ) ਵਿਪਿਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਐਸਆਈ ਸਰਤਾਜ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਨੌਸ਼ਹਿਰਾ ਨਲਬੰਦਾ ਨੇੜੇ ਵਿਸ਼ੇਸ਼ ਨਾਕੇ 'ਤੇ ਤਾਇਨਾਤ ਸਨ। ਦੇਰ ਰਾਤ ਕਰੀਬ 11 ਵਜੇ ਪਿੰਡ ਪੰਜੂਪੁਰ ਵੱਲੋਂ ਆ ਰਹੀ ਆਈ-20 ਕਾਰ ਨੰਬਰ ਪੀ.ਬੀ.07 ਬੀ.ਡੀ.5949 ਨੂੰ ਰੋਕਿਆ ਗਿਆ। ਕਾਰ 'ਚ ਤਿੰਨ ਨੌਜਵਾਨ ਸਵਾਰ ਸਨ।
ਪੁੱਛਗਿੱਛ ਦੌਰਾਨ ਕਾਰ ਚਲਾ ਰਹੇ ਨੌਜਵਾਨ ਨੇ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਕਾਂਸਟੇਬਲ ਸੁਨੀਲ ਸ਼ਰਮਾ ਦੱਸਦਿਆਂ ਇਕ ਪੁਲਿਸ ਪਛਾਣ ਪੱਤਰ ਵੀ ਦਿਖਾਇਆ ਅਤੇ ਕਿਹਾ ਕਿ ਉਹ ਖੁਫੀਆ ਡਿਊਟੀ 'ਤੇ ਤਾਇਨਾਤ ਹਨ। ਪੁਲਿਸ ਨੂੰ ਸ਼ੱਕ ਹੋਣ 'ਤੇ ਏਐਸਆਈ ਸਰਤਾਜ ਸਿੰਘ ਨੇ ਦਿਖਾਏ ਗਏ ਆਈਡੀ ਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿਸ ਦੌਰਾਨ ਉਹ ਫਰਜ਼ੀ ਨਿਕਲਿਆ। ਇਸ ਤੋਂ ਬਾਅਦ ਖ਼ਤੀ ਨਾਲ ਕੀਤੀ ਪੁੱਛਗਿੱਛ ਵਿੱਚ ਤਿੰਨਾਂ ਨੌਜਵਾਨਾਂ ਨੇ ਮੰਨਿਆ ਕਿ ਉਨ੍ਹਾਂ ਵਿੱਚੋਂ ਕੋਈ ਵੀ ਪੁਲਿਸ ਵਿਭਾਗ 'ਚ ਨੌਕਰੀ ਨਹੀਂ ਕਰਦਾ।
ਮੁਲਜ਼ਮਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਹੁਸ਼ਿਆਰਪੁਰ ਦੇ ਇਕ ਪੈਟਰੋਲ ਪੰਪ ਨੇੜੇ ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਦਾ ਪਛਾਣ ਪੱਤਰ ਮਿਲਿਆ ਸੀ। ਉਸ ਤੋਂ ਬਾਅਦ ਉਨ੍ਹਾਂ ਯੋਜਨਾ ਬਣਾਈ ਕਿ ਇਸ ਆਈਡੀ ਕਾਰਡ ਦੀ ਵਰਤੋਂ ਕਰ ਕੇ ਟੋਲ ਪਲਾਜ਼ਿਆਂ ਦੀ ਫੀਸ ਤੋਂ ਬਚਿਆ ਜਾ ਸਕੇ ਤੇ ਪੁਲਿਸ ਨਾਕਿਆਂ ਤੋਂ ਵੀ ਆਸਾਨੀ ਨਾਲ ਲੰਘਿਆ ਜਾ ਸਕੇ।
ਡੀਐਸਪੀ (ਡੀ) ਵਿਪਿਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਟੋਲ ਪਲਾਜ਼ਿਆਂ 'ਤੇ ਇਹੀ ਕਾਰਡ ਦਿਖਾ ਕੇ ਬਿਨਾਂ ਪਰਚੀ ਕਟਵਾਏ ਲੰਘ ਰਹੇ ਸਨ। ਕਾਰਡ 'ਤੇ ਕਾਂਸਟੇਬਲ ਸੁਨੀਲ ਸ਼ਰਮਾ ਦਾ ਨਾਮ ਦਰਜ ਸੀ। ਇਸ ਸਬੰਧੀ ਅੰਮ੍ਰਿਤਸਰ ਪੁਲਿਸ ਲਾਈਨ ਵਿੱਚ ਤਾਇਨਾਤ ਅਸਲ ਕਾਂਸਟੇਬਲ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਕੋਲੋਂ ਫਰਜ਼ੀ ਆਈਡੀ ਕਾਰਡ ਅਤੇ ਕਾਰ ਜ਼ਬਤ ਕਰ ਲਈ ਹੈ। ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਅਤੇ ਸਰਕਾਰੀ ਮੁਲਾਜ਼ਮ ਦਾ ਝੂਠਾ ਰੂਪ ਧਾਰਣ ਕਰਨ ਸਬੰਧੀ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।