- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਨੂੰ ਜਾਣ ਵਾਲੀ ਵੰਦੇ ਭਾਰਤ ਟਰੇਨ ਦਾ ਰੂਟ ਬਟਾਲਾ ਗੁਰਦਾਸਪੁਰ ਰਾਹੀਂ ਕਰਕੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਗਈ ਸੀ, ਹੁਣ ਕੇਂਦਰ ਸਰਕਾਰ ਵਲੋਂ ਜ਼ਿਲਾ ਗੁਰਦਾਸਪੁਰ ਦੇ ਲੋਕਾਂ ਨੂੰ ਇਕ ਹੋਰ ਵੱਡਾ ਤੋਹਫਾ ਦਿੰਦੇ ਹੋਏ 1930 ਤੋਂ ਬੰਦ ਪਈ ਕਾਦੀਆਂ-ਬਿਆਸ ਰੇਲਵੇ ਲਾਈਨ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।

-ਵੰਦੇ ਭਾਰਤ ਤੋਂ ਬਾਅਦ ਜ਼ਿਲਾ ਗੁਰਦਾਸਪੁਰ ਨੂੰ ਮਿਲਿਆ ਇਕ ਹੋਰ ਵੱਡਾ ਤੋਫਹਾ
-39.68 ਕਿਲੋਮੀਟਰ ਲੰਬੀ ਬ੍ਰਾਡ ਗੇਜ ਲਾਈਨ ’ਤੇ ਆਵੇਗੀ ਕਰੀਬ 1400 ਕਰੋੜ ਰੁਪਏ ਦੀ ਲਾਗਤ : ਰਵਨੀਤ ਬਿੱਟੂ
ਸ਼ਾਮ ਤਿਵਾੜੀ, ਬਟਾਲਾ, ਪੰਜਾਬੀ ਜਾਗਰਣ : ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਨੂੰ ਜਾਣ ਵਾਲੀ ਵੰਦੇ ਭਾਰਤ ਟਰੇਨ ਦਾ ਰੂਟ ਬਟਾਲਾ ਗੁਰਦਾਸਪੁਰ ਰਾਹੀਂ ਕਰਕੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਗਈ ਸੀ, ਹੁਣ ਕੇਂਦਰ ਸਰਕਾਰ ਵਲੋਂ ਜ਼ਿਲਾ ਗੁਰਦਾਸਪੁਰ ਦੇ ਲੋਕਾਂ ਨੂੰ ਇਕ ਹੋਰ ਵੱਡਾ ਤੋਹਫਾ ਦਿੰਦੇ ਹੋਏ 1930 ਤੋਂ ਬੰਦ ਪਈ ਕਾਦੀਆਂ-ਬਿਆਸ ਰੇਲਵੇ ਲਾਈਨ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਸਰਹੱਦੀ ਜਿਲਾ ਗੁਰਦਾਸਪੁਰ ਦੇ ਲੋਕਾਂ ’ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨੀ ਕੇਂਦਰੀ ਰਾਜ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਇਸ ਪ੍ਰੋਜੈਕਟ ਦੀ ਮੰਜੂਰੀ ਨੂੰ ਲੈ ਕੇ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਕਾਦੀਆਂ ਦੇ ਅਹਿਮਦੀਆ ਜਮਾਤ ਦੇ ਅਹੁਦੇਦਾਰਾਂ ਵਲੋਂ ਸਾਲ 1928-29 ਵਿਚ ਤਤਕਾਲੀਨ ਨਾਰਥ ਵੈਸਟਰਨ ਰੇਲਵੇ ਵਲੋਂ ਇਸਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ 1930 ਦੇ ਦਹਾਕੇ ਦੇ ਸ਼ੁਰੂ ਤੱਕ ਇਸਦਾ ਵੱਡਾ ਹਿੱਸਾ ਤਿਆਰ ਵੀ ਹੋ ਗਿਆ ਸੀ ਪਰ ਬਾਅਦ ਵਿਚ ਇਹ ਪ੍ਰੋਜੈਕਟ ਰੁਕ ਗਿਆ। ਸਰਹੱਦੀ ਖੇਤਰ ਜ਼ਿਲਾ ਗੁਰਦਾਸਪੁਰ ਦੇ ਲੋਕਾਂ ਵਲੋਂ ਇਸ ਰੇਲਵੇ ਲਾਈਨ ਨੂੰ ਸ਼ੁਰੂ ਕਰਨ ਨੂੰ ਲਈ ਪਿਛਲੇ ਲੰਬੇ ਸਮੇਂ ਤੋਂ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਹੁਣ ਕੇਂਦਰ ਸਰਕਾਰ ਅਤੇ ਕੇਂਦਰੀ ਰਾਜ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਯਤਨਾ ਸਦਕਾ ਹੁਣ ਇਹ 100 ਸਾਲ ਪੁਰਾਣਾ ਪ੍ਰੋਜੈਕਟ ਸ਼ੁਰੂ ਹੋ ਜਾ ਰਿਹਾ ਹੈ ਜਿਸਨੂੰ ਲੈ ਕੇ ਜ਼ਿਲਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਕਾਦੀਆਂ ਸ਼ਹਿਰ ਅਤੇ ਰੇਲਵੇ ਸਟੇਸ਼ਨ ਦਾ ਇਤਿਹਾਸ
ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਅੰਗਰੇਜ਼ ਹਕੂਮਤ ਸਮੇਂ ਰੇਲਵੇ ਵਿਭਾਗ ਦੇ ਇੰਚਾਰਜ਼ ਰਹੇ ਜ਼ਫ਼ਰ ਉੱਲ੍ਹਾ ਖਾਂ ਨੇ ਉਸ ਸਮੇਂ ਬਟਾਲਾ ਤੋਂ ਕਾਦੀਆਂ ਰੇਲਵੇ ਲਾਈਨ ਪਾਸ ਕਰਵਾ ਕੇ ਰੇਲ ਗੱਡੀ ਸ਼ੁਰੂ ਕਰਵਾਈ ਸੀ। ਕਾਦੀਆਂ ਵਿੱਚ ਜ਼ਫ਼ਰ ਉੱਲ੍ਹਾ ਖਾਂ ਦੀ ਰਿਹਾਇਸ਼ ਵੀ ਸੀ। ਇਸ ਤੋਂ ਬਾਅਦ 1930 ’ਚ ਕਾਦੀਆਂ ਤੋਂ ਇਸ ਰੇਲਵੇ ਲਾਈਨ ਨੂੰ ਬਿਆਸ ਤੱਕ ਜੋੜਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ। ਕਾਦੀਆਂ ਤੋਂ ਬਿਆਸ ਰੇਲਵੇ ਰੂਟ ਕਾਦੀਆਂ ਤੋਂ ਬਿਆਸ ਵਾਇਆ ਰੇਲ 39.68 ਕਿੱਲੋਮੀਟਰ ਦਾ ਸਫ਼ਰ ਬਣਦਾ ਹੈ, ਜਿਸ ਨੂੰ ਵੰਡ ਤੋਂ ਪਹਿਲਾਂ ਅੰਗਰੇਜ਼ ਹਕੂਮਤ ਸਮੇਂ ਸਰਵੇ ਅਤੇ ਨਿਸ਼ਾਨਦੇਹੀ ਉਪਰੰਤ ਪਾਸ ਕਰ ਦਿੱਤਾ ਸੀ ਅਤੇ ਇਸਦਾ ਰੂਟ ਕਾਦੀਆਂ ਤੋਂ ਪਿੰਡ ਬਸਰਾਵਾਂ, ਭਾਮੜੀ, ਹਰਚੋਵਾਲ ਨਹਿਰ ਪੁਲ, ਸ੍ਰੀ ਹਰਗੋਬਿੰਦਪੁਰ, ਘੁਮਾਣ ਤੋਂ ਸਿੱਧਾ ਬਿਆਸ ਤੱਕ ਬਣਦਾ ਸੀ। ਰੇਲਵੇ ਵਿਭਾਗ ਨੇ ਜ਼ਮੀਨ ਐਕਵਾਇਰ ਕਰਕੇ ਕਾਦੀਆਂ ਤੋਂ ਪਿੰਡ ਭੈਣੀਆਂ ਤੱਕ ਰੇਲ ਪੱਟੜੀਆਂ ਵਿਛਾ ਦਿੱਤੀਆਂ ਸਨ। ਹਰਚੋਵਾਲ ਨਹਿਰ ਤੇ ਬਣੇ ਰੇਲਵੇ ਦੇ ਬੁਰਜ ਅੱਜ ਵੀ ਇਸ ਦੀ ਗਵਾਹੀ ਭਰਦੇ ਹਨ ਪਰ ਭਾਰਤ-ਪਾਕਿ ਵੰਡ ਤੋਂ ਬਾਅਦ ਇਹ ਪ੍ਰੋਜੈਕਟ ਬੰਦ ਹੋ ਗਿਆ। ਲੋਕਾਂ ਨੇ ਪਿੰਡ ਭਾਮੜੀ ਤੱਕ ਵਿਛਾਈ ਰੇਲਵੇ ਲਾਈਨ ਨੂੰ ਉਖਾੜ ਦਿੱਤਾ ਅਤੇ ਇਹ ਲਾਈਨ ਕਾਦੀਆਂ ਸਟੇਸ਼ਨ ਤੋਂ ਅੱਧਾ ਕਿਲੋਮੀਟਰ ਤੱਕ ਹੀ ਸੀਮਤ ਹੋ ਕੇ ਰਹਿ ਗਈ। ਵੱਖ-ਵੱਖ ਸਿਆਸੀ ਲੀਡਰਾਂ ਦੇ ਵੱਲੋਂ ਇਸ ਮੁੱਦੇ ਨੂੰ ਬੜੀ ਵਾਰ ਉਠਾਇਆ ਗਿਆ ਪਰ ਇਹ ਮੁੱਦਾ ਸਿਰਫ ਠੰਡੇ ਬਸਤੇ ਵਿੱਚ ਹੀ ਪੈਂਦਾ ਗਿਆ ਪਰ ਹੁਣ ਕੇਂਦਰ ਸਰਕਾਰ ਵਲੋਂ ਇਸ ਰੇਲਵੇ ਲਾਈਨ ਨੂੰ ਮਨਜ਼ੂਰੀ ਦੇਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
100 ਸਾਲ ਪੁਰਾਣੇ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ, 1400 ਕਰੋੜ ਰੁਪਏ ਦੇ ਕਰੀਬ ਆਵੇਗੀ ਲਾਗਤ : ਰਵਨੀਤ ਬਿੱਟੂ
ਰੇਲ ਭਵਨ ਵਿਖੇ ਗੱਲਬਾਤ ਕਰਦਿਆਂ ਕੇਂਦਰੀ ਰਾਜ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਦੀਆਂ-ਬਿਆਸ ਰੇਲ Çਲੰਕ ਦੀ ਯੋਜਨਤਾ ਬਰਤਾਨਵੀ ਸ਼ਾਸਨ ਦੌਰਾਨ ਬਣਾਈ ਗਈ ਸੀ। ਸਾਲ 1928-29 ਵਿਚ ਤਤਕਾਲੀਨ ਨਾਰਥ ਵੈਸਟਰਨ ਰੇਲਵੇ ਵਲੋਂ ਇਸਨੂੰ ਪ੍ਰਵਾਨਗੀ ਦਿੱਤੀ ਗਈ ਸੀ ਅਤੇ 1930 ਦੇ ਦਹਾਕੇ ਦੇ ਸ਼ੁਰੂ ਤੱਕ ਇਸ ਦਾ ਵੱਡਾ ਹਿੱਸਾ ਤਿਆਰ ਹੋ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਇਹ ਪ੍ਰੋਜੈਕਟ ਰੁਕ ਗਿਆ। ਉਨ੍ਹਾਂ ਕਿਹਾ ਇਸਦੀ ਮਹੱਤਤਾ ਨੂੰ ਦੇਖਦਿਆਂ ਇਸ ਨੂੰ ਸੋਸ਼ਲੀ ਡਿਜਾਇਰੇਬਲ ਰੇਲ ਕਨੈਕਟੀਵਿਟੀ ਪ੍ਰੋਜੈਕਟ ਵਜੋਂ ਮੁੜ ਸ਼ਾਮਲ ਕੀਤਾ ਗਿਆ ਸੀ ਅਤੇ ਸਾਲ 2010-11 ਦੇ ਪੂਰਕ ਰੇਲ ਬਜਟ ਵਿਚ ਵੀ ਇਸਦਾ ਜ਼ਿਕਰ ਕੀਤਾ ਗਿਅ ਸੀ। ਹੁਣ ਇਸ ਪ੍ਰੋਜੈਕਟ ਨੂੰ ਮੁੜ ਗਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਦੀਆਂ (ਜ਼ਿਲਾ ਗੁਰਦਾਸਪੁਰ) ਤੋਂ ਬਿਆਸ (ਜ਼ਿਲਾ ਅੰਮ੍ਰਿਤਸਰ) ਤੱਕ ਬਣਨ ਵਾਲੀ ਇਹ 39.68 ਕਿਲੋਮੀਟਰ ਲੰਬੀ ਬ੍ਰਾਡ ਗੇਜ ਰੇਲ ਲਾਈਨ ’ਤੇ ਲਗਭਗ 1400 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਪ੍ਰੋਜੈਕਟ ਨੂੰ ਉਤਰੀ ਰੇਲਵੇ ਵਲੋਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਝਾ ਇਲਾਕੇ ਲਈ ਇਕ ਵੱਡੀ ਇਤਿਹਾਸਕ ਪ੍ਰਾਪਤੀ ਹੈ।
ਕਿਹੜੇ ਕਿਹੜੇ ਇਲਾਕਿਆਂ ’ਚੋਂ ਗੁਜਰੇਗਾ ਰੇਲ ਮਾਰਗ
ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਕਾਦੀਆਂ ਬਿਆਸ ਪ੍ਰਸਤਾਵਿਤ ਰੇਲ ਮਾਰਗ ਕਾਦੀਆਂ, ਢਪਈ, ਘੁਮਾਣ, ਬੁਤਾਲਾ, ਸਠਿਆਲਾ ਅਤੇ ਬਿਆਸ ਵਰਗੇ ਮਹੱਤਵਪੂਰਨ ਇਲਾਕਿਆਂ ਵਿਚੋਂ ਲੰਘੇਗਾ। ਇਸ ਨਾਲ ਮਾਝੇ ਦੇ ਕਈ ਇਲਾਕਿਆਂ ਨੂੰ ਪਹਿਲੀ ਵਾਰ ਸਿੱਧੀ ਰੇਲ ਕੁਨੈਕਟਵਿਟੀ ਮਿਲੇਗੀ ਅਤੇ ਲੋਕਾਂ ਦੀ ਆਵਾਜਾਈ ਹੋਰ ਸੁਖਾਲੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਤਹਿਤ ਘੁਮਾਣ ਅਤੇ ਬੁਤਾਲਾ ਵਿਖੇ ਦੇ ਕਰਾਸਿੰਗ ਸਟੇਸ਼, 11 ਵੱਡੇ ਪੁਲ, 121 ਛੋਟੇ ਪੁਲ, 54 ਰੋਡ ਅੰਡਰ ਬ੍ਰਿਜ, ਆਧੁਨਿਕ ਤੋਂ ਇਲਾਵਾ ਭਾਰਤ ਦੀ ਸਵਦੇਸ਼ੀ ਟੇ੍ਰਨ ਟੱਕਰ ਰੋਕੂ ਪ੍ਰਣਾਲੀ ‘ਕਵਚ’ ਵੀ ਸਥਾਪਿਤ ਕੀਤੀ ਜਾਵੇਗੀ।
ਕਿਸਾਨਾਂ ਅਤੇ ਵਾਪੀਆਂ ਨੂੰ ਵੀ ਮਿਲੇਗੀ ਵੱਡੀ ਸਹੂਲਤ
ਕਾਦੀਆਂ ਬਿਆਸ ਰੇਲਵੇ ਲਾਈਨ ਦੇ ਸ਼ੁਰੂ ਹੋਣ ਨਾਲ ਜਿਥੇ ਕਿਸਾਨਾਂ, ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ, ਉੱਥੇ ਨਾਲ ਹੀ ਬਿਹਤਰ ਆਵਾਜਾਈ ਸਹੂਲਤ ਦੇ ਨਾਲ ਨਿਵੇਸ਼ , ਉਦਯੋਗ ਅਤੇ ਰੋਜ਼ਗਾਰ ਦੇ ਮੌਕੇ ਵੀ ਵਧਣਗੇ। ਇਸਦੇ ਨਾਲ ਹੀ ਧਾਰਮਿਕ ਸੈਰ ਸਪਾਟੇ ਨੂੰ ਪ੍ਰੋਫੂਲਤ ਕਰਨ ’ਚ ਵੀ ਇਹ ਰੇਲਵੇ ਮਾਰਗ ਬਹੁਤ ਸਹਾਇਕ ਹੋਵੇਗਾ। ਇਸ ਰੇਲਵੇ ਲਾਈਨ ਨਾਲ ਕਾਦੀਆਂ, ਡੇਰਾ ਬਾਬਾ ਜੈਮਲ ਸਿੰਘ ਬਿਆਸ, ਗੁਰਦੁਆਰਾ ਸ਼੍ਰੀ ਅੱਚਲ ਸਾਹਿਬ, ਗੁਰਦੁਆਰਾ ਭਗਤ ਨਾਮਦੇਵ ਜੀ ਘੁਮਾਣ ਅਤੇ ਹੋਰ ਗਈ ਧਾਰਮਿਕ ਅਸਥਾਨਾਂ ਤੱਕ ਪਹੁੰਚ ਹੋਰ ਆਸਾਨ ਹੋਵੇਗੀ।