ਪਠਾਨਕੋਟ ਦੀ UBDC ਨਹਿਰ ’ਚ ਤੈਰਦਾ ਮਿਲਿਆ ਪੁਰਾਣਾ ਜ਼ਿੰਦਾ ਬੰਬ, ਫ਼ੌਜ ਨੇ ਸੰਭਾਲਿਆ ਮੋਰਚਾ; ਡਿਫਿਊਜ਼ ਕਰਨ ਦੀ ਤਿਆਰੀ ਸ਼ੁਰੂ
ਸੂਚਨਾ ਮਿਲਦੇ ਹੀ ਏਐੱਸਆਈ ਜਸਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਇਲਾਕੇ ਨੂੰ ਸੁਰੱਖਿਆ ਦੇ ਮੱਦੇਨਜ਼ਰ ਘੇਰੇ ਵਿੱਚ ਲੈ ਲਿਆ। ਇਸ ਤੋਂ ਬਾਅਦ ਫੌਜ ਦੀ ਟੀਮ ਅਤੇ ਬੰਬ ਨਿਰੋਧਕ ਦਸਤਾ ਵੀ ਮੌਕੇ ’ਤੇ ਪੁੱਜ ਗਿਆ।
Publish Date: Sat, 19 Sep 2026 04:23 PM (IST)
Updated Date: Sat, 19 Sep 2026 04:25 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸੁਜਾਨਪੁਰ-ਜੁਗਿਆਲ ਸੜਕ ’ਤੇ ਯੂਬੀਡੀਸੀ ਨਹਿਰ ਵਿੱਚੋਂ ਪੁਰਾਣਾ ਬੰਬ ਸ਼ੈੱਲ ਮਿਲਣ ਨਾਲ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਫੈਕਟਰੀ ਤੋਂ ਘਰ ਪਰਤ ਰਹੇ ਸ਼ਾਹਪੁਰੀ ਗੇਟ ਵਾਸੀ ਮੋਹਨ ਲਾਲ ਦੀ ਨਜ਼ਰ ਨਹਿਰ ਦੇ ਪਾਣੀ ਵਿੱਚ ਪਈ ਸ਼ੱਕੀ ਵਸਤੂ ’ਤੇ ਪਈ, ਜਿਸ ਦੀ ਬਣਤਰ ਬੰਬ ਵਰਗੀ ਹੋਣ ਕਾਰਨ ਉਸ ਨੇ ਤੁਰੰਤ 112 ’ਤੇ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਏਐੱਸਆਈ ਜਸਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਇਲਾਕੇ ਨੂੰ ਸੁਰੱਖਿਆ ਦੇ ਮੱਦੇਨਜ਼ਰ ਘੇਰੇ ਵਿੱਚ ਲੈ ਲਿਆ। ਇਸ ਤੋਂ ਬਾਅਦ ਫੌਜ ਦੀ ਟੀਮ ਅਤੇ ਬੰਬ ਨਿਰੋਧਕ ਦਸਤਾ ਵੀ ਮੌਕੇ ’ਤੇ ਪੁੱਜ ਗਿਆ।
ਐੱਸਐੱਸਪੀ ਪਠਾਨਕੋਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਯੂਬੀਡੀਸੀ ਵਿੱਚੋਂ ਮਿਲਿਆ ਬੰਬ ਸ਼ੈੱਲ ਪੁਰਾਣਾ ਹੈ ਅਤੇ ਤੇਜ਼ ਪਾਣੀ ਦੇ ਵਹਾਅ ਨਾਲ ਪਿੱਛੋਂ ਵਹਿ ਕੇ ਆਇਆ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦਾ ਪੱਧਰ ਘਟਣ ਕਾਰਨ ਇਹ ਦਿਖਾਈ ਦਿੱਤਾ। ਸੈਨਿਕ ਸੂਤਰਾਂ ਅਨੁਸਾਰ ਸ਼ੈੱਲ ਪੁਰਾਣਾ ਹੋਣ ਦੇ ਬਾਵਜੂਦ ਜ਼ਿੰਦਾ ਹੈ ਅਤੇ ਇਸ ਨੂੰ ਹੱਥ ਲਾਉਣਾ ਖ਼ਤਰਨਾਕ ਹੋ ਸਕਦਾ ਹੈ। ਲੋੜੀਂਦੀ ਕਾਰਵਾਈ ਤੋਂ ਬਾਅਦ ਫੌਜ ਦੀ 103 ਇੰਜੀਨੀਅਰਿੰਗ ਟੀਮ ਵੱਲੋਂ ਇਸ ਨੂੰ ਸੁਰੱਖਿਅਤ ਢੰਗ ਨਾਲ ਨਕਾਰਾ ਕੀਤਾ ਜਾਵੇਗਾ।