- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਮਾਮਲਾ 27 ਅਪ੍ਰੈਲ ਦੀ ਰਾਤ ਦਾ ਹੈ, ਜਦੋਂ ਸ਼ੰਭੂ ਇਲਾਕੇ ’ਚ ਰੇਲਵੇ ਟ੍ਰੈਕ 'ਤੇ ਇਕ ਧਮਾਕਾ ਹੋਇਆ ਸੀ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਰੇਲਵੇ ਟ੍ਰੈਕ 'ਤੇ ਆਈਈਡੀ ਲਗਾਉਣ ਦੀ ਕੋਸ਼ਿਸ਼ ਦੌਰਾਨ ਇਹ ਧਮਾਕਾ ਸਮੇਂ ਤੋਂ ਪਹਿਲਾਂ ਹੀ ਹੋ ਗਿਆ।

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਪਟਿਆਲਾ ਦੇ ਸ਼ੰਭੂ ਨੇੜੇ ਡੈਡੀਕੇਟਿਡ ਫ੍ਰੇਟ ਕਾਰੀਡੋਰ (ਡੀਐੱਫਸੀ) ਰੇਲਵੇ ਟ੍ਰੈਕ 'ਤੇ ਹੋਏ ਧਮਾਕੇ ਦੇ ਮਾਮਲੇ ’ਚ ਰਾਸ਼ਟਰੀ ਜਾਂਚ ਏਜੰਸੀ ਨੇ ਮੁੱਖ ਮੁਲਜ਼ਮ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਪਹਿਲਾਂ ਪਟਿਆਲਾ ਜੇਲ੍ਹ ’ਚ ਬੰਦ ਸੀ, ਜਿੱਥੋਂ ਏਜੰਸੀ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ ’ਚ ਲੈ ਕੇ ਮੁਹਾਲੀ ਦੀ ਵਿਸ਼ੇਸ਼ ਐੱਨਆਈਏ ਅਦਾਲਤ ’ਚ ਪੇਸ਼ ਕੀਤਾ। ਏਜੰਸੀ ਵੱਲੋਂ 14 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ, ਪਰ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ 8 ਦਿਨਾਂ ਦੇ ਐੱਨਆਈਏ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ ਹਨ।
ਰੇਲਵੇ ਟ੍ਰੈਕ 'ਤੇ ਆਈਈਡੀ ਲਗਾਉਂਦੇ ਸਮੇਂ ਹੋਇਆ ਸੀ ਧਮਾਕਾ, ਇਕ ਦੀ ਹੋਈ ਸੀ ਮੌਤ
ਇਹ ਮਾਮਲਾ 27 ਅਪ੍ਰੈਲ ਦੀ ਰਾਤ ਦਾ ਹੈ, ਜਦੋਂ ਸ਼ੰਭੂ ਇਲਾਕੇ ’ਚ ਰੇਲਵੇ ਟ੍ਰੈਕ 'ਤੇ ਇਕ ਧਮਾਕਾ ਹੋਇਆ ਸੀ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਰੇਲਵੇ ਟ੍ਰੈਕ 'ਤੇ ਆਈਈਡੀ ਲਗਾਉਣ ਦੀ ਕੋਸ਼ਿਸ਼ ਦੌਰਾਨ ਇਹ ਧਮਾਕਾ ਸਮੇਂ ਤੋਂ ਪਹਿਲਾਂ ਹੀ ਹੋ ਗਿਆ। ਇਸ ਹਾਦਸੇ ’ਚ ਤਰਨਤਾਰਨ ਦੇ ਪਿੰਡ ਪੰਜਵੜ ਵਾਸੀ ਜਗਰੂਪ ਸਿੰਘ ਉਰਫ਼ ਜੂਪਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਜਾਂਚ ਏਜੰਸੀਆਂ ਮੁਤਾਬਕ ਮ੍ਰਿਤਕ ਜਗਰੂਪ ਸਿੰਘ ਇਸ ਸਾਜ਼ਿਸ਼ ’ਚ ਸਰਗਰਮ ਭੂਮਿਕਾ ਨਿਭਾਅ ਰਿਹਾ ਸੀ ਅਤੇ ਰੇਲਵੇ ਟ੍ਰੈਕ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਦਾ ਹਿੱਸਾ ਸੀ।
ਪਾਕਿਸਤਾਨ ਤੇ ਮਲੇਸ਼ੀਆ ਦੇ ਹੈਂਡਲਰਾਂ ਨਾਲ ਜੁੜੇ ਨੇ ਤਾਰ
ਸੁਰੱਖਿਆ ਏਜੰਸੀਆਂ ਨੂੰ ਮਿਲੇ ਸੁਰਾਗਾਂ ਮੁਤਾਬਕ ਇਹ ਪੂਰਾ ਮਾਡਿਊਲ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ 'ਤੇ ਪੰਜਾਬ ’ਚ ਦਹਿਸ਼ਤ ਫ਼ੈਲਾਉਣ ਤੇ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਰਿਮਾਂਡ ਦੌਰਾਨ ਐੱਨਆਈਏ ਦੀ ਟੀਮ ਗੁਰਜਿੰਦਰ ਸਿੰਘ ਕੋਲੋਂ ਪਾਕਿਸਤਾਨ ਤੇ ਮਲੇਸ਼ੀਆ ’ਚ ਬੈਠੇ ਉਸ ਦੇ ਕਥਿਤ ਵਿਦੇਸ਼ੀ ਹੈਂਡਲਰਾਂ ਨਾਲ ਸਬੰਧਾਂ ਤੇ ਉਨ੍ਹਾਂ ਦੇ ਪੂਰੇ ਨੈੱਟਵਰਕ ਬਾਰੇ ਪੜਤਾਲ ਕਰੇਗੀ।
ਪਹਿਲਾਂ ਵੀ ਫੜੇ ਜਾ ਚੁੱਕੇ ਨੇ ਇਸ ਮਾਡਿਊਲ ਦੇ ਕਈ ਮੁਲਜ਼ਮ
ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ਸੀ। ਜਾਂਚ ਦੌਰਾਨ ਗੁਰਜਿੰਦਰ ਸਿੰਘ (ਜੋ ਕਿ ਗੁਰਦਾਸਪੁਰ ਦੇ ਧਾਰੀਵਾਲ ਖੇਤਰ ਦਾ ਵਾਸੀ ਹੈ ਤੇ ਅੰਮ੍ਰਿਤਸਰ ਤੋਂ ਫੜਿਆ ਗਿਆ ਸੀ) ਸਮੇਤ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਹਥਿਆਰ, ਆਈਈਡੀ ਤੇ ਗ੍ਰਨੇਡ ਵੀ ਬਰਾਮਦ ਹੋਏ ਸਨ। ਗੁਰਜਿੰਦਰ ਤੋਂ ਇਲਾਵਾ ਇਸ ਮਾਡਿਊਲ ’ਚ ਸ਼ਾਮਲ ਮੁਲਜ਼ਮ ਪ੍ਰਦੀਪ ਸਿੰਘ ਖ਼ਾਲਸਾ, ਕੁਲਵਿੰਦਰ ਸਿੰਘ ਬੱਗਾ, ਸਤਨਾਮ ਸਿੰਘ ਸੱਤਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਵੀ ਫੜੇ ਜਾ ਚੁੱਕੇ ਹਨ।
ਸਰਹਿੰਦ ਧਮਾਕਾ ਤੇ ਮੋਗਾ ਗ੍ਰਨੇਡ ਹਮਲੇ ਨਾਲ ਵੀ ਜੁੜੇ ਨੇ ਸਬੰਧ
ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਇਹੋ ਮਾਡਿਊਲ ਜਨਵਰੀ 2026 ’ਚ ਸਰਹਿੰਦ ਰੇਲਵੇ ਟ੍ਰੈਕ 'ਤੇ ਹੋਏ ਧਮਾਕੇ ਤੇ ਮੋਗਾ ’ਚ ਹੋਏ ਗ੍ਰਨੇਡ ਹਮਲੇ ’ਚ ਵੀ ਸ਼ਾਮਲ ਰਿਹਾ ਸੀ।
ਐੱਨਆਈਏ ਹੁਣ ਇਨ੍ਹਾਂ ਮੁੱਖ ਬਿੰਦੂਆਂ 'ਤੇ ਕਰੇਗੀ ਜਾਂਚ
ਐੱਨਆਈਏ ਦੀ ਟੀਮ 8 ਦਿਨ ਦੇ ਰਿਮਾਂਡ ਦੌਰਾਨ ਮੁਲਜ਼ਮ ਗੁਰਜਿੰਦਰ ਸਿੰਘ ਕੋਲੋਂ ਇਸ ਮਾਡਿਊਲ ਨੂੰ ਮਿਲਣ ਵਾਲੀ ਫੰਡਿੰਗ (ਪੈਸਾ) ਕਿੱਥੋਂ ਆ ਰਹੀ ਸੀ, ਹਥਿਆਰਾਂ ਤੇ ਵਿਸਫੋਟਕ ਸਮੱਗਰੀ ਦੀ ਸਪਲਾਈ ਕਿਸ ਨੇ ਕੀਤੀ। ਇਸ ਤੋਂ ਇਲਾਵਾ ਦੇਸ਼ ਵਿਰੋਧੀ ਸਾਜ਼ਿਸ਼ ’ਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ ਤੇ ਵਿਦੇਸ਼ਾਂ ’ਚ ਬੈਠੇ ਸੰਚਾਲਕਾਂ ਦੀ ਇਸ ’ਚ ਕੀ ਭੂਮਿਕਾ ਹੈ, ਸਬੰਧੀ ਤੱਥਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ।