- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੋਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਕੇ ਲੋੜ ਮੁਤਾਬਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਟਾਈਮ-ਟੂ-ਟਾਈਮ ਮਰੀਜ਼ਾਂ ਦੀ ਮਾਨਸਿਕ ਸਿਹਤ ਨੂੰ ਸੁਧਾਰਨ ਅਤੇ ਨਸ਼ਾ ਛੱਡਣ ਦੀ ਇੱਛਾ-ਸ਼ਕਤੀ ਵਧਾਉਣ ਲਈ ਵਿਸ਼ੇਸ਼ ਕਾਊਂਸਲਰ ਤਾਇਨਾਤ ਕੀਤੇ ਗਏ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਲੋਟ : ਇਲਾਕੇ ’ਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਖ਼ਿਲਾਫ਼ ਸਿਹਤ ਵਿਭਾਗ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਗਠਿਤ ਟੀਮ ਨੇ ਪਿੰਡ ਮਲੋਟ (ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਨੇੜੇ) ਅਤੇ ਪਿੰਡ ਕੱਟਿਆਂਵਾਲੀ ਵਿਖੇ ਚੱਲ ਰਹੇ ਦੋ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਇਨ੍ਹਾਂ ਕੇਂਦਰਾਂ ਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ ਅਤੇ ਉੱਥੇ ਰੱਖੇ ਗਏ ਕਰੀਬ 45 ਤੋਂ 46 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਸਿਵਲ ਹਸਪਤਾਲ ਮਲੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਸਿਹਤ ਅਧਿਕਾਰੀਆਂ ਅਨੁਸਾਰ, ਸਰਕਾਰੀ ਹਸਪਤਾਲ ਦੇ ਅੰਦਰ ਬਣੇ 20 ਬੈੱਡਾਂ ਦੇ ਅਧਿਕਾਰਤ ਡੀ-ਅਡਿਕਸ਼ਨ ਸੈਂਟਰ (ਨਸ਼ਾ ਛੁਡਾਊ ਕੇਂਦਰ) ’ਚ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ। ਮਨੋਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਕੇ ਲੋੜ ਮੁਤਾਬਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਟਾਈਮ-ਟੂ-ਟਾਈਮ ਮਰੀਜ਼ਾਂ ਦੀ ਮਾਨਸਿਕ ਸਿਹਤ ਨੂੰ ਸੁਧਾਰਨ ਅਤੇ ਨਸ਼ਾ ਛੱਡਣ ਦੀ ਇੱਛਾ-ਸ਼ਕਤੀ ਵਧਾਉਣ ਲਈ ਵਿਸ਼ੇਸ਼ ਕਾਊਂਸਲਰ ਤਾਇਨਾਤ ਕੀਤੇ ਗਏ ਹਨ। ਮਰੀਜ਼ਾਂ ਦੇ ਹਸਪਤਾਲ ’ਚ ਰਹਿਣ, ਖਾਣ-ਪੀਣ ਤੇ ਸਿਹਤਮੰਦ ਰਹਿਣ ਲਈ ਕਸਰਤ/ਐਕਸਰਸਾਈਜ਼ ਦਾ ਪੂਰਾ ਪ੍ਰਬੰਧ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਨਸ਼ਾ ਛੁਡਾਉਣ ਲਈ ਕੇਵਲ ਸਰਕਾਰੀ ਕੇਂਦਰਾਂ ਦੀ ਹੀ ਮਦਦ ਲਵੋ। ਸਿਹਤ ਵਿਭਾਗ ਨੇ ਆਮ ਲੋਕਾਂ ਅਤੇ ਪੀੜਤ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਪਰਿਵਾਰਕ ਮੈਂਬਰ ਜਾਂ ਦੋਸਤ ਨਸ਼ੇ ਦੀ ਦਲਦਲ ’ਚ ਫਸਿਆ ਹੋਇਆ ਹੈ, ਤਾਂ ਉਸ ਨੂੰ ਕਿਸੇ ਵੀ ਨਿੱਜੀ ਜਾਂ ਗੈਰ-ਕਾਨੂੰਨੀ ਕੇਂਦਰ ’ਚ ਭੇਜ ਕੇ ਉਸ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕੀਤਾ ਜਾਵੇ। ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ’ਚ ਬਹੁਤ ਹੀ ਸੁਚੱਜੇ ਅਤੇ ਆਧੁਨਿਕ ਉਪਰਾਲੇ ਕੀਤੇ ਗਏ ਹਨ, ਜਿੱਥੇ ਮਾਹਿਰਾਂ ਦੀ ਦੇਖਰੇਖ ਹੇਠ ਸਾਰੀਆਂ ਸਹੂਲਤਾਂ ਮੁਫ਼ਤ ਉਪਲਬਧ ਹਨ। ਇਸ ਲਈ ਹਮੇਸ਼ਾ ਮਾਨਤਾ ਪ੍ਰਾਪਤ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਨਾਲ ਹੀ ਸੰਪਰਕ ਕੀਤਾ ਜਾਵੇ।