- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਪਹਿਲੇ ਹੀ ਓਵਰ ਵਿੱਚ ਉਸ ਨੇ ਅਫ਼ਗਾਨਿਸਤਾਨ ਦੇ ਓਪਨਰ ਇਬਰਾਹਿਮ ਜ਼ਾਦਰਾਨ ਦਾ ਵਿਕਟ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਏ ਇਸ ਮੈਚ ’ਚ ਗੁਰਨੂਰ ਨੇ 4.5 ਓਵਰਾਂ ’ਚ ਸਿਰਫ਼ 27 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਂ ਕੀਤਾ।

ਚੇਤਨ ਭੂਰਾ, ਪੰਜਾਬੀ ਜਾਗਰਣ , ਲੰਬੀ, (ਸ੍ਰੀ ਮੁਕਤਸਰ ਸਾਹਿਬ) : ਮੁਕਤਸਰ ਦੇ ਲੰਬੀ ਖੇਤਰ ਦੇ ਪਿੰਡ ਖਿਓਵਾਲੀ ਲਈ ਸ਼ਨੀਵਾਰ ਦਾ ਦਿਨ ਇਤਿਹਾਸਕ ਬਣ ਗਿਆ। ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਧਰਮਸ਼ਾਲਾ ’ਚ ਖੇਡੇ ਗਏ ਪਹਿਲੇ ਇਕ ਦਿਨਾ ਮੈਚ ’ਚ ਖਿਓਵਾਲੀ ਦੇ ਰਹਿਣ ਵਾਲੇ 6.5 ਫੁੱਟ ਲੰਬੇ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੇ ਟੀਮ ਇੰਡੀਆ ਦੀ ਜਰਸੀ ਪਾ ਕੇ ਡੈਬਿਊ ਕੀਤਾ। ਗੁਰਨੂਰ ਨੂੰ ਜਿਵੇਂ ਹੀ ਗੇਂਦ ਫੜਾਈ ਗਈ, ਉਸ ਨੇ ਨਿਰਾਸ਼ ਨਹੀਂ ਕੀਤਾ। ਆਪਣੇ ਪਹਿਲੇ ਹੀ ਓਵਰ ਵਿੱਚ ਉਸ ਨੇ ਅਫ਼ਗਾਨਿਸਤਾਨ ਦੇ ਓਪਨਰ ਇਬਰਾਹਿਮ ਜ਼ਾਦਰਾਨ ਦਾ ਵਿਕਟ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਏ ਇਸ ਮੈਚ ’ਚ ਗੁਰਨੂਰ ਨੇ 4.5 ਓਵਰਾਂ ’ਚ ਸਿਰਫ਼ 27 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਂ ਕੀਤਾ।
ਦੂਜੇ ਪਾਸੇ, ਖਿਓਵਾਲੀ ’ਚ ਗੁਰਨੂਰ ਦੇ ਘਰ ਅਤੇ ਪੂਰੇ ਪਿੰਡ ’ਚ ਜਸ਼ਨ ਵਰਗਾ ਮਾਹੌਲ ਸੀ। ਦਾਦਾ ਅਮਰਜੀਤ ਸਿੰਘ ਬਰਾੜ ਅਤੇ ਦਾਦੀ ਗੁਰਦਾਸ ਕੌਰ ਨੇ ਸਵੇਰ ਤੋਂ ਹੀ ਟੀਵੀ ਦੇ ਸਾਹਮਣੇ ਮੋਰਚਾ ਸੰਭਾਲਿਆ ਹੋਇਆ ਸੀ। ਦਾਦਾ ਅਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਪਤਾ ਲੱਗਾ ਕਿ ਗੁਰਨੂਰ ਅੱਜ ਟੀਮ ਵਿੱਚ ਖੇਡ ਰਿਹਾ ਹੈ ਤਾਂ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਜਿਵੇਂ ਹੀ ਮੈਚ ਸ਼ੁਰੂ ਹੋਇਆ, ਅਸੀਂ ਸਾਰੇ ਕੰਮ ਛੱਡ ਕੇ ਟੀਵੀ ਅੱਗੇ ਬੈਠ ਗਏ। ਪਿੰਡ ਦੇ ਲੋਕ ਵੀ ਘਰ ਆ ਗਏ ਸਨ।
---
ਕੱਪੜੇ ਧੋਣ ਵਾਲੇ ਥਾਪੇ ਤੋਂ ਸ਼ੁਰੂ ਹੋਇਆ ਸੀ ਕ੍ਰਿਕਟ ਦਾ ਸਫ਼ਰ
ਪੋਤੇ ਨੂੰ ਦੇਸ਼ ਲਈ ਖੇਡਦਾ ਵੇਖ ਕੇ ਦਾਦੀ ਗੁਰਦਾਸ ਕੌਰ ਦੀਆਂ ਅੱਖਾਂ ਮਾਣ ਨਾਲ ਭਰ ਆਈਆਂ। ਉਨ੍ਹਾਂ ਦੱਸਿਆ ਕਿ ਬਚਪਨ ’ਚ ਗੁਰਨੂਰ ਜਦੋਂ ਪਿੰਡ ਆਉਂਦਾ ਸੀ ਤਾਂ ਕੱਪੜੇ ਧੋਣ ਵਾਲੇ ਥਾਪੇ ਨਾਲ ਹੀ ਕ੍ਰਿਕਟ ਖੇਡਦਾ ਸੀ। ਸਕੂਲ ’ਚ ਫੁੱਟਬਾਲ-ਟੈਨਿਸ ਖੇਡਦਾ ਸੀ, ਪਰ ਦੋਸਤਾਂ ਨੇ ਉਸ ਦਾ ਲੰਬਾ ਕੱਦ-ਕਾਠ ਦੇਖ ਕੇ ਤੇਜ਼ ਗੇਂਦਬਾਜ਼ ਬਣਨ ਲਈ ਕਿਹਾ। ਗੁਰਦਾਸ ਕੌਰ ਨੇ ਕਿਹਾ ਕਿ ਪਹਿਲਾਂ ਉਹ ਟੀਵੀ ’ਤੇ ਦੂਜਿਆਂ ਦੇ ਪੋਤਿਆਂ ਨੂੰ ਖੇਡਦੇ ਦੇਖਦੀ ਸੀ। ਅੱਜ ਆਪਣੇ ਪੋਤੇ ਨੂੰ ਇੰਡੀਆ ਲਈ ਖੇਡਦੇ ਦੇਖਿਆ ਤਾਂ ਦਿਲ ਖ਼ੁਸ਼ ਹੋ ਗਿਆ। ਉਸ ਨੇ ਦੱਸਿਆ ਕਿ ਗੁਰਨੂਰ ਅਕਸਰ ਸਮਾਂ ਕੱਢ ਕੇ ਪਿੰਡ ਆ ਕੇ ਦਾਦਾ-ਦਾਦੀ ਨੂੰ ਮਿਲਦਾ ਰਹਿੰਦਾ ਹੈ। ਖਿਓਵਾਲੀ ਦੇ ਲੋਕਾਂ ਨੂੰ ਹੁਣ ਉਮੀਦ ਹੈ ਕਿ ਗੁਰਨੂਰ ਦੀ ਜਲਦੀ ਹੀ ਟੀਮ ਇੰਡੀਆ ’ਚ ਲਗਾਤਾਰ ਚੋਣ ਹੋਵੇਗੀ ਅਤੇ ਉਹ ਭਾਰਤ ਲਈ ਖੇਡ ਕੇ ਦੇਸ਼ ਦਾ ਨਾਂ ਰੌਸ਼ਨ ਕਰੇਗਾ।
---
ਗੁਰਨੂਰ ਦਾ ਸਫ਼ਰ
ਜਨਮ: 25 ਮਈ 2000, ਚੰਡੀਗੜ੍ਹ
ਪਿਤਾ: ਸੁਖਵੀਰ ਸਿੰਘ, ਪੰਜਾਬ ਪੁਲਿਸ ’ਚ ਏਐੱਸਆਈ (ASI), 1998 ਤੋਂ ਚੰਡੀਗੜ੍ਹ ’ਚ ਤਾਇਨਾਤ
ਰਿਕਾਰਡ: ਇੰਡੀਆ-ਏ ਲਈ 18 ਫਸਟ ਕਲਾਸ ਮੈਚਾਂ ਵਿੱਚ 12 ਵਿਕਟਾਂ
ਖ਼ਾਸੀਅਤ: ਨਵੀਂ ਅਤੇ ਪੁਰਾਣੀ ਦੋਵਾਂ ਗੇਂਦਾਂ ਨਾਲ ਵਿਕਟਾਂ ਕੱਢਣ ਵਿੱਚ ਮਾਹਰ