- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੇਅਰਪਰਸਨ ਦੇ ਅਹੁਦੇ ਲਈ ਦੋ ਉਮੀਦਵਾਰ ਗੁਰਵਿੰਦਰ ਕੌਰ ਅਤੇ ਜਸਪ੍ਰੀਤ ਕੌਰ ਮੈਦਾਨ ਵਿਚ ਸਨ। ਮੈਂਬਰਾਂ ਦੀ ਵੋਟਿੰਗ ਦੌਰਾਨ 'ਆਪ' ਨੂੰ 8 ਵੋਟਾਂ ਮਿਲੀਆਂ, ਸ਼੍ਰੋਅਦ ਨੂੰ 7 ਅਤੇ 1 ਵੋਟ ਰੱਦ ਹੋ ਗਈ। ਕਾਂਗਰਸ ਨਾਲ ਸਬੰਧਤ ਇਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੈਰ-ਹਾਜ਼ਰ ਰਿਹਾ। ਇਸ ਤਰ੍ਹਾਂ ਗੁਰਵਿੰਦਰ ਕੌਰ ਚੇਅਰਪਰਸਨ ਚੁਣੀ ਗਈ।

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਖੇ ਮੰਗਲਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ। ਵੋਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ (AAP) ਦੀ ਗੁਰਵਿੰਦਰ ਕੌਰ ਬਰਾੜ ਮਲੋਟ ਨੂੰ ਚੇਅਰਪਰਸਨ ਚੁਣਿਆ ਗਿਆ। ਦੂਜੇ ਪਾਸੇ, ਵਾਈਸ ਚੇਅਰਪਰਸਨ ਵਜੋਂ ਸ਼੍ਰੋਮਣੀ ਅਕਾਲੀ ਦਲ ਦੀ ਕੁਲਵਿੰਦਰ ਕੌਰ ਜੱਸੀਆਣਾ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ, ਕਿਉਂਕਿ 'ਆਪ' ਕੋਲ ਵਾਈਸ ਚੇਅਰਮੈਨ ਪਦ ਲਈ ਕੋਈ ਉਮੀਦਵਾਰ ਨਹੀਂ ਸੀ। ਇਹ ਸਾਰੀ ਪ੍ਰਕਿਰਿਆ ਰੈੱਡ ਕਰਾਸ ਭਵਨ ਵਿਖੇ ਨੇਪਰੇ ਚੜ੍ਹੀ।
ਸ਼੍ਰੋਮਣੀ ਅਕਾਲੀ ਦਲ ਨੇ ਇਸ ਚੋਣ ਪ੍ਰਕਿਰਿਆ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਪ੍ਰਸ਼ਾਸਨ ਨੇ ਸੱਤਾ ਪੱਖ ਦੇ ਇਸ਼ਾਰੇ 'ਤੇ ਸ਼ਰੇਆਮ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜ਼ਿਲ੍ਹੇ ਦੀਆਂ 13 ਸੀਟਾਂ 'ਚੋਂ 7 ਸ਼੍ਰੋਅਦ ਕੋਲ ਸਨ, ਜਦਕਿ 'ਆਪ' ਕੋਲ ਸਿਰਫ਼ 5 ਅਤੇ ਕਾਂਗਰਸ ਕੋਲ 1 ਮੈਂਬਰ ਸੀ। ਅਜਿਹੇ ਹਾਲਾਤ 'ਚ ਚੇਅਰਮੈਨ ਸ਼੍ਰੋਅਦ ਦਾ ਬਣਨਾ ਚਾਹੀਦਾ ਸੀ।
ਅਕਾਲੀ ਆਗੂ ਮਨਜਿੰਦਰ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਬਲਾਕ ਸੰਮਤੀ ਦੇ ਦੋ ਚੇਅਰਮੈਨਾਂ ਸਮੇਤ ਉਨ੍ਹਾਂ ਕੋਲ 9 ਮੈਂਬਰ ਸਨ। ਉਨ੍ਹਾਂ ਕਿਹਾ ਕਿ ਸਾਡੀ ਇਕ ਵੋਟ ਰੱਦ ਕਰ ਦਿੱਤੀ ਗਈ ਤੇ ਇੱਕ ਮੈਂਬਰ ਦੀ ਵੋਟ ਨੂੰ ਧੱਕੇ ਨਾਲ 'ਆਪ' 'ਚ ਸ਼ਾਮਲ ਕਰ ਕੇ ਸਾਨੂੰ 8-7 ਦੇ ਫਰਕ ਨਾਲ ਹਰਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਐਸਡੀਐਮ ਨੇ ਮੰਤਰੀ ਅਤੇ ਵਿਧਾਇਕ ਦੇ ਦਬਾਅ ਹੇਠ ਆ ਕੇ ਮਨਮਾਨੀ ਕੀਤੀ ਹੈ। ਸ਼੍ਰੋਅਦ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਪੂਰੇ ਮਾਮਲੇ ਨੂੰ ਹਾਈਕੋਰਟ 'ਚ ਚੁਣੌਤੀ ਦੇਣਗੇ।
ਐਸਡੀਐਮ ਗੁਰਕਿਰਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੁੱਲ 17 ਮੈਂਬਰ ਹਨ, ਜਿਨ੍ਹਾਂ ਵਿੱਚ 13 ਜ਼ਿਲ੍ਹਾ ਪ੍ਰੀਸ਼ਦ ਦੇ ਅਤੇ 4 ਬਲਾਕ ਸੰਮਤੀ ਦੇ ਚੇਅਰਮੈਨ ਸ਼ਾਮਲ ਹਨ। ਅੱਜ ਚੋਣ ਦੌਰਾਨ 16 ਮੈਂਬਰ ਹਾਜ਼ਰ ਹੋਏ। ਚੇਅਰਪਰਸਨ ਦੇ ਅਹੁਦੇ ਲਈ ਦੋ ਉਮੀਦਵਾਰ ਗੁਰਵਿੰਦਰ ਕੌਰ ਅਤੇ ਜਸਪ੍ਰੀਤ ਕੌਰ ਮੈਦਾਨ 'ਚ ਸਨ। ਮੈਂਬਰਾਂ ਦੀ ਵੋਟਿੰਗ ਦੌਰਾਨ 'ਆਪ' ਨੂੰ 8 ਵੋਟਾਂ ਮਿਲੀਆਂ, ਸ਼੍ਰੋਅਦ ਨੂੰ 7 ਅਤੇ 1 ਵੋਟ ਰੱਦ ਹੋ ਗਈ। ਕਾਂਗਰਸ ਨਾਲ ਸਬੰਧਤ ਇੱਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੈਰ-ਹਾਜ਼ਰ ਰਿਹਾ। ਇਸ ਤਰ੍ਹਾਂ ਗੁਰਵਿੰਦਰ ਕੌਰ ਚੇਅਰਪਰਸਨ ਚੁਣੀ ਗਈ। ਉਨ੍ਹਾਂ ਕਿਹਾ ਕਿ ਸਾਰੀ ਪ੍ਰਕਿਰਿਆ ਕੈਮਰੇ ਦੀ ਨਿਗਰਾਨੀ ਹੇਠ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਦੀ ਮੌਜੂਦਗੀ 'ਚ ਪਾਰਦਰਸ਼ੀ ਢੰਗ ਨਾਲ ਹੋਈ ਹੈ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਲਟਵਾਰ ਕਰਦਿਆਂ ਕਿਹਾ ਕਿ ਹਾਰ ਤੋਂ ਬਾਅਦ ਝੂਠ ਬੋਲਣਾ ਸ਼੍ਰੋਅਦ ਦੀ ਪੁਰਾਣੀ ਆਦਤ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ 'ਚ ਕਿਸੇ ਕਿਸਮ ਦੀ ਕੋਈ ਧੱਕੇਸ਼ਾਹੀ ਨਹੀਂ ਹੁੰਦੀ ਅਤੇ ਚੋਣਾਂ ਪੂਰੀ ਕਾਨੂੰਨੀ ਪ੍ਰਕਿਰਿਆ ਤਹਿਤ ਹੋਈਆਂ ਹਨ।